ਬ੍ਰਿਟਿਸ਼ ਕੋਲੰਬੀਆ ‘ਚ 7 ਪੰਜਾਬਣਾਂ ਜੱਜ, ਜਸਟਿਸ ਪਲਬਿੰਦਰ ਕੌਰ ਸ਼ੇਰਗਿਲ ਕੈਨੇਡਾ ਦੀ ਪਹਿਲੀ ਦਸਤਾਰਧਾਰੀ ਜੱਜ

0
652

ਐਬਟਸਫੋਰਡ। ਪੰਜਾਬ ਦੀ ਸਰਜ਼ਮੀਂ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਕੈਨੇਡਾ ਦੀ ਧਰਤੀ ਉਤੇ ਜਿੰਨੀ ਤਰੱਕੀ ਪੰਜਾਬੀਆਂ ਨੇ ਕੀਤੀ ਹੈ, ਹੋਰ ਸ਼ਾਇਦ ਹੀ ਕਿਸੇ ਮੁਲਕ ਵਿਚ ਕੀਤੀ ਹੋਵੇ। ਧਾਰਮਿਕ, ਸਮਾਜਿਕ, ਰਾਜਨੀਤਕ ਤੇ ਸੱਭਿਆਚਾਰਕ ਖੇਤਰ ਵਿਚ ਪੰਜਾਬੀਆਂ ਦਾ ਪੂਰਾ ਬੋਲਬਾਲਾ ਹੈ ਤੇ ਹੁਣ ਨਿਆਂਪਾਲਿਕਾ ਵਿਚ ਵੀ ਪੰਜਾਬੀਆਂ ਦੀ ਗਿਣਤੀ ਵਧ ਰਹੀ ਹੈ। ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ 7 ਪੰਜਾਬਣਾਂ ਤੇ 2 ਹੋਰ ਪੰਜਾਬੀ ਜੱਜ ਸੇਵਾਵਾਂ ਨਿਭਾਅ ਰਹੇ ਹਨ। ਜਸਟਿਸ ਪਲਵਿੰਦਰ ਕੌਰ ਸ਼ੇਰਗਿਲ, ਜਸਟਿਸ ਬਲਜਿੰਦਰ ਕੌਰ ਗਿਰਨ, ਜਸਟਿਸ ਨੀਨਾ ਸ਼ਰਮਾ ਤੇ ਜਸਟਿਸ ਜਸਵਿੰਦਰ ਸਿੰਘ ਬਸਰਾ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਜੱਜ ਹਨ। ਜਸਟਿਸ ਪਲਬਿੰਦਰ ਕੌਰ ਸ਼ੇਰਗਿਲ ਨੂੰ ਕੈਨੇਡਾ ਦੀ ਪਹਿਲੀ ਦਸਤਾਰਧਾਰੀ ਜੱਜ ਬਣਨ ਦਾ ਮਾਣ ਪ੍ਰਾਪਤ ਹੈ। ਜਦੋਂਕਿ ਹਰਬੰਸ ਢਿੱਲੋਂ, ਸਤਿੰਦਰ ਸਿੱਧੂ, ਨੀਨਾ ਪੁਰੇਵਾਲ ਤੇ ਸੂਜਨ ਸੰਘਾ ਤੇ ਗੁਰਮੇਲ ਸਿੰਘ ਗਿੱਲ ਢੁਡੀਕੇ ਸੂਬੇ ਦੇ ਵੱਖ-ਵੱਖ ਖੇਤਰਾਂ ਵਿਚ ਬ੍ਰਿਟਿਸ਼ ਕੋਲੰਬੀਆ ਸੂਬਾਈ ਅਦਾਲਤ ਦੇ ਜੱਜ ਹਨ ਤੇ ਤਾਮਿਲਨਾਡੂ ਦੀ ਜੰਮਪਲ ਵਲੀਮਾਈ ਛਟਿਆਰ ਸਰੀ ਸੂਬਾਈ ਅਦਾਲਤ ਵਿਖੇ ਜੱਜ ਹਨ। ਵਰਣਨਯੋਗ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਕੈਬਨਿਟ ਮੰਤਰੀ ਜਸਟਿਸ ਵਲੀ ਉਪਲ ਪਹਿਲੇ ਪੰਜਾਬੀ ਹਨ, ਜਿਹੜੇ 1985 ਤੋਂ 2003 ਤੱਕ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਦੇ ਜੱਜ ਰਹੇ ਹਨ।