ਸੰਗਰੂੂਰ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 3 ਮਜ਼ਦੂਰਾਂ ਦੀ ਮੌਤ, ਸੌਣ ਤੋਂ ਬਾਅਦ ਨਹੀਂ ਉਠੇ

0
2599

ਸੰਗਰੂਰ/ਸੁਨਾਮ | ਨੇੜਲੇ ਪਿੰਡ ਨਮੋਲ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਨਾਲ 3 ਮਜ਼ਦੂਰਾਂ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਚੀਮਾ ਮੰਡੀ ਦੇ ਐਸਐਚਓ ਲਖਵੀਰ ਸਿੰਘ ਨੇ ਦੱਸਿਆ ਕਿ ਪਿੰਡ ਨਮੋਲ ਦੇ ਚਮਕੌਰ ਸਿੰਘ (50) ਪੁੱਤਰ ਦਰਸ਼ਨ ਸਿੰਘ, ਗੁਰਮੇਲ ਸਿੰਘ (50) ਪੁੱਤਰ ਹਰੀ ਸਿੰਘ ਅਤੇ ਗੁਰਤੇਜ ਸਿੰਘ (50) ਪੁੱਤਰ ਹਰਨੇਕ ਸਿੰਘ 7 ਅਪ੍ਰੈਲ ਦੀ ਰਾਤ ਨੂੰ ਸ਼ਰਾਬ ਪੀ ਕੇ ਸੌਂ ਗਏ, ਜੋ ਅੱਜ ਸਵੇਰੇ ਉੱਠੇ ਨਹੀਂ। ਪਰਿਵਾਰ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ। ਬਾਅਦ ਵਿਚ ਪਤਾ ਲੱਗਾ ਕਿ ਉਨ੍ਹਾਂ ਦੀ ਮੌਤ ਹੋ ਗਈ ਹੈ।

ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ ਅਤੇ ਪੜਤਾਲ ਉਪਰੰਤ ਜੋ ਵੀ ਗੱਲ ਸਾਹਮਣੇ ਆਵੇਗੀ, ਉਸ ਅਨੁਸਾਰ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਉਕਤ ਤਿੰਨੋ ਵਿਅਕਤੀ ਮਜ਼ਦੂਰੀ ਕਰਦੇ ਸਨ।

ਚਮਕੌਰ ਸਿੰਘ ਦੀ ਪਤਨੀ ਦਾ ਕਹਿਣਾ ਹੈ ਕਿ ਉਸ ਦਾ ਪਤੀ ਰੋਜ਼ ਸ਼ਰਾਬ ਪੀ ਕੇ ਆਉਂਦਾ ਸੀ। ਅੱਜ ਸਵੇਰੇ ਉਹ ਕਾਫੀ ਦੇਰ ਤੱਕ ਨਹੀਂ ਉਠਿਆ ਤਾਂ ਉਸ ਨੇ ਚਾਦਰ ਚੁੱਕ ਕੇ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਚਮਕੌਰ ਸਿੰਘ ਦੀ ਪਤਨੀ ਨੇ ਦੱਸਿਆ ਕਿ ਉਸ ਦੇ ਘਰ ਵਿਚ ਕਮਾਉਣ ਵਾਲਾ ਇਕੱਲਾ ਓਹੀ ਸੀ।