ਅੰਮ੍ਰਿਤਸਰ ਦੇ ਪਿੰਡ ਭੁੱਲਰ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਵਿਦੇਸ਼ ਤੋਂ ਵਾਪਸ ਪਰਤੀ ਇੱਕ ਮਹਿਲਾ ‘ਤੇ ਆਪਣੇ ਪਤੀ ਨੂੰ ਕਥਿਤ ਤੌਰ ‘ਤੇ ਨਸ਼ੀਲਾ ਪਦਾਰਥ ਦੇ ਕੇ ਬੇਹੋਸ਼ ਕਰਨ ਅਤੇ ਘਰ ਵਿੱਚੋਂ ਲੱਖਾਂ ਰੁਪਏ ਦੀ ਨਕਦੀ, ਸੋਨੇ ਦੇ ਗਹਿਣੇ, ਪਾਸਪੋਰਟ, ਲੈਪਟਾਪ ਅਤੇ ਹੋਰ ਕੀਮਤੀ ਸਮਾਨ ਲੈ ਕੇ ਫ਼ਰਾਰ ਹੋਣ ਦੇ ਦੋਸ਼ ਲੱਗੇ ਹਨ। ਇਸ ਮਾਮਲੇ ਵਿੱਚ ਲੋਪੋਕੇ ਪੁਲਿਸ ਨੇ ਪੀੜਤ ਦੀ ਸ਼ਿਕਾਇਤ ‘ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੀੜਤ ਸੁਖਬੀਰ ਸਿੰਘ ਪੁੱਤਰ ਸਵਰਗੀ ਸਵਰਨ ਸਿੰਘ ਵਾਸੀ ਪਿੰਡ ਭੁੱਲਰ ਨੇ ਪੁਲਿਸ ਥਾਣਾ ਲੋਪੋਕੇ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਵਿਆਹ 22 ਜਨਵਰੀ 2021 ਨੂੰ ਅਰਸ਼ਦੀਪ ਕੌਰ ਪੁੱਤਰੀ ਦੀਦਾਰ ਸਿੰਘ ਵਾਸੀ ਢਾਲਾਂ ਨੌਸ਼ਹਿਰਾ ਨਾਲ ਹੋਇਆ ਸੀ। ਉਸ ਨੇ ਦੱਸਿਆ ਕਿ ਪਤਨੀ ਨੂੰ ਵਿਦੇਸ਼ ਭੇਜਣ ਲਈ ਉਸ ਨੇ ਆਪਣਾ ਮਕਾਨ ਵੇਚ ਦਿੱਤਾ ਅਤੇ ਕਰੀਬ 25 ਲੱਖ ਰੁਪਏ ਖਰਚ ਕਰਕੇ ਸਾਲ 2022 ਵਿੱਚ ਉਸ ਨੂੰ ਜਰਮਨੀ ਦੇ ਬਰਲਿਨ ਸ਼ਹਿਰ ਭੇਜਿਆ ਸੀ।
ਸੁਖਬੀਰ ਸਿੰਘ ਨੇ ਦੋਸ਼ ਲਗਾਇਆ ਕਿ ਵਿਦੇਸ਼ ਜਾਣ ਤੋਂ ਕੁਝ ਸਮੇਂ ਬਾਅਦ ਉਸ ਦੀ ਪਤਨੀ ਉਸ ਤੋਂ ਤਲਾਕ ਮੰਗਣ ਲੱਗ ਪਈ। ਉਸ ਦੇ ਅਨੁਸਾਰ 16 ਜੁਲਾਈ ਨੂੰ ਅਰਸ਼ਦੀਪ ਕੌਰ ਜਰਮਨੀ ਤੋਂ ਵਾਪਸ ਪਿੰਡ ਭੁੱਲਰ ਆਈ ਸੀ। ਕੁਝ ਦਿਨ ਬਾਅਦ ਉਸ ਦੀ ਸੱਸ ਰਾਜਵਿੰਦਰ ਕੌਰ ਅਤੇ ਸਾਲਾ ਜਰਮਨਜੀਤ ਸਿੰਘ ਵੀ ਉੱਥੇ ਆਏ ਅਤੇ ਵਾਪਸ ਚਲੇ ਗਏ।
ਸ਼ਿਕਾਇਤਕਰਤਾ = ਦਾਅਵਾ ਕੀਤਾ ਕਿ 26 ਜੁਲਾਈ ਦੀ ਰਾਤ ਉਸ ਦੀ ਪਤਨੀ ਨੇ ਆਪਣੇ ਮਾਤਾ-ਪਿਤਾ ਅਤੇ ਭਰਾ ਨਾਲ ਮਿਲੀਭੁਗਤ ਕਰਕੇ ਪਹਿਲਾਂ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਬੰਦ ਕਰ ਦਿੱਤੇ। ਇਸ ਤੋਂ ਬਾਅਦ ਰਾਤ ਦੇ ਖਾਣੇ ਵਿੱਚ ਕਥਿਤ ਤੌਰ ‘ਤੇ ਕੋਈ ਨਸ਼ੀਲਾ ਪਦਾਰਥ ਮਿਲਾ ਦਿੱਤਾ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ। ਉਸ ਨੇ ਦੱਸਿਆ ਕਿ ਜਦੋਂ ਅਗਲੀ ਸਵੇਰ ਉਸ ਨੂੰ ਹੋਸ਼ ਆਇਆ ਤਾਂ ਘਰ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ ਅਤੇ ਉਸ ਦੀ ਪਤਨੀ ਘਰ ਵਿੱਚੋਂ ਕਰੀਬ 4 ਲੱਖ 60 ਹਜ਼ਾਰ ਰੁਪਏ ਦੀ ਨਕਦੀ, ਸੋਨੇ ਦੇ ਗਹਿਣੇ, ਪਾਸਪੋਰਟ, ਲੈਪਟਾਪ ਅਤੇ ਹੋਰ ਕੀਮਤੀ ਸਮਾਨ ਲੈ ਕੇ ਫ਼ਰਾਰ ਹੋ ਚੁੱਕੀ ਸੀ।
ਪੀੜਤ ਨੇ ਇਸ ਮਾਮਲੇ ਵਿੱਚ ਇਨਸਾਫ਼ ਦੀ ਮੰਗ ਕਰਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਅਪੀਲ ਕੀਤੀ ਹੈ। ਦੂਜੇ ਪਾਸੇ, ਇਸ ਮਾਮਲੇ ਵਿੱਚ ਵਿਰੋਧੀ ਧਿਰ ਦਾ ਪੱਖ ਸਾਹਮਣੇ ਨਹੀਂ ਆ ਸਕਿਆ ਹੈ ਅਤੇ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਇਸ ਸਬੰਧੀ ਕੇਸ ਦੀ ਜਾਂਚ ਕਰ ਰਹੇ ਏਐਸਆਈ ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਅਰਸ਼ਦੀਪ ਕੌਰ, ਰਾਜਵਿੰਦਰ ਕੌਰ ਅਤੇ ਜਰਮਨਜੀਤ ਸਿੰਘ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 61(2), 305 ਅਤੇ 331(4) ਤਹਿਤ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਨਾਮਜ਼ਦ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਹਰ ਪੱਖੋਂ ਗੰਭੀਰਤਾ ਨਾਲ ਜਾਂਚ ਜਾਰੀ ਹੈ।








































