ਕਪੂਰਥਲਾ | ਅਮਰੀਕਾ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿਥੇ ਕਪੂਰਥਲਾ ਦੇ ਬਲਾਕ ਨਡਾਲਾ ਦੇ ਪਿੰਡ ਟਾਂਡੀ ਦਾਖਲੀ ਦੇ ਇਕ 53 ਸਾਲਾ ਵਿਅਕਤੀ ਦੀ ਸੜਕ ਹਾਦਸੇ ‘ਚ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ 18 ਸਾਲ ਫੌਜ ਵਿਚ ਨੌਕਰੀ ਕਰਨ ਤੋਂ ਬਾਅਦ 2011 ’ਚ ਅਮਰੀਕਾ ਗਿਆ ਸੀ।
ਉਹ ਕੈਲੀਫੋਰਨੀਆ ਦੇ ਫਰਜਿਨੋ ਸ਼ਹਿਰ ਵਿਚ ਟਰੱਕ ਚਲਾਉਂਦਾ ਸੀ। ਉਸ ਦਾ ਇਕ ਲੜਕਾ ਅਤੇ ਲੜਕੀ ਪਿਛਲੇ 4 ਸਾਲ ਤੋਂ ਕੈਨੇਡਾ ਵਿਚ ਪੜ੍ਹਾਈ ਕਰ ਰਹੇ ਹਨ। ਪਰਿਵਾਰ ਨੇ ਦੱਸਿਆ ਕਿ ਬੀਤੀ ਰਾਤ ਸੁਖਵਿੰਦਰ ਸਿੰਘ ਹੋਟਲ ਤੋਂ ਖਾਣਾ ਲੈ ਕੇ ਆਪਣੀ ਗੱਡੀ ਵਿਚ ਜਾਣ ਲਈ ਸੜਕ ਕਰਾਸ ਕਰ ਰਿਹਾ ਸੀ।
ਇਸ ਦੌਰਾਨ ਇਕ ਤੇਜ਼ ਰਫਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਉਹ ਸੜਕ ’ਤੇ ਡਿੱਗ ਗਿਆ ਅਤੇ ਇਕ ਹੋਰ ਕਾਰ ਉਸ ਦੇ ਉਪਰੋਂ ਲੰਘ ਗਈ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਵਿਆਕਤੀ ਦੀ ਪਤਨੀ ਸੁਰਿੰਦਰ ਕੌਰ ਨੇ ਆਪਣੇ ਪਤੀ ਦੀ ਦੇਹ ਭਾਰਤ ਲਿਆਉਣ ਲਈ ਸਰਕਾਰ ਨੂੰ ਮਦਦ ਦੀ ਗੁਹਾਰ ਲਗਾਈ ਹੈ।