ਪੰਜਾਬ ‘ਚ ਡੇਂਗੂ ਦੇ 440 ਮਾਮਲੇ ਆਏ ਸਾਹਮਣੇ, ਅੱਖਾਂ ‘ਚ ਫਲੂ ਦਾ ਖ਼ਤਰਾ ਵੀ ਵਧਿਆ

0
262

ਚੰਡੀਗੜ੍ਹ| ਪੰਜਾਬ ‘ਚ ਹੁਣ ਤੱਕ ਡੇਂਗੂ ਦੇ 440 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ 114 ਐਕਟਿਵ ਕੇਸ ਹਨ। ਇਸ ਤੋਂ ਇਲਾਵਾ ਸਿਹਤ ਵਿਭਾਗ ਨੇ ਲੋਕਾਂ ਨੂੰ ਅੱਖਾਂ ਦੇ ਫਲੂ ਅਤੇ ਸਕਿਨ ਇਨਫੈਕਸ਼ਨ ਤੋਂ ਬਚਣ ਦੀ ਸਲਾਹ ਵੀ ਦਿੱਤੀ ਹੈ। ਸੂਬੇ ਭਰ ਵਿੱਚ ਡੇਂਗੂ ਦੇ 10 ਹੌਟਸਪੌਟਸ ਦੀ ਪਛਾਣ ਕੀਤੀ ਗਈ ਹੈ। ਜਿੱਥੇ ਨਿਗਰਾਨੀ ਲਈ ਸਿਹਤ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਅਧਿਕਾਰੀਆਂ ਵੱਲੋਂ ਰੋਜ਼ਾਨਾ ਉਨ੍ਹਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ।

ਇਸ ਤੋਂ ਇਲਾਵਾ 855 ਬਰੀਡਿੰਗ ਚੈਕਰਾਂ ਦੀਆਂ ਸੇਵਾਵਾਂ ਵੀ ਲਈਆਂ ਜਾ ਰਹੀਆਂ ਹਨ। ਇਹ ਜਾਣਕਾਰੀ ਸੋਮਵਾਰ ਨੂੰ ਸਿਹਤ ਮੰਤਰੀ ਬਲਬੀਰ ਸਿੰਘ ਨੇ ਦਿੱਤੀ। ਉਨ੍ਹਾਂ ਸੂਬੇ ਵਿੱਚ ਪਾਣੀ ਅਤੇ ਵੈਕਟਰ ਬੋਰਨ ਬਿਮਾਰੀਆਂ ਨੂੰ ਫੈਲਣ ਤੋਂ ਰੋਕਣ ਲਈ ਢੁਕਵੇਂ ਕਦਮ ਚੁੱਕਣ ਲਈ ਅੰਤਰ-ਵਿਭਾਗੀ ਤਾਲਮੇਲ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਦੱਸਿਆ ਕਿ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਦੇ ਕੇਸਾਂ ਵਿੱਚ ਵਾਧਾ ਹੋਣ ਦੀ ਸੂਰਤ ਵਿੱਚ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਨਾਲ ਨਜਿੱਠਣ ਲਈ ਸਿਹਤ ਵਿਭਾਗ ਵੱਲੋਂ 1300 ਬਿਸਤਰਿਆਂ ਵਾਲੇ ਵਿਸ਼ੇਸ਼ ਵਾਰਡ ਬਣਾਏ ਗਏ ਹਨ।

ਮੀਟਿੰਗ ਵਿੱਚ ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ, ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਵੀ ਹਾਜ਼ਰ ਸਨ। ਦੱਸ ਦੇਈਏ ਕਿ ਡੇਂਗੂ ਅਤੇ ਮਲੇਰੀਆ ਦਾ ਟੈਸਟ ਅਤੇ ਇਲਾਜ ਸਾਰੀਆਂ ਸਰਕਾਰੀ ਸਿਹਤ ਸਹੂਲਤਾਂ ਵਿੱਚ ਬਿਲਕੁਲ ਮੁਫ਼ਤ ਹੈ। ਵਿਅਕਤੀ ਇਲਾਜ ਲਈ ਸਰਕਾਰੀ ਸਿਹਤ ਸਹੂਲਤਾਂ ਵਿੱਚ ਜਾ ਸਕਦੇ ਹਨ।