ਚੰਡੀਗੜ੍ਹ| ਅਮਰੀਕਾ ਵਿਚ 8 ਘੰਟੇ ਕੰਮ ਕਰਨ ਬਦਲੇ ਪੰਜ ਲੱਖ ਦੀ ਕਮਾਈ ਹੋਣ ਵਾਲਾ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਇਕ ਠੱਗ ਨੇ ਸੁਖਨਾ ਐਨਕਲੇਵ ਵਿਚ ਰਹਿੰਦੇ ਇਕ ਵਿਅਕਤੀ ਕੋਲ਼ੋਂ 13 ਲੱਖ ਰੁਪਏ ਠੱਗ ਲਏ।
ਉਸਨੂੰ ਕਿਹਾ ਗਿਆ ਕਿ ਅਮਰੀਕਾ ਜਾਣ ਲਈ ਪਹਿਲਾਂ ਬੈਂਕਾਕ ਤੇ ਬੈਂਕਾਕ ਤੋਂ ਅਮਰੀਕਾ ਜਾਣਾ ਪਵੇਗਾ। ਪਰ ਇਕ ਹਫਤਾ ਬੈਂਕਾਕ ਰਹਿਣ ਦੇ ਬਾਅਦ ਵੀ ਉਸਨੂੰ ਅਮਰੀਕਾ ਨਹੀਂ ਲਿਜਾਇਆ ਗਿਆ ਤੇ ਪੈਸੇ ਖਤਮ ਹੋਣ ਉਤੇ ਪੀੜਤ ਨੂੰ ਵਤਨ ਪਰਤਣਾ ਪਿਆ।
ਸੁਖਨਾ ਐਨਕਲੇਵ ਵਾਸੀ ਪੀੜਤ ਕੁਲਬੀਰ ਸਿੰਘ ਦੀ ਸ਼ਿਕਾਇਤ ਉਤੇ ਕੈਂਬਵਾਲਾ ਦੇ ਹਰੀਸ਼ ਖਿਲਾਫ ਸੈਕਟਰ-3 ਥਾਣੇ ਵਿਚ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਸ਼ਿਕਾਇਤ ਵਿਚ ਕੁਲਬੀਰ ਨੇ ਦੱਸਿਆ ਕਿ ਉਸਦੀ ਮਾਸੀ ਦਾ ਲੜਕਾ ਕੈਂਬਵਾਲਾ ਵਿਚ ਰਹਿੰਦਾ ਹੈ, ਜਿਥੇ ਉਸਦੀ ਵੀ ਦੁਕਾਨ ਹੈ। ਹਰੀਸ਼ ਦੁਕਾਨ ਉਤੇ ਆਉਂਦਾ ਸੀ, ਜੋ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦਾ ਹੈ। ਹਰੀਸ਼ ਨੇ ਕਿਹਾ ਕਿ ਉਹ ਉਸਨੂੰ ਅਮਰੀਕਾ ਭੇਜੇਗਾ, ਜਿਥੇ ਇਕ ਘੰਟਾ ਕੰਮ ਕਰਨ ਦੇ 5 ਲੱਖ ਮਿਲਦੇ ਹਨ। ਕੁਲਬੀਰ ਨੇ ਹਰੀਸ਼ ਨੂੰ 13 ਲੱਖ ਰੁਪਏ ਤੇ ਪਾਸਪੋਰਟ ਦੇ ਦਿੱਤਾ ਤੇ ਠੱਗੀ ਦਾ ਸ਼ਿਕਾਰ ਹੋ ਗਿਆ।