35 ਸਾਲਾ ਨੌਜਵਾਨ ਦੀ ਰੋਮਾਨੀਆ ‘ਚ ਮੌਤ, ਅੱਜ ਲਾਸ਼ ਪਿੰਡ ਪਹੁੰਚੀ ਤਾਂ ਸਦਮੇ ‘ਚ ਮਾਂ ਦੀ ਵੀ ਹੋਈ ਮੌਤ, ਦੋਹਾਂ ਦਾ ਇਕੱਠਿਆਂ ਕੀਤਾ ਸੰਸਕਾਰ

0
1922

ਹੁਸ਼ਿਆਰਪੁਰ (ਅਮਰੀਕ ਕੁਮਾਰ) | ਮਾਹਿਲਪੁਰ ਦੇ ਪਿੰਡ ਲੰਗੇਰੀ ਦੇ ਅਪ੍ਰੈਲ ਮਹੀਨੇ ਰੋਜ਼ੀ-ਰੋਟੀ ਕਮਾਉਣ ਰੋਮਾਨੀਆ ਗਏ 35 ਸਾਲਾ ਨੌਜਵਾਨ ਦੀ ਭੇਤਭਰੀ ਹਾਲਤ ਵਿਚ ਮੌਤ ਹੋ ਜਾਣ ਤੋਂ ਬਾਅਦ ਆਪਣੇ ਪੁੱਤਰ ਦੀ ਲਾਸ਼ ਉਡੀਕਦੀ ਮਾਂ ਵੀ ਅੱਜ ਸਵੇਰੇ ਚੱਲ ਵਸੀ।

ਦੁਪਹਿਰ 3 ਵਜੇ ਦੇ ਕਰੀਬ ਲਾਸ਼ ਪਿੰਡ ਪਹੁੰਚੀ, ਜਿੱਥੇ ਮਾਂ ਅਤੇ ਪੁੱਤਰ ਦੋਹਾਂ ਦਾ ਇਕੱਠਿਆਂ ਅੰਤਿਮ ਸੰਸਕਾਰ ਕੀਤਾ ਗਿਆ, ਜਿਸ ਕਾਰਨ ਸਾਰਾ ਪਿੰਡ ਅਤੇ ਇਲਾਕਾ ਸੋਗ ‘ਚ ਡੁੱਬ ਗਿਆ।

ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਕੁਲਦੀਪ ਸਿੰਘ ਭਾਖ਼ੜਾ ਨੰਗਲ ਦੇ ਇੱਕ ਏਜੰਟ ਰਾਹੀਂ ਅਪ੍ਰੈਲ ‘ਚ ਰੋਮਾਨੀਆ ਗਿਆ ਸੀ। 30 ਅਪ੍ਰੈਲ ਨੂੰ  ਉਨ੍ਹਾਂ ਆਪਣੇ ਲੜਕੇ ਨਾਲ ਵੀਡੀਓ ਕਾਲ ਕਰਕੇ ਗੱਲ ਕੀਤੀ ਤਾਂ ਸ਼ਾਮ ਨੂੰ ਏਜੰਟ ਦਾ ਫ਼ੋਨ ਆਇਆ ਕਿ ਕੁਲਦੀਪ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ।

ਉਨ੍ਹਾਂ ਦੱਸਿਆ ਕਿ 2 ਦਿਨਾਂ ਬਾਅਦ ਏਜੰਟ ਨੇ ਉਨ੍ਹਾਂ ਨੂੰ ਫ਼ੋਨ ਕਰਕੇ ਕਿਹਾ ਕਿ ਲਾਸ਼ ਲੰਗੇਰੀ ਲੈ ਕੇ ਆਉਣੀ ਹੈ ਅਤੇ ਉਹ ਹਲਫ਼ੀਆ ਬਿਆਨ ਦੇਣ। ਉਨ੍ਹਾਂ ਹਲਫ਼ੀਆ ਬਿਆਨ ਵੀ ਭੇਜ ਦਿੱਤਾ। 4 ਅਪ੍ਰੈਲ ਨੂੰ  ਏਜੰਟ ਨੇ ਉਨ੍ਹਾਂ ਨੂੰ  ਫੋਨ ਕਰਕੇ ਦੱਸਿਆ ਕਿ ਲਾਸ਼ ਭਾਰਤ ਆਉਣ ‘ਚ 8-10 ਦਿਨ ਲੱਗ ਜਾਣੇ ਹਨ ਪਰ ਲਾਸ਼ ਪਿੰਡ ਨਹੀਂ ਆ ਸਕੀ।

ਪਿੰਡ ਵਾਸੀਆਂ ਨੇ ਭਾਜਪਾ ਆਗੂ ਅਵਿਨਾਸ਼ ਰਾਏ ਖ਼ੰਨਾ, ਕਾਂਗਰਸ ਐੱਮਪੀ ਮਨੀਸ਼ ਤਿਵਾੜੀ ਤੇ ਆਪ ਆਗੂ ਭਗਵੰਤ ਮਾਨ ਨੂੰ ਅਪੀਲ ਕੀਤੀ ਸੀ, ਜਿਸ ਤੋਂ ਰੋਮਾਨੀਆ ‘ਚ ਭਾਰਤੀ ਦੂਤਾਵਾਸ ਦੀ ਦਖ਼ਲ-ਅੰਦਾਜ਼ੀ ਨਾਲ ਅੱਜ ਕੁਲਦੀਪ ਦੀ ਲਾਸ਼ 4 ਮਹੀਨਿਆਂ ਬਾਅਦ ਪਿੰਡ ਪਹੁੰਚੀ ਪਰ ਉਸ ਦੇ ਆਉਣ ਤੋਂ ਪਹਿਲਾਂ ਹੀ ਆਪਣੇ ਪੁੱਤਰ ਦਾ ਮੂੰਹ ਦੇਖ਼ਣ ਨੂੰ ਤਰਸਦੀ ਉਸ ਦੀ ਮਾਂ ਗੁਰਦੇਵ ਕੌਰ ਵੀ ਅਕਾਲ ਚਲਾਣਾ ਕਰ ਗਈ। ਇਕੱਠੇ ਹੀ ਮਾਂ-ਪੁੱਤ ਦਾ ਅੰਤਿਮ ਸੰਸਕਾਰ ਕੀਤਾ ਗਿਆ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)