ਹੁਸ਼ਿਆਰਪੁਰ. ਅੱਜ ਇਕ ਚੰਗੀ ਖਬਰ ਹੈ ਕਿ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਅਤੇ ਦਸੂਹਾ ਵਿਖੇ ਇਲਾਜ ਅਧੀਨ 78 ਕੋਰੋਨਾ ਪੋਜ਼ੀਟਿਵ ਵਿਅਕਤੀਆਂ ਨੇ ਕੋਰੋਨਾ ਖਿਲਾਫ ਜੰਗ ਜਿੱਤ ਲਈ ਹੈ ਅਤੇ ਇਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਉਜਵੱਲ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਘਰਾਂ ਲਈ ਰਵਾਨਾ ਕਰ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਦਾਖਲ 48 ਕੋਰੋਨਾ ਪੋਜ਼ੀਟਿਵ ਵਿਅਕਤੀਆਂ ਨੂੰ ਤੰਦਰੁਸਤ ਹੋਣ ’ਤੇ ਘਰਾਂ ਲਈ ਰਵਾਨਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਰਕਾਰੀ ਹਸਪਤਾਲ ਦਸੂਹਾ ਤੋਂ 30 ਵਿਅਕਤੀਆਂ ਨੂੰ ਅੱਜ ਘਰਾਂ ਲਈ ਰਵਾਨਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਤੰਦਰੁਸਤ ਹੋਏ ਉਕਤ ਵਿਅਕਤੀਆਂ ਸਮੇਤ ਹੁਣ ਤੱਕ 85 ਵਿਅਕਤੀਆਂ ਨੇ ਕੋਰੋਨਾ ’ਤੇ ਫਤਹਿ ਪਾ ਲਈ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਹੁਣ ਤੱਕ 93 ਪੋਜ਼ੀਟਿਵ ਕੇਸ ਸਾਹਮਣੇ ਆਏ ਸਨ, ਜਿਨ੍ਹਾਂ ਵਿੱਚੋਂ ਪਹਿਲਾਂ ਹੀ ਜ਼ਿਲ੍ਹੇ ਨਾਲ ਸਬੰਧਤ 7 ਵਿਅਕਤੀ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਅੱਜ ਡਿਸਚਾਰਜ ਕੀਤੇ 78 ਵਿਅਕਤੀਆਂ ਤੋਂ ਇਲਾਵਾ ਹੁਣ 4 ਕੋਰੋਨਾ ਪੋਜ਼ੀਟਿਵ ਮਰੀਜ਼ ਹੀ ਹਸਪਤਾਲ ਵਿੱਚ ਦਾਖਲ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ 4 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਉਨ੍ਹਾਂ ਆਸ ਪ੍ਰਗਟਾਉਂਦਿਆਂ ਕਿਹਾ ਕਿ ਜ਼ਿਲ੍ਹਾ ਵਾਸੀਆਂ ਦੇ ਸਹਿਯੋਗ ਨਾਲ ਜਲਦ ਹੀ ਹੁਸ਼ਿਆਰਪੁਰ ਜ਼ਿਲ੍ਹਾ ਕੋਰੋਨਾ ਮੁਕਤ ਹੋ ਜਾਵੇਗਾ।
ਨੋਡਲ ਅਫ਼ਸਰ ਡਾ. ਸੈਲੇਸ਼ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੋਰੋਨਾ ਪੋਜ਼ੀਟਿਵ ਪਾਏ ਗਏ ਸ੍ਰੀ ਹਜੂਰ ਸਾਹਿਬ ਤੋਂ ਆਏ ਸਾਰੇ 71 ਸ਼ਰਧਾਲੂਆਂ ਨੂੰ ਅੱਜ ਡਿਸਚਾਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਹੜੇ 4 ਵਿਅਕਤੀ ਦਾਖਲ ਹਨ, ਉਨ੍ਹਾਂ ਦੀ ਚੰਗੀ ਸਿਹਤ ਨੂੰ ਦੇਖਦਿਆਂ ਜਲਦੀ ਹੀ ਡਿਸਚਾਰਜ ਕਰ ਦਿੱਤਾ ਜਾਵੇਗਾ।