ਭਾਰਤੀ ਹਾਕੀ ਟੀਮ ਦੀ ਜਿੱਤ ’ਤੇ ਕਪਤਾਨ ਹਰਮਨਪ੍ਰੀਤ ਸਿੰਘ ਦੇ ਪਿਤਾ ਨੇ ਜ਼ਾਹਰ ਕੀਤੀ ਖੁਸ਼ੀ

0
5

ਅੰਮ੍ਰਿਤਸਰ, 3 ਅਕਤੂਬਰ: ਭਾਰਤੀ ਹਾਕੀ ਟੀਮ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਦੇਸ਼ ਭਰ ਵਿੱਚ ਖੁਸ਼ੀ ਦਾ ਮਾਹੌਲ ਹੈ। ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ, ਜਿਨ੍ਹਾਂ ਨੂੰ ਪਿਆਰ ਨਾਲ ‘ਸਰਪੰਚ’ ਕਿਹਾ ਜਾਂਦਾ ਹੈ, ਦੇ ਪਿਤਾ ਸਰਬਜੀਤ ਸਿੰਘ ਨੇ ਇਸ ਜਿੱਤ ’ਤੇ ਖੁਸ਼ੀ ਅਤੇ ਮਾਣ ਦਾ ਪ੍ਰਗਟਾਵਾ ਕੀਤਾ।

ਸਰਬਜੀਤ ਸਿੰਘ ਨੇ ਕਿਹਾ ਕਿ ਟੀਮ ਦੇ ਗੋਲਡ ਮੈਡਲ ਜਿੱਤਣ ਨਾਲ ਪੂਰੇ ਦੇਸ਼ ਦਾ ਮਾਣ ਵਧਿਆ ਹੈ। ਉਨ੍ਹਾਂ ਕਿਹਾ ਕਿ ਕਪਤਾਨ ਹੋਣ ਕਰਕੇ ਹਰਮਨਪ੍ਰੀਤ ਸਿੰਘ ’ਤੇ ਵੱਡੀ ਜ਼ਿੰਮੇਵਾਰੀ ਸੀ, ਪਰ ਇਹ ਜਿੱਤ ਕਿਸੇ ਇੱਕ ਖਿਡਾਰੀ ਦੀ ਨਹੀਂ, ਸਗੋਂ ਪੂਰੀ ਟੀਮ ਦੀ ਮਿਹਨਤ ਦਾ ਨਤੀਜਾ ਹੈ।

ਮੁੰਡਿਆਂ ਦੇ ਨਾਲ ਕੁੜੀਆਂ ਦੀ ਟੀਮ ਦੀ ਜਿੱਤ ’ਤੇ ਵੀ ਮਾਣ

ਸਰਬਜੀਤ ਸਿੰਘ ਨੇ ਭਾਰਤੀ ਮਹਿਲਾ ਹਾਕੀ ਟੀਮ ਦੀ ਪ੍ਰਾਪਤੀ ’ਤੇ ਵੀ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਮੁੰਡਿਆਂ ਦੇ ਨਾਲ-ਨਾਲ ਦੇਸ਼ ਦੀਆਂ ਧੀਆਂ ਨੇ ਵੀ ਗੋਲਡ ਮੈਡਲ ਜਿੱਤ ਕੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਦੋਵਾਂ ਟੀਮਾਂ ਨੂੰ ਵਧਾਈ ਦਿੱਤੀ।

ਕਿਸਾਨ ਪਰਿਵਾਰ ਵਿੱਚੋਂ ਉੱਠ ਕੇ ਦੇਸ਼ ਦੀ ਅਗਵਾਈ ਕਰਨ ਤੱਕ ਦਾ ਸਫ਼ਰ

ਹਰਮਨਪ੍ਰੀਤ ਸਿੰਘ ਦੇ ਪਿਤਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਹ ਇੱਕ ਸਧਾਰਨ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਹਨ। ਪਿੰਡ ਵਿੱਚੋਂ ਨਿਕਲ ਕੇ ਉਨ੍ਹਾਂ ਦੇ ਪੁੱਤਰ ਦਾ ਭਾਰਤੀ ਟੀਮ ਦੇ ਕਪਤਾਨ ਵਜੋਂ ਦੇਸ਼ ਦੀ ਅਗਵਾਈ ਕਰਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ।

ਉਨ੍ਹਾਂ ਇਸ ਪ੍ਰਾਪਤੀ ਲਈ ਸ੍ਰੀ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕੀਤਾ ਅਤੇ ਅਰਦਾਸ ਕੀਤੀ ਕਿ ਗੁਰੂ ਸਾਹਿਬ ਪੂਰੀ ਟੀਮ ’ਤੇ ਆਪਣੀ ਮਿਹਰ ਬਣਾਈ ਰੱਖਣ।

‘ਇਹ ਇਕੱਲੇ ਸਰਪੰਚ ਦੀ ਨਹੀਂ, ਪੂਰੀ ਟੀਮ ਦੀ ਜਿੱਤ’

ਜਦੋਂ ਸਰਬਜੀਤ ਸਿੰਘ ਨੂੰ ਹਰਮਨਪ੍ਰੀਤ ਸਿੰਘ ਵੱਲੋਂ ਅਹਿਮ ਗੋਲ ਕਰਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਆਪਣੇ ਪੁੱਤਰ ’ਤੇ ਮਾਣ ਕਰਦੇ ਹਨ, ਪਰ ਹਾਕੀ ਇੱਕ ਟੀਮ ਗੇਮ ਹੈ। ਇਸ ਜਿੱਤ ਦਾ ਸਿਹਰਾ ਪੂਰੀ ਟੀਮ ਦੇ ਸਾਂਝੇ ਯਤਨਾਂ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਟੀਮ ਦੇ ਸਾਰੇ ਖਿਡਾਰੀ ਉਨ੍ਹਾਂ ਲਈ ਆਪਣੇ ਬੱਚਿਆਂ ਵਰਗੇ ਹਨ।

ਪੁੱਤਰ ਦੇ ਸਵਾਗਤ ਲਈ ਪਰਿਵਾਰ ਅਤੇ ਪਿੰਡ ਵਾਸੀਆਂ ’ਚ ਉਤਸ਼ਾਹ

ਹਰਮਨਪ੍ਰੀਤ ਸਿੰਘ ਦੇ ਸਵਾਗਤ ਦੀਆਂ ਤਿਆਰੀਆਂ ਬਾਰੇ ਸਰਬਜੀਤ ਸਿੰਘ ਨੇ ਦੱਸਿਆ ਕਿ ਪੁੱਤਰ ਨਾਲ ਗੱਲਬਾਤ ਹੋਣ ਅਤੇ ਉਸ ਦੇ ਅੰਮ੍ਰਿਤਸਰ ਪਹੁੰਚਣ ਦਾ ਸਮਾਂ ਤੈਅ ਹੋਣ ਤੋਂ ਬਾਅਦ ਪਰਿਵਾਰ ਅਤੇ ਪਿੰਡ ਵਾਸੀ ਮਿਲ ਕੇ ਸਵਾਗਤ ਦੀਆਂ ਤਿਆਰੀਆਂ ਕਰਨਗੇ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਲੋਕਾਂ ਵੱਲੋਂ ਲਗਾਤਾਰ ਫੋਨ ਕਰਕੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।