ਫਿਰੋਜ਼ਪੁਰ ਦੇ ਸਰਕਾਰੀ ਸਕੂਲ ‘ਚੋਂ 12ਵੀਂ ਕਲਾਸ ਦੇ 59 ਪੇਪਰ ਚੋਰੀ

0
2021

ਫਿਰੋਜ਼ਪੁਰ | ਇਥੋਂ ਇਕ ਹੈਰਾਨ ਕਰਦੀ ਚੋਰੀ ਸਾਹਮਣੇ ਆਈ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕਿਆਂ ਦੇ ਸਟੋਰ ਰੂਮ ਵਿਚ ਰੱਖੇ 12ਵੀਂ ਦੇ 59 ਬੰਡਲ ਪੇਪਰ ਚੋਰੀ ਹੋ ਗਏ। ਬੇਸ਼ੱਕ ਸਕੂਲ ਪ੍ਰਿੰਸੀਪਲ ਵੱਲੋਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਪਰ ਜਿਸ ਤਰ੍ਹਾਂ ਸਕੂਲ ਤੋਂ ਪੇਪਰ ਚੋਰੀ ਹੋਏ ਹਨ, ਉਸ ਨਾਲ ਵਿਭਾਗੀ ਕਾਰਜਪ੍ਰਣਾਲੀ ਸ਼ੱਕ ਦੇ ਘੇਰੇ ਵਿਚ ਆ ਗਈ ਹੈ।

ਥਾਣਾ ਸਦਰ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪ੍ਰਿੰਸੀਪਲ ਜਗਦੀਪ ਪਾਲ ਨੇ ਦੱਸਿਆ ਕਿ ਸਕੂਲ ਦੇ ਰਿਕਾਰਡ ਰੂਮ ਵਿਚ 8ਵੀਂ ਕਲਾਸ ਦੇ 121 ਬੰਡਲ, ਦਸਵੀਂ ਦੇ 143 ਬੰਡਲ ਤੇ 12ਵੀਂ ਕਲਾਸ ਦੇ 140 ਬੰਡਲ ਰੱਖੇ ਸਨ ਤੇ ਸਟੋਰ ਰੂਮ ਦੀਆਂ ਚਾਬੀਆਂ ਸਕੂਲ ਦੇ ਚੌਕੀਦਾਰ ਕੋਲ ਸਨ। 12 ਅਪ੍ਰੈਲ ਨੂੰ ਉਪ-ਕੋਆਰਡੀਨੇਟਰ ਵੱਲੋਂ ਜਦੋਂ ਸਟੋਰ ਵਿਚ ਜਾ ਕੇ ਚੈੱਕ ਕੀਤਾ ਗਿਆ ਤਾਂ 12ਵੀਂ ਕਲਾਸ ਦੇ ਸਿਰਫ 81 ਬੰਡਲ ਹੀ ਮਿਲੇ ਜਦੋਂਕਿ 59 ਬੰਡਲ ਗੁੰਮ ਹੋ ਗਏ, ਜਿਸ ਦੇ ਬਾਅਦ ਸਟਾਫ ਤੋਂ ਪੁੱਛਗਿਛ ਕੀਤੀ ਗਈ ਤੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ।

ਪਤਾ ਲੱਗਾ ਹੈ ਕਿ ਇਹ ਪੇਪਰ ਸਿੱਖਿਆ ਸੈਸ਼ਨ 2021-22 ਦੇ ਸਨ ਤੇ ਇਕ ਬੰਡਲ ਵਿਚ ਵਿਭਾਗ ਵੱਲੋਂ 200 ਤੋਂ 250 ਪੇਪਰ ਰੱਖੇ ਜਾਂਦੇ ਹਨ, ਜਿਸ ਵੀ ਵਿਅਕਤੀ ਨੇ ਚੋਰੀ ਕੀਤੀ ਹੈ, ਉਸ ਨੇ ਲਿਫਾਫਾ ਉਥੇ ਹੀ ਛੱਡ ਦਿੱਤਾ ਤੇ ਬਾਕੀ ਪੇਪਰ ਚੋਰੀ ਕਰ ਲਏ। ਜ਼ਿਲ੍ਹੇ ਵਿਚ 12ਵੀਂ ਜਮਾਤ ਦੀ ਉੱਤਰ ਪੱਤਰੀ ਚੈੱਕ ਕਰਨ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਅਤੇ ਐਮ.ਐਲ.ਐਮ ਸੀਨੀਅਰ ਸੈਕੰਡਰੀ ਸਕੂਲ ਨੂੰ ਨਿਰਧਾਰਿਤ ਕੀਤਾ ਗਿਆ ਹੈ।