ਲੁਧਿਆਣਾ ‘ਚ 3 ਨਾਬਾਲਗ ਲੜਕੀਆਂ ਲਾਪਤਾ, ਘਰੋਂ ਸਕੂਲ ਲਈ ਨਿਕਲੀਆਂ ਪਰ ਵਾਪਸ ਨਹੀਂ ਆਈਆਂ, ਘਰਦਿਆਂ ਨੂੰ ਕਿਡਨੈਪਿੰਗ ਦਾ ਸ਼ੱਕ

0
814

ਲੁਧਿਆਣਾ, 7 ਦਸੰਬਰ| ਲੁਧਿਆਣਾ ‘ਚ 4 ਦਿਨਾਂ ‘ਚ 3 ਕੁੜੀਆਂ ਲਾਪਤਾ ਹੋ ਗਈਆਂ ਹਨ। ਤਿੰਨੋਂ ਲੜਕੀਆਂ ਸਕੂਲ ਗਈਆਂ ਸਨ, ਜਿਸ ਤੋਂ ਬਾਅਦ ਘਰ ਵਾਪਸ ਨਹੀਂ ਆਈਆਂ। ਸਬੰਧਤ ਥਾਣੇ ਦੀ ਪੁਲਿਸ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ’ਤੇ ਭਾਲ ਸ਼ੁਰੂ ਕਰ ਦਿੱਤੀ ਹੈ।

ਪਹਿਲਾ ਮਾਮਲਾ ਥਾਣਾ ਸਾਹਨੇਵਾਲ ਦਾ ਹੈ। ਲਾਪਤਾ ਲੜਕੀ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹ ਉੱਤਰ ਪ੍ਰਦੇਸ਼ ਦੀ ਰਹਿਣ ਵਾਲੇ  ਹਨ। ਉਹ ਸ਼ਹਿਰ ਦੇ ਗਿਆਸਪੁਰਾ ਦੇ ਮਹਾਲਕਸ਼ਮੀ ਇਲਾਕੇ ‘ਚ ਰਹਿੰਦੇ ਹਨ। ਉਨ੍ਹਾਂ ਦੇ ਮਾਮੇ ਦੀ 11 ਸਾਲ ਦੀ ਬੇਟੀ  ਇਥੇ ਪੜ੍ਹਦੀ ਹੈ। ਉਹ ਉਨ੍ਹਾਂ ਦੀ 17 ਸਾਲਾ ਧੀ ਨਾਲ ਸਕੂਲ ਗਈ ਹੋਈ ਸੀ। ਦੋਵੇਂ ਵਾਪਸ ਨਹੀਂ ਆਈਆਂ। ਉਨ੍ਹਾਂ ਨੂੰ ਸ਼ੱਕ ਹੈ ਕਿ ਦੋਵੇਂ ਭੈਣਾਂ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਅਗਵਾ ਕਰ ਲਿਆ ਹੈ।

ਜਾਂਚ ਅਧਿਕਾਰੀ ਬੇਅੰਤ ਸਿੰਘ ਨੇ ਦੱਸਿਆ ਕਿ ਸ਼ਿਕਾਇਤ ‘ਤੇ ਆਈਪੀਸੀ ਦੀ ਧਾਰਾ 362 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਦੋਵਾਂ ਲੜਕੀਆਂ ਦੀ ਬਰਾਮਦਗੀ ਲਈ ਛਾਪੇਮਾਰੀ ਕਰ ਰਹੀ ਹੈ।

ਜਵਾਹਰ ਨਗਰ ਕੈਂਪ ਦੀ ਲੜਕੀ 5 ਦਸੰਬਰ ਤੋਂ ਲਾਪਤਾ ਹੈ
ਦੂਜੇ ਮਾਮਲੇ ‘ਚ ਇਕ ਔਰਤ ਨੇ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੂੰ ਸ਼ਿਕਾਇਤ ਦਿੰਦੇ ਹੋਏ ਕਿਹਾ ਕਿ ਉਹ ਜਵਾਹਰ ਨਗਰ ਕੈਂਪ ਦੀ ਰਹਿਣ ਵਾਲੀ ਹੈ। ਉਸ ਦੀ 17 ਸਾਲਾ ਬੇਟੀ 5 ਦਸੰਬਰ ਨੂੰ ਸਵੇਰੇ 9.30 ਵਜੇ ਜਵਾਹਰ ਨਗਰ ਸਕੂਲ ‘ਚ ਪੜ੍ਹਨ ਲਈ ਘਰੋਂ ਗਈ ਸੀ। ਲੜਕੀ ਨਾ ਤਾਂ ਸਕੂਲ ਪਹੁੰਚੀ ਅਤੇ ਨਾ ਹੀ ਘਰ ਪਰਤੀ। ਉਸ ਨੂੰ ਸ਼ੱਕ ਹੈ ਕਿ ਉਸ ਦੀ ਲੜਕੀ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਕਿਤੇ ਲੁਕੋ ਦਿੱਤਾ ਹੈ।

ਜਾਂਚ ਅਧਿਕਾਰੀ ਸੁਖਵਿੰਦਰ ਸਿੰਘ ਨੇ ਆਈਪੀਸੀ ਦੀ ਧਾਰਾ 346 ਤਹਿਤ ਮਾਮਲਾ ਦਰਜ ਕਰਕੇ ਲੜਕੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।