ਬਠਿੰਡਾ, 10 ਜੁਲਾਈ | ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਚਲਾਈ ਜਾ ਰਹੀ ‘ਪਰਹਾਰ’ ਮੁਹਿੰਮ ਤਹਿਤ ਬਠਿੰਡਾ ਵਿੱਚ ਵੱਡੇ ਪੱਧਰ ‘ਤੇ ਚੈਕਿੰਗ ਅਤੇ ਸਰਚ ਆਪ੍ਰੇਸ਼ਨ ਚਲਾਇਆ ਗਿਆ। ਰੇਲਵੇ ਸਟੇਸ਼ਨ, ਧੋਬੀਆਂ ਬਸਤੀ ਅਤੇ ਹੋਰ ਸੰਵੇਦਨਸ਼ੀਲ ਇਲਾਕਿਆਂ ਵਿੱਚ 65 ਪੁਲਿਸ ਟੀਮਾਂ ਨੇ ਇਕੱਠੇ ਛਾਪੇਮਾਰੀ ਕੀਤੀ। ਇਸ ਦੌਰਾਨ ਕਰੀਬ 150 ਵਿਅਕਤੀਆਂ ਨੂੰ ਰਾਊਂਡਅੱਪ ਕਰਕੇ ਪੁੱਛਗਿੱਛ ਕੀਤੀ ਗਈ। ਆਪ੍ਰੇਸ਼ਨ ਵਿੱਚ ਬਠਿੰਡਾ ਰੇਂਜ ਦੇ ਡੀਆਈਜੀ ਅਤੇ ਐੱਸਐੱਸਪੀ ਵੀ ਮੌਜੂਦ ਰਹੇ।
ਪੁਲਿਸ ਅਨੁਸਾਰ ਬਠਿੰਡਾ ਜ਼ਿਲ੍ਹੇ ਵਿੱਚ ਇਹ 14ਵੀਂ ‘ਪਰਹਾਰ’ ਮੁਹਿੰਮ ਸੀ, ਜਿਸ ਦੌਰਾਨ ਨਸ਼ਾ ਤਸਕਰੀ, ਅਪਰਾਧਿਕ ਗਤੀਵਿਧੀਆਂ ਅਤੇ ਲੋੜੀਂਦੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਗਈ। ਛਾਪੇਮਾਰੀ ਦੌਰਾਨ 120 ਗ੍ਰਾਮ ਹੈਰੋਇਨ ਅਤੇ ਕਰੀਬ 100 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ।
ਪੁਲਿਸ ਨੇ ਦੱਸਿਆ ਕਿ ਮੁਹਿੰਮ ਦੌਰਾਨ ਸਨੈਚਿੰਗ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਇਲਾਵਾ ਬਠਿੰਡਾ ਵਿੱਚ ਹਾਲ ਹੀ ਵਿੱਚ ਦੋ ਘਰਾਂ ਵਿੱਚ ਹੋਈਆਂ ਚੋਰੀਆਂ ਦੇ ਮਾਮਲੇ ਵੀ ਟ੍ਰੇਸ ਕਰਕੇ ਚੋਰੀ ਕੀਤਾ ਸਾਮਾਨ ਬਰਾਮਦ ਕੀਤਾ ਗਿਆ ਹੈ।
ਇਸ ਕਾਰਵਾਈ ਦੌਰਾਨ ਬਿਜਲੀ ਦੀਆਂ ਤਾਰਾਂ ਚੋਰੀ ਕਰਨ ਵਾਲੇ ਇੱਕ ਗਿਰੋਹ ਨੂੰ ਵੀ ਕਾਬੂ ਕੀਤਾ ਗਿਆ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਕਰੀਬ ਇੱਕ ਕੁਇੰਟਲ ਚੋਰੀ ਕੀਤੀ ਤਾਰ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਪੁਲਿਸ ਦਾ ਕਹਿਣਾ ਹੈ ਕਿ ਨਸ਼ਾ ਤਸਕਰਾਂ ਅਤੇ ਅਪਰਾਧਿਕ ਅਨਸਰਾਂ ਖ਼ਿਲਾਫ਼ ‘ਪਰਹਾਰ’ ਮੁਹਿੰਮ ਅੱਗੇ ਵੀ ਲਗਾਤਾਰ ਜਾਰੀ ਰਹੇਗੀ ਤਾਂ ਜੋ ਸੂਬੇ ਵਿੱਚ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕੇ।








































