ਜਲੰਧਰ। ਜਲੰਧਰ ਦੇ ਦੋਮੋਰੀਆ ਪੁਲ ਕੋਲ ਬੁੱਧਵਾਰ ਸਵੇਰੇ 10.45 ਵਜੇ ਦੇ ਲਗਭਗ ਘਰ ਤੋਂ ਗੁਆਂਢੀ ਦੇ ਪੈਸੇ ਬੈਂਕ ਵਿਚ ਜਮ੍ਹਾ ਕਰਵਾਉਣ ਨਿਕਲੇ ਇਕ ਵਿਅਕਤੀ ਤੋਂ ਪਿਸਤੌਲ ਦੀ ਨੋਕ ਉਤੇ 5.64 ਲੱਖ ਦੇ ਕਰੀਬ ਰੁਪਏ ਤੇ ਇਕ ਐਕਟਿਵਾ ਲੁੱਟ ਲਈ ਗਈ। ਗੰਗਾ ਮਿਲ ਦੇ ਮਾਲਕ ਮਨੀ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਗੁਆਂਢੀ ਰਾਕੇਸ਼ ਕੁਮਾਰ ਨੂੰ 5.64 ਲੱਖ ਰੁਪਏ ਬੈਂਕ ਵਿਚ ਜਮ੍ਹਾਂ ਕਰਵਾਉਣ ਲਈ ਦਿੱਤੇ ਸਨ। ਰਾਕੇਸ਼ ਕੁਮਾਰ ਦਾ 11.30 ਵਜੇ ਫੋਨ ਆਇਆ ਕਿ ਜਦੋਂ ਉਹ ਦੋਮੋਰੀਆ ਪੁਲ ਦੇ ਕੋਲ ਪੁੱਜਾ ਤਾਂ ਉਥੇ ਕੁਝ ਲੁਟੇਰਿਆਂ ਨੇ ਘੇਰ ਕੇ ਉਸਦੀ ਐਕਟਿਵਾ ਲੁੱਟ ਲਈ।
ਘਟਨਾ ਪਿੱਛੋਂ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਸੂਚਨਾ ਮਿਲਦੇ ਹੀ ਪੁਲਿਸ ਜਾਂਚ ਵਿਚ ਜੁਟ ਗਈ ਹੈ। ਥਾਣਾ ਨੰਬਰ ਤਿੰਨ ਦੇ ਮੁਖੀ ਕਮਲਜੀਤ ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ। ਪੂਰੇ ਘਟਨਾਕ੍ਰਮ ਵਿਚ ਰਾਕੇਸ਼ ਕੁਮਾਰ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਉਹ ਪਹਿਲਾਂ ਵੀ ਮਨੀ ਅਰੋੜਾ ਦੇ ਪੈਸੇ ਬੈਂਕ ਵਿਚ ਜਮ੍ਹਾਂ ਕਰਵਾਉਣ ਆਉਂਦਾ ਸੀ। ਮਹਾਨਗਰ ਵਿਚ ਕ੍ਰਾਈਮ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਹਨ। ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਹੁਣ ਉਨ੍ਹਾਂ ਨੂੰ ਪੁਲਿਸ ਦਾ ਵੀ ਕੋਈ ਖੌਫ ਨਹੀਂ।