ਤੁਰਕੀ। ਤੁਰਕੀ ‘ਚ ਸੋਮਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਮੀਡੀਆ ਰਿਪੋਰਟਾਂ ਮੁਤਾਬਕ ਤੁਰਕੀ ਦੇ ਨੂਰਦਗੀ ਤੋਂ 23 ਕਿਲੋਮੀਟਰ ਪੂਰਬ ਵਿਚ ਸੋਮਵਾਰ ਨੂੰ 7.8 ਤੀਬਰਤਾ ਦਾ ਭੂਚਾਲ ਆਇਆ। ਕਰੀਬ ਇੱਕ ਮਿੰਟ ਤੱਕ ਚੱਲੇ ਇਸ ਭੂਚਾਲ ਕਾਰਨ ਕਈ ਇਮਾਰਤਾਂ ਢਹਿ ਗਈਆਂ ਹਨ।
ਰਾਜਧਾਨੀ ਅੰਕਾਰਾ, ਨੂਰਦਗੀ ਸ਼ਹਿਰ ਸਮੇਤ 10 ਸ਼ਹਿਰਾਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਤੋਂ ਇਲਾਵਾ ਸੀਰੀਆ, ਲੇਬਨਾਨ ਅਤੇ ਇਜ਼ਰਾਈਲ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹੁਣ ਤੱਕ 53 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ। ਇਨ੍ਹਾਂ ‘ਚੋਂ ਉਸਮਾਨੀਏ ਸ਼ਹਿਰ ‘ਚ 5 ਲੋਕਾਂ ਦੀ ਮੌਤ ਹੋ ਗਈ। ਸੇਨਲੁਇਰਫਾ ਸ਼ਹਿਰ ਵਿੱਚ 12 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ 2 ਸ਼ਹਿਰਾਂ ‘ਚ 50 ਇਮਾਰਤਾਂ ਢਹਿ ਗਈਆਂ। ਇਸ ਦੇ ਨਾਲ ਹੀ ਸੀਰੀਆ ਵਿੱਚ 42 ਲੋਕ ਮਾਰੇ ਗਏ ਹਨ।
ਸਥਾਨਕ ਸਮੇਂ ਮੁਤਾਬਕ ਇਹ ਭੂਚਾਲ ਸਵੇਰੇ 4:17 ਵਜੇ ਆਇਆ। 11 ਮਿੰਟ ਬਾਅਦ 6.7 ਤੀਬਰਤਾ ਦਾ ਇੱਕ ਹੋਰ ਭੂਚਾਲ ਵੀ ਆਇਆ। ਇਸ ਦਾ ਕੇਂਦਰ ਜ਼ਮੀਨ ਤੋਂ 9.9 ਕਿਲੋਮੀਟਰ ਹੇਠਾਂ ਸੀ। ਦੂਜੇ ਭੂਚਾਲ ਦੇ 19 ਮਿੰਟ ਬਾਅਦ 5.6 ਤੀਬਰਤਾ ਦਾ ਤੀਜਾ ਭੂਚਾਲ ਵੀ ਆਇਆ।ਲੋਕਾਂ ਨੂੰ ਬਚਾਉਣ ਲਈ ਬਚਾਅ ਕਾਰਜ ਜਾਰੀ ਹੈ।
ਤੁਰਕੀ ਦੇ ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਸ਼ਕਤੀਸ਼ਾਲੀ ਭੂਚਾਲ ਤੋਂ ਬਾਅਦ ਹਾਈ ਅਲਰਟ ਐਲਾਨ ਕਰ ਦਿੱਤਾ ਗਿਆ ਹੈ। ਸੋਸ਼ਲ ਮੀਡੀਆ ‘ਤੇ ਇਸ ਦੀਆਂ ਕਈ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਵੀਡੀਓਜ਼ ‘ਚ ਭੂਚਾਲ ਕਾਰਨ ਹੋਏ ਨੁਕਸਾਨ ਨੂੰ ਸਾਫ ਦੇਖਿਆ ਜਾ ਸਕਦਾ ਹੈ।