6 ਸਾਲਾ ਮਾਸੂਮ ਦੇ 3 ਕਾਤਲ ਗ੍ਰਿਫਤਾਰ, ਪਿੰਡ ਕੋਟਲੀ ਕਲਾਂ ‘ਚ ਮੋਟਰਸਾਈਕਲ ਸਵਾਰਾਂ ਨੇ ਅੰਜਾਮ ਦਿੱਤੀ ਸੀ ਘਟਨਾ

0
1353

ਮਾਨਸਾ | ਮਾਸੂਮ ਉਦੈਵੀਰ ਨੂੰ ਮਾਰਨ ਵਾਲੇ ਆਰੋਪੀਆਂ ਨੂੰ ਮਾਨਸਾ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ। SSP ਨਾਨਕ ਸਿੰਘ ਨੇ ਦੱਸਿਆ ਕਿ ਕਾਤਲਾਂ ਦਾ ਨਿਸ਼ਾਨਾ ਬੱਚੇ ਦਾ ਪਿਤਾ ਸੀ ਪਰ ਗੋਲੀ ਉਦੈਵੀਰ ਸਿੰਘ ਨੂੰ ਲੱਗੀ, ਜਿਸ ਕਾਰਨ ਉਸਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਵਾਰਦਾਤ ਲਈ ਵਰਤੀ ਦੇਸੀ ਪਿਸਤੌਲ ਵੀ ਬਰਾਮਦ ਕਰ ਲਈ ਹੈ। ਤਿੰਨਾਂ ਆਰੋਪੀਆਂ ਵਿਚੋਂ ਦੋ ਸਕੇ ਭਰਾ ਹਨ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮਾਨਸਾ ਦੇ ਪਿੰਡ ਕੋਟਲੀ ਕਲਾਂ ’ਚ ਬਾਈਕ ਸਵਾਰਾਂ ਨੇ 6 ਸਾਲ ਦੇ ਬੱਚੇ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਸੀ। ਗੋਲੀ ਦੇ ਛਰੇ ਲੱਗਣ ਕਾਰਨ ਬੱਚੇ ਦੀ ਭੈਣ ਵੀ ਜ਼ਖ਼ਮੀ ਹੋ ਗਈ ਸੀ। ਇਹ ਹਮਲਾ ਉਦੋਂ ਹੋਇਆ ਸੀ ਜਦੋਂ ਜਸਪ੍ਰੀਤ ਸਿੰਘ ਆਪਣੇ 6 ਸਾਲਾ ਬੱਚੇ ਉਦੈਵੀਰ ਤੇ ਧੀ ਨਵਸੀਰਤ ਨਾਲ ਆਪਣੇ ਘਰ ਵੱਲ ਪੈਦਲ ਜਾ ਰਿਹਾ ਸੀ। ਮੋਟਰਸਾਈਕਲ ’ਤੇ 2 ਅਣਪਛਾਤੇ ਵਿਅਕਤੀ ਆਏ ਤੇ ਗੋਲ਼ੀ ਚਲਾ ਦਿੱਤੀ ਜੋ ਬੱਚੇ ਉਦੈਵੀਰ ਨੂੰ ਲੱਗੀ।

ਗੋਲ਼ੀ ਲੱਗਣ ਕਾਰਨ ਬੱਚੇ ਉਦੈਵੀਰ ਦੀ ਮੌਤ ਹੋ ਗਈ ਜਦਕਿ ਬੱਚੀ ਨਵਸੀਰਤ ਨੂੰ ਛਰੇ ਵੱਜੇ। ਇਹ ਹਮਲਾ ਵੀਰਵਾਰ ਸ਼ਾਮ ਤਕਰੀਬਨ ਸਵਾ ਸੱਤ ਵਜੇ ਕੀਤਾ ਗਿਆ ਸੀ। ਗੋਲ਼ੀ ਲੱਗਣ ਤੋਂ ਬਾਅਦ ਬੱਚੇ ਨੂੰ ਹਸਪਤਾਲ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ।