ਤਰਨਤਾਰਨ ‘ਚ KTF ਨਾਲ ਜੁੜੇ 3 ਅੱਤਵਾਦੀ ਟਿਫਨ ਬੰਬ, ਹੈਂਡ ਗ੍ਰਨੇਡ ਤੇ ਪਿਸਤੌਲ ਸਣੇ ਗ੍ਰਿਫ਼ਤਾਰ

0
2171

ਚੰਡੀਗੜ੍ਹ/ਤਰਨਤਾਰਨ/ਮੋਗਾ |  ਪੁਲਿਸ ਨੇ ਤਰਨਤਾਰਨ ਦੇ ਭਿੱਖੀਵਿੰਡ ਇਲਾਕੇ ਦੇ ਪਿੰਡ ਭਗਵਾਨਪੁਰਾ ਕੋਲੋਂ ਖਾਲਿਸਤਾਨ ਟਾਈਗਰ ਫੋਰਸ (ਕੇਟੀਐੱਫ) ਦੇ 3 ਅੱਤਵਾਦੀਆਂ ਨੂੰ ਗ੍ਰਿਫਤਾਰ ਕਰਕੇ ਇਕ ਹੋਰ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਕੋਲੋਂ 2 ਟਿਫਨ ਬੰਬ, 2 ਹੈਂਡ ਗ੍ਰਨੇਡ (86 ਪੀ), 9 ਐੱਮਐੱਮ ਦੇ 3 ਪਿਸਤੌਲ ਤੇ 45 ਕਾਰਤੂਸ ਬਰਾਮਦ ਹੋਏ।

ਆਰੋਪੀਆਂ ਦੀ ਪਛਾਣ ਕੰਵਰਪਾਲ ਸਿੰਘ, ਕੁਲਵਿੰਦਰ ਸਿੰਘ ਤੇ ਕਮਲਪ੍ਰੀਤ ਸਿੰਘ ਵਜੋਂ ਹੋਈ। ਇਹ ਸਾਰੇ ਮੋਗਾ ਜ਼ਿਲੇ ਨਾਲ ਸਬੰਧਿਤ ਹਨ। ਦੱਸਿਆ ਜਾ ਰਿਹਾ ਹੈ ਕਿ ਤਿੰਨਾਂ ‘ਤੇ ਇਕ ਡੇਰਾ ਪ੍ਰੇਮੀ ਦੀ ਹੱਤਿਆ ਅਤੇ ਇਕ ਪੁਜਾਰੀ ‘ਤੇ ਜਾਨਲੇਵਾ ਹਮਲਾ ਕਰਨ ਦਾ ਕੇਸ ਦਰਜ ਹੈ। ਕੰਵਰਪਾਲ ਨੇ ਖੁਲਾਸਾ ਕੀਤਾ ਕਿ ਉਹ ਇਸ ਸਮੇਂ ਆਈਲੈੱਟਸ ਕਰ ਰਿਹਾ ਹੈ ਤੇ 2 ਹਫ਼ਤੇ ਪਹਿਲਾਂ ਕੈਨੇਡਾ ਤੋਂ ਵਾਪਸ ਆਇਆ ਸੀ।

ਤਿੰਨੇ ਆਰੋਪੀ KTF ਦੇ ਕੈਨੇਡਾ ਸਥਿਤ ਮੁਖੀ ਹਰਦੀਪ ਸਿੰਘ ਨਿੱਝਰ ਦੇ ਨਿਰਦੇਸ਼ਾਂ ‘ਤੇ ਕੰਮ ਕਰਦੇ ਸਨ।

ਵਧੀਕ ਡਾਇਰੈਕਟਰ ਜਨਰਲ ਪੁਲਿਸ (ਅੰਦਰੂਨੀ ਸੁਰੱਖਿਆ) ਆਰ ਐੱਨ ਢੋਕੇ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਲੋਕ ਪਾਕਿਸਤਾਨ ਤੋਂ ਡਰੋਨ ਰਾਹੀਂ ਹਥਿਆਰ ਲੈ ਕੇ ਆਉਣ ਵਾਲੇ ਹਨ, ਜਿਸ ਤੋਂ ਬਾਅਦ ਭਗਵਾਨਪੁਰਾ ਕੋਲ ਪੁਲਿਸ ਨੇ ਨਾਕਾਬੰਦੀ ਕਰ ਰੱਖੀ ਸੀ।

ਇਸ ਦੌਰਾਨ ਪੁਲਿਸ ਨੇ ਸਫੈਦ ਰੰਗ ਦੀ ਸਵਿਫਟ ਕਾਰ (ਪੀਬੀ 29 ਏਡੀ 6808) ਨੂੰ ਰੋਕਿਆ, ਤਿੰਨਾਂ ਆਰੋਪੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਨ੍ਹਾਂ ਨੂੰ ਫੜ ਲਿਆ।