ਲੁਧਿਆਣਾ ਦੇ 5 ਲੋਕਾਂ ਦੀ UP ‘ਚ ਵਾਪਰੇ ਹਾਦਸੇ ‘ਚ ਹੋਈ ਮੌਤ, 9 ਗੰਭੀਰ ਜ਼ਖਮੀ

0
530

ਲੁਧਿਆਣਾ | ਉੱਤਰ ਪ੍ਰਦੇਸ਼ ਦੇ ਇਕੋਨਾ ‘ਚ ਵਾਪਰੇ ਇੱਕ ਹਾਦਸੇ ‘ਚ ਪੰਜਾਬ ਦੇ ਲੁਧਿਆਣਾ ਦੇ 5 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਰੀਬ 14 ਲੋਕ ਪਰਿਵਾਰ ਦੇ ਇਕ ਮੈਂਬਰ ਦੀਆਂ ਅੰਤਿਮ ਰਸਮਾਂ ‘ਚ ਸ਼ਾਮਲ ਹੋਣ ਜਾ ਰਹੇ ਸਨ। ਇਸ ਦੌਰਾਨ ਡਰਾਈਵਰ ਨੂੰ ਨੀਂਦ ਆ ਗਈ ਅਤੇ ਗੱਡੀ ਦਾ ਕੰਟਰੋਲ ਗੁਆ ਬੈਠਾ। ਇਸ ਕਾਰਨ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ ਅਤੇ ਸੜਕ ਕਿਨਾਰੇ ਟੋਏ ‘ਚ ਜਾ ਡਿੱਗੀ।

ਮ੍ਰਿਤਕਾਂ ਦੀ ਪਛਾਣ ਹੀਰਾਲਾਲ ਉਰਫ ਸ਼ੈਲੇਂਦਰ ਗੁਪਤਾ (30) ਵਾਸੀ ਪਿੰਡ ਕਰਮੋਹਾਣਾ, ਮੁਕੇਸ਼ ਕੁਮਾਰ (30) ਵਾਸੀ ਕਰਮੋਹਾਣਾ, ਪੁਤੀ ਲਾਲ ਉਰਫ਼ ਅਰਜੁਨ (28) ਵਾਸੀ ਕਰਮੋਹਾਣਾ, ਵੀਰੂ ਉਰਫ਼ ਅਮਿਤ 9 ਸਾਲ ਵਾਸੀ ਕਰਮੋਹਾਣਾ ਵਜੋਂ ਹੋਈ ਹੈ। ਰਮਾ ਦੇਵੀ (42) ਵਾਸੀ ਟੇੜਵਾ ਥਾਣਾ ਲਾਲੀਆ ਬਲਰਾਮਪੁਰ ਅਤੇ ਡਰਾਈਵਰ ਹਰੀਸ਼ ਕੁਮਾਰ (42) ਵਾਸੀ ਅਰਜੁਨ ਕਾਲੋਨੀ ਲੁਧਿਆਣਾ ਵਜੋਂ ਹੋਈ ਹੈ।

ਇਸ ਤੋਂ ਇਲਾਵਾ ਨਾਨਕੇ ਉਰਫ਼ ਸੁਸ਼ੀਲ ਕੁਮਾਰ (35) ਵਾਸੀ ਕਰਮੋਹਾਣਾ, ਸੁਰੇਸ਼ ਕੁਮਾਰ (42) ਵਾਸੀ ਕਰਮੋਹਾਣਾ, ਨੀਤੂ ਪਤਨੀ ਹੀਰਾਲਾਲ (28) ਵਾਸੀ ਕਰਮੋਹਾਣਾ, ਨੀਲਮ ਪਤਨੀ ਮੁਕੇਸ਼ (25), ਬਬਲੂ (8), ਸਰਿਤਾ (30), ਰੂਹੀ (9) ਵਾਸੀ ਕਰਮੋਹਾਣਾ, ਕਾਵਿਆ ਉਰਫ ਲਾਡੋ (5) ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਇਹ ਕਾਰ ਹਾਦਸਾ NH-730 ‘ਤੇ ਵਾਪਰਿਆ।

ਹਾਦਸੇ ‘ਚ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ। ਲੋਕ ਕਾਰ ਦੇ ਅੰਦਰ ਹੀ ਫਸ ਗਏ। ਉਨ੍ਹਾਂ ਨੂੰ ਕ੍ਰੇਨ ਅਤੇ ਹੋਰ ਸਾਮਾਨ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਥਾਣਾ ਡਵੀਜ਼ਨ ਨੰਬਰ 4 ਦੇ ਸਬ-ਇੰਸਪੈਕਟਰ ਗੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅਜੇ ਤੱਕ ਯੂਪੀ ਪੁਲਿਸ ਦੇ ਅਧਿਕਾਰੀਆਂ ਤੋਂ ਇਸ ਸਬੰਧੀ ਕੋਈ ਸੂਚਨਾ ਨਹੀਂ ਮਿਲੀ ਹੈ।

ਜਾਣਕਾਰੀ ਮੁਤਾਬਕ ਹਾਦਸਾਗ੍ਰਸਤ ਕਾਰ ‘ਚ ਕੁੱਲ 14 ਲੋਕ ਸਵਾਰ ਸਨ। ਭਗੌਤੀ ਪ੍ਰਸਾਦ (70) ਦਾ ਪਿੰਡ ਕਰਮੋਹਾਣਾ ਢੱਕੀ ‘ਚ ਕਤਲ ਹੋ ਗਿਆ। ਇਸ ‘ਤੇ ਲੁਧਿਆਣਾ ‘ਚ ਕੰਮ ਕਰਦੇ 14 ਪਰਿਵਾਰਕ ਮੈਂਬਰ ਇਨੋਵਾ ਪੀਬੀ 29 ਐੱਚ 4067 ‘ਚ ਸਵਾਰ ਹੋ ਕੇ ਆਪਣੇ ਪਿੰਡ ਕਰਮੋਹਾਣਾ ਢੱਕੀ ਨੂੰ ਆ ਰਹੇ ਸਨ।