71ਵਾਂ ਸੰਵਿਧਾਨ ਦਿਵਸ ਅੱਜ : ਜਾਣੋ 26 ਨਵੰਬਰ ਨੂੰ ਮਨਾਏ ਜਾਣ ਦਾ ਕਾਰਨ, ਕਿਉਂ ਹੈ ਇਹ ਦਿਨ ਬੇਹੱਦ ਖਾਸ

0
4877

ਨਵੀਂ ਦਿੱਲੀ | ਹਰ ਸਾਲ 26 ਨਵੰਬਰ ਹਰ ਭਾਰਤੀ ਨਾਗਰਿਕ ਲਈ ਬੇਹੱਦ ਖਾਸ ਦਿਨ ਹੁੰਦਾ ਹੈ। ਅਸਲ ਵਿੱਚ ਇਹ ਉਹ ਦਿਨ ਹੈ ਜਦੋਂ ਦੇਸ਼ ਦੀ ਸੰਵਿਧਾਨ ਸਭਾ ਨੇ ਮੌਜੂਦਾ ਸੰਵਿਧਾਨ ਨੂੰ ਵਿਧੀਵਤ ਢੰਗ ਨਾਲ ਅਪਣਾਇਆ ਸੀ। ਇਹ ਸੰਵਿਧਾਨ ਹੀ ਹੈ ਜੋ ਸਾਨੂੰ ਆਜ਼ਾਦ ਦੇਸ਼ ਦੇ ਆਜ਼ਾਦ ਨਾਗਰਿਕ ਦੀ ਭਾਵਨਾ ਦਾ ਅਹਿਸਾਸ ਕਰਵਾਉਂਦਾ ਹੈ।

ਸੰਵਿਧਾਨ ਵਿੱਚ ਦਿੱਤੇ ਗਏ ਮੌਲਿਕ ਅਧਿਕਾਰ ਜਿੱਥੇ ਸਾਡੀ ਢਾਲ ਬਣ ਕੇ ਸਾਨੂੰ ਸਾਡੇ ਅਧਿਕਾਰ ਦਿੰਦੇ ਹਨ, ਉੱਥੇ ਸਾਨੂੰ ਇਸ ਵਿੱਚ ਦਿੱਤੇ ਮੌਲਿਕ ਕਰਤੱਵਾਂ ਵਿੱਚ ਸਾਡੀਆਂ ਜ਼ਿੰਮੇਵਾਰੀਆਂ ਵੀ ਯਾਦ ਕਰਵਾਉਂਦੇ ਹਨ। ਹਰ ਸਾਲ 26 ਨਵੰਬਰ ਨੂੰ ਦੇਸ਼ ਵਿੱਚ ਸੰਵਿਧਾਨ ਦਿਵਸ ਮਨਾਇਆ ਜਾਂਦਾ ਹੈ। 26 ਨਵੰਬਰ ਨੂੰ ਰਾਸ਼ਟਰੀ ਕਾਨੂੰਨ ਦਿਵਸ ਵਜੋਂ ਵੀ ਜਾਣਿਆ ਜਾਂਦਾ ਹੈ।

ਮੌਜੂਦਾ ਸੰਵਿਧਾਨ ਨੂੰ 26 ਨਵੰਬਰ 1949 ਨੂੰ ਦੇਸ਼ ਦੀ ਸੰਵਿਧਾਨ ਸਭਾ ਦੁਆਰਾ ਵਿਧੀਵਤ ਤੌਰ ‘ਤੇ ਅਪਣਾਇਆ ਗਿਆ ਸੀ। ਹਾਲਾਂਕਿ, ਇਸ ਨੂੰ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਸੀ।

ਕਦੋਂ ਤੇ ਕਿਉਂ ਲਿਆ ਗਿਆ ਸੰਵਿਧਾਨ ਦਿਵਸ ਮਨਾਉਣ ਦਾ ਫੈਸਲਾ?

2015 ਵਿੱਚ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੀ 125ਵੀਂ ਜਯੰਤੀ ਵਰ੍ਹੇ ਵਜੋਂ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਨੇ 26 ਨਵੰਬਰ ਨੂੰ ਇਸ ਦਿਨ ਨੂੰ ‘ਸੰਵਿਧਾਨ ਦਿਵਸ’ ਵਜੋਂ ਮਨਾਉਣ ਦੇ ਕੇਂਦਰ ਸਰਕਾਰ ਦੇ ਫੈਸਲੇ ਨੂੰ ਨੋਟੀਫਾਈ ਕੀਤਾ ਸੀ। ਇਹ ਦਿਨ ਸੰਵਿਧਾਨਕ ਕਦਰਾਂ-ਕੀਮਤਾਂ ਪ੍ਰਤੀ ਨਾਗਰਿਕਾਂ ਵਿੱਚ ਸਤਿਕਾਰ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਮਨਾਇਆ ਜਾਂਦਾ ਹੈ।

ਭਾਰਤੀ ਸੰਵਿਧਾਨ ਦੁਨੀਆ ਦਾ ਸਭ ਤੋਂ ਲੰਬਾ ਲਿਖਤੀ ਸੰਵਿਧਾਨ ਹੈ। ਇਸ ਦੇ ਬਹੁਤ ਸਾਰੇ ਹਿੱਸੇ ਯੂਨਾਈਟਿਡ ਕਿੰਗਡਮ, ਅਮਰੀਕਾ, ਜਰਮਨੀ, ਆਇਰਲੈਂਡ, ਆਸਟ੍ਰੇਲੀਆ, ਕੈਨੇਡਾ ਤੇ ਜਾਪਾਨ ਦੇ ਸੰਵਿਧਾਨਾਂ ਤੋਂ ਲਏ ਗਏ ਹਨ।

ਇਹ ਦੇਸ਼ ਦੇ ਨਾਗਰਿਕਾਂ ਦੇ ਬੁਨਿਆਦੀ ਅਧਿਕਾਰਾਂ, ਕਰਤੱਵਾਂ, ਸਰਕਾਰ ਦੀ ਭੂਮਿਕਾ, ਪ੍ਰਧਾਨ ਮੰਤਰੀ, ਰਾਸ਼ਟਰਪਤੀ, ਰਾਜਪਾਲ ਤੇ ਮੁੱਖ ਮੰਤਰੀ ਦੀਆਂ ਸ਼ਕਤੀਆਂ ਦਾ ਵਰਣਨ ਕਰਦਾ ਹੈ। ਵਿਧਾਨਪਾਲਿਕਾ, ਕਾਰਜਪਾਲਿਕਾ ਤੇ ਨਿਆਂਪਾਲਿਕਾ ਦਾ ਕੰਮ ਕੀ ਹੈ, ਦੇਸ਼ ਨੂੰ ਚਲਾਉਣ ਵਿੱਚ ਉਨ੍ਹਾਂ ਦੀ ਕੀ ਭੂਮਿਕਾ ਹੈ, ਇਹ ਸਭ ਕੁਝ ਸੰਵਿਧਾਨ ਵਿੱਚ ਦਰਜ ਹੈ।

ਕਿਹੋ ਜਿਹੀ ਦਿਸਦੀ ਹੈ Original Copy

– ਸੰਵਿਧਾਨ ਦੀ ਅਸਲੀ ਕਾਪੀ 16 ਇੰਚ ਚੌੜੀ ਹੈ

– 22 ਇੰਚ ਲੰਬੀ ਪਾਰਚਮੈਂਟ ਸ਼ੀਟ ‘ਤੇ ਲਿਖਿਆ ਗਿਆ

– ਇਸ ਖਰੜੇ ਵਿੱਚ 251 ਪੰਨੇ ਸ਼ਾਮਲ ਹਨ

ਕਿੰਨੇ ਦਿਨਾਂ ‘ਚ ਹੋਇਆ ਤਿਆਰ

ਪੂਰਾ ਸੰਵਿਧਾਨ ਤਿਆਰ ਕਰਨ ਵਿੱਚ 2 ਸਾਲ, 11 ਮਹੀਨੇ ਤੇ 18 ਦਿਨ ਲੱਗੇ। ਇਹ 26 ਨਵੰਬਰ 1949 ਨੂੰ ਪੂਰਾ ਹੋਇਆ ਸੀ। ਭਾਰਤੀ ਗਣਰਾਜ ਦਾ ਇਹ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋਇਆ ਸੀ।

ਸੰਵਿਧਾਨ ਦੀ ਅਸਲ ਕਾਪੀ ਪ੍ਰੇਮ ਬਿਹਾਰੀ ਨਾਰਾਇਣ ਰਾਏਜ਼ਾਦਾ ਨੇ ਹੱਥ ਨਾਲ ਲਿਖੀ ਸੀ। ਇਹ ਸ਼ਾਨਦਾਰ ਕੈਲੀਗ੍ਰਾਫੀ ਦੁਆਰਾ ਇਟਾਲਿਕ ਅੱਖਰਾਂ ਵਿੱਚ ਲਿਖਿਆ ਗਿਆ ਹੈ। ਇਸ ਦੇ ਹਰ ਪੰਨੇ ਨੂੰ ਸ਼ਾਂਤੀਨਿਕੇਤਨ ਦੇ ਕਲਾਕਾਰਾਂ ਨੇ ਸਜਾਇਆ ਸੀ।

 ਸੰਵਿਧਾਨ ਦੀਆਂ ਮੂਲ ਕਾਪੀਆਂ 2 ਭਾਸ਼ਾਵਾਂ ਹਿੰਦੀ ਤੇ ਅੰਗਰੇਜ਼ੀ ਵਿੱਚ ਲਿਖੀਆਂ ਗਈਆਂ ਸਨ, ਜਿਨ੍ਹਾਂ ਨੂੰ ਅੱਜ ਵੀ ਭਾਰਤ ਦੀ ਸੰਸਦ ਵਿੱਚ ਹੀਲੀਅਮ ਨਾਲ ਭਰੇ ਬਕਸਿਆਂ ਵਿੱਚ ਸੁਰੱਖਿਅਤ ਰੱਖਿਆ ਹੋਇਆ ਹੈ।

ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਸੀ। ਭਾਰਤ ਇਸ ਦਿਨ ਨੂੰ ਗਣਤੰਤਰ ਦਿਵਸ ਵਜੋਂ ਮਨਾਉਂਦਾ ਹੈ।

 ਹੱਥ ਲਿਖਤ ਸੰਵਿਧਾਨ ਉੱਤੇ 24 ਜਨਵਰੀ 1950 ਨੂੰ ਸੰਵਿਧਾਨ ਸਭਾ ਦੇ 284 ਮੈਂਬਰਾਂ ਨੇ ਦਸਤਖਤ ਕੀਤੇ ਸਨ, ਜਿਨ੍ਹਾਂ ਵਿੱਚ 15 ਔਰਤਾਂ ਵੀ ਸ਼ਾਮਲ ਸਨ। 2 ਦਿਨਾਂ ਬਾਅਦ 26 ਜਨਵਰੀ ਤੋਂ ਦੇਸ਼ ਵਿੱਚ ਇਹ ਸੰਵਿਧਾਨ ਲਾਗੂ ਹੋ ਗਿਆ।

 25 ਭਾਗਾਂ, 470 ਧਾਰਾਵਾਂ ਤੇ 12 ਸੂਚੀਆਂ ਵਿੱਚ ਵੰਡਿਆ ਹੋਇਆ ਭਾਰਤੀ ਸੰਵਿਧਾਨ ਦੁਨੀਆ ਦਾ ਸਭ ਤੋਂ ਵੱਡਾ ਲਿਖਤੀ ਸੰਵਿਧਾਨ ਹੈ।

ਮੂਲ ਰੂਪ ਵਿੱਚ ਭਾਰਤੀ ਸੰਵਿਧਾਨ ਵਿੱਚ ਕੁੱਲ 395 ਅਨੁਛੇਦ (22 ਭਾਗਾਂ ਵਿੱਚ ਵੰਡਿਆ ਹੋਇਆ) ਅਤੇ 8 ਅਨੁਸੂਚੀਆਂ ਸਨ ਪਰ ਵੱਖ-ਵੱਖ ਸੋਧਾਂ ਦੇ ਨਤੀਜੇ ਵਜੋਂ ਵਰਤਮਾਨ ਵਿੱਚ ਇਸ ਵਿੱਚ ਕੁੱਲ 470 ਅਨੁਛੇਦ (25 ਭਾਗਾਂ ਵਿੱਚ ਵੰਡੇ) ਅਤੇ 12 ਅਨੁਸੂਚੀਆਂ ਹਨ। ਸੰਵਿਧਾਨ ਦੇ ਤੀਜੇ ਭਾਗ ਵਿੱਚ ਬੁਨਿਆਦੀ ਅਧਿਕਾਰਾਂ ਦਾ ਵਰਣਨ ਕੀਤਾ ਗਿਆ ਹੈ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ