ਚੰਡੀਗੜ੍ਹ, 23 ਸਤੰਬਰ| ਕੇਂਦਰੀ ਗ੍ਰਹਿ ਮੰਤਰਾਲੇ ਨੇ ਜਾਅਲੀ ਦਸਤਾਵੇਜ਼ਾਂ ਰਾਹੀਂ ਭਾਰਤ ਤੋਂ ਗ਼ੈਰ-ਕਾਨੂੰਨੀ ਢੰਗ ਨਾਲ ਵਿਦੇਸ਼ਾਂ ਵਿਚ ਪਹੁੰਚਣ ਵਾਲੇ ਦਹਿਸ਼ਤਗਰਦਾਂ ਅਤੇ ਗੈਂਗਸਟਰਾਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਮਾਮਲੇ ਦੀ ਜਾਂਚ ਐਨ.ਆਈ.ਏ. ਨੂੰ ਸੌਂਪ ਦਿਤੀ ਹੈ।
ਜਾਣਕਾਰੀ ਮੁਤਾਬਕ 368 ਦਹਿਸ਼ਤਗਰਦ ਅਤੇ ਗੈਂਗਸਟਰ ਫਰਜ਼ੀ ਪਾਸਪੋਰਟਾਂ ਅਤੇ ਹੋਰ ਗੈਰ-ਕਾਨੂੰਨੀ ਤਰੀਕਿਆਂ ਨਾਲ ਅਮਰੀਕਾ ਅਤੇ ਕੈਨੇਡਾ ਪਹੁੰਚਣ ‘ਚ ਕਾਮਯਾਬ ਹੋਏ ਹਨ। ਇਨ੍ਹਾਂ ਸਭ ਦਾ ਨੈੱਟਵਰਕ ਪੰਜਾਬ, ਦਿੱਲੀ ਅਤੇ ਯੂ.ਪੀ. ਵਿਚ ਫੈਲਿਆ ਹੋਇਆ ਹੈ। ਇਸ ਲਈ ਐਨ.ਆਈ.ਏ. ਨੇ ਪੰਜਾਬ ਪੁਲਿਸ ਨਾਲ ਸਾਂਝਾ ਆਪ੍ਰੇਸ਼ਨ ਚਲਾਉਣ ਦਾ ਫ਼ੈਸਲਾ ਕੀਤਾ ਹੈ।
ਖ਼ਬਰਾਂ ਅਨੁਸਾਰ ਜ਼ਿਆਦਾਤਰ ਗੈਂਗਸਟਰ ਪੰਜਾਬ ਦੇ ਹਨ। ਇਥੋਂ ਦੀਆਂ ਜੇਲਾਂ ਵਿਚ ਬੰਦ ਉਨ੍ਹਾਂ ਦੇ ਸਾਥੀਆਂ ਤੋਂ ਐਨ.ਆਈ.ਏ. ਅਤੇ ਸੂਬਾ ਪੁਲਿਸ ਵਲੋਂ ਸਾਂਝੇ ਤੌਰ ’ਤੇ ਪੁਛਗਿਛ ਕੀਤੀ ਜਾਵੇਗੀ। ਸਬੰਧਤ ਅਦਾਲਤਾਂ ਵਿਚ ਇਸ ਦੀ ਪ੍ਰਵਾਨਗੀ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿਤੀ ਗਈ ਹੈ।
ਐਨ.ਆਈ.ਏ. ਨੇ ਪੰਜਾਬ ਪੁਲਿਸ ਨੂੰ ਇਕ ਸੂਚੀ ਭੇਜੀ ਹੈ ਜਿਸ ਵਿਚ ਪੁੱਛਿਆ ਗਿਆ ਹੈ ਕਿ ਇਹ ਗੈਂਗਸਟਰ ਪੰਜਾਬ ਦੇ ਕਿਸ ਜ਼ਿਲ੍ਹੇ ਦੇ ਹਨ ਅਤੇ ਇਹ ਕਦੋਂ ਪੰਜਾਬ ਅਤੇ ਭਾਰਤ ਛੱਡ ਕੇ ਗਏ ਸਨ
ਉਧਰ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਕਿਹਾ ਕਿ ਐਂਟੀ ਗੈਂਗਸਟਰ ਟਾਸਕ ਫੋਰਸ ਜਾਅਲੀ ਦਸਤਾਵੇਜ਼ ਤਿਆਰ ਕਰਕੇ ਗੈਂਗਸਟਰਾਂ ਨੂੰ ਵਿਦੇਸ਼ ਭੇਜਣ ਵਾਲੇ ਗਿਰੋਹ ਦੀ ਜਾਂਚ ਕਰ ਰਹੀ ਹੈ। ਇਹ ਸਾਰੀ ਕਾਰਵਾਈ ਇਕ ਅਹਿਮ ਸੂਚਨਾ ਦੇ ਆਧਾਰ ‘ਤੇ ਕੀਤੀ ਜਾ ਰਹੀ ਹੈ।