ਚੰਡੀਗੜ੍ਹ| ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੁਣਛ ਹਮਲੇ ਵਿਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਟਵੀਟ ਕੀਤਾ ਹੈ ਕਿ “ਰਾਸ਼ਟਰੀ ਰਾਈਫਲਜ਼ ਦੇ ਪੰਜ ਜਵਾਨ ਜਿਨ੍ਹਾਂ ਵਿਚੋਂ ਚਾਰ ਜਵਾਨ ਪੰਜਾਬ ਤੋਂ ਸਨ, ਇਕ ਅੱਤਵਾਦੀ ਹਮਲੇ ਵਿਚ ਸ਼ਹੀਦ ,ਸਰਹੱਦਾਂ ਦੇ ਰੱਖਵਾਲੇ ਅਮਰ ਰਹੇ,ਪਰਿਵਾਰਾਂ ਨੂੰ ਵਾਹਿਗੁਰੂ ਭਾਣਾ ਮੰਨਣ ਦਾ ਬਲ ਬਖਸ਼ੇ, ਪ੍ਰਣਾਮ ਸ਼ਹੀਦਾਂ ਨੂੰ।”
ਦੱਸ ਦਈਏ ਕਿ ਬੀਤੇ ਦਿਨ ਜੰਮੂ ਕਸ਼ਮੀਰ ਦੇ ਪੁਣਛ ਇਲਾਕੇ ’ਚ ਦਹਿਸ਼ਤਗਰਦਾਂ ਨੇ ਭਾਰਤੀ ਫੌਜ ਦੇ ਜਵਾਨਾਂ ਨੂੰ ਲਿਜਾ ਰਹੇ ਇਕ ਵਾਹਨ ’ਤੇ ਹਮਲਾ ਕੀਤਾ, ਜਿਸ ਵਿੱਚ ਫੌਜ ਦੇ ਪੰਜ ਜਵਾਨ ਸ਼ਹੀਦ ਹੋ ਗਏ ਜਦਕਿ ਇੱਕ ਹੋਰ ਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖਮੀ ਜਵਾਨ ਨੂੰ ਤੁਰੰਤ ਰਾਜੌਰੀ ਦੇ ਆਰਮੀ ਹਸਪਤਾਲ ਪਹੁੰਚਾਇਆ ਗਿਆ।
ਇਹ ਹਮਲਾ ਉਸ ਸਮੇਂ ਹੋਇਆ ਜਦੋਂ ਫੌਜ ਦਾ ਵਾਹਨ ਪੁਣਛ ਜ਼ਿਲ੍ਹੇ ’ਚ ਭਿੰਬਰ ਗਲੀ ਤੋਂ ਸੰਗੀਓਟ ਵੱਲ ਜਾ ਰਿਹਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਰਾਸ਼ਟਰੀ ਰਾਈਫਲਜ ਦੇ ਸ਼ਹੀਦ ਹੋਏ ਪੰਜ ਜਵਾਨਾਂ ਵਿਚੋਂ ਚਾਰ ਪੰਜਾਬ ਤੋਂ ਸਨ। ਸ਼ਹੀਦ ਜਵਾਨਾਂ ਵਿਚ ਮਨਦੀਪ ਸਿੰਘ, ਸੇਵਕ ਸਿੰਘ, ਹਰਕ੍ਰਿਸ਼ਨ ਸਿੰਘ, ਕੁਲਵੰਤ ਸਿੰਘ ਅਤੇ ਦੇਬਅਸ਼ੀਸ਼ ਬਸਵਾਲ ਸ਼ਾਮਲ ਹਨ।,