ਲੁਧਿਆਣਾ ‘ਚ ATM ਨਾਲ ਛੇੜਛਾੜ ਕਰਦੇ 3 ਕਾਬੂ, ਲੋਕਾਂ ਨੇ ਇੰਝ ਪਲਾਨ ਬਣਾ ਕੇ ਫੜਿਆ

0
170

ਲੁਧਿਆਣਾ, 8 ਜਨਵਰੀ | ਲੋਕਾਂ ਨੇ ਬਹਾਦਰੀ ਦਿਖਾਉਂਦੇ ਹੋਏ ATM ਨਾਲ ਛੇੜਛਾੜ ਕਰਨ ਵਾਲੇ ਗਿਰੋਹ ਨੂੰ ਫੜ ਲਿਆ। ਠੱਗਾਂ ਨੇ ਏ.ਟੀ.ਐਮ. ਦੇ ਅੰਦਰ ਦਾਖਲ ਹੋ ਕੇ ਲੋਹੇ ਦੀ ਰਾਡ ਦੀ ਵਰਤੋਂ ਕਰ ਕੇ ਪੈਸੇ ਕਢਵਾਉਣ ਦੀ ਕੋਸ਼ਿਸ਼ ਕੀਤੀ ਪਰ ਏ.ਟੀ.ਐਮ. ਦੇ ਬਾਹਰ ਖੜ੍ਹੇ ਲੋਕਾਂ ਨੇ ਏ.ਟੀ.ਐਮ ਦਾ ਸ਼ਟਰ ਬੰਦ ਕਰ ਕੇ ਪੁਲਿਸ ਹਵਾਲੇ ਕਰ ਦਿੱਤਾ।

ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਜਲੰਧਰ ਦੇ ਨੂਰ ਮਹਿਲ ਸ਼ਹਿਰ ਦੇ ਰਹਿਣ ਵਾਲੇ ਹਨ। ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ। ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਵਿਪਨ ਚੰਦਰ ਨੇ ਦੱਸਿਆ ਕਿ ਉਨ੍ਹਾਂ ਨੂੰ ਦੀਆਸ ਸਕੂਲ ਤਾਜਪੁਰ ਰੋਡ ‘ਤੇ ਇਕ ਵਿਅਕਤੀ ਨੇ ਦੱਸਿਆ ਕਿ ਉਹ ਏ.ਟੀ.ਐੱਮ ‘ਚੋਂ ਪੈਸੇ ਕਢਵਾਉਣ ਗਿਆ ਸੀ ਪਰ ਏ.ਟੀ.ਐੱਮ ‘ਚੋਂ ਪੈਸੇ ਨਹੀਂ ਨਿਕਲੇ। ਇਸ ਤੋਂ ਬਾਅਦ ਉਸ ਨੇ ਏਟੀਐਮ ਦੇ ਅੰਦਰ ਜਾ ਕੇ ਜਾਂਚ ਕੀਤੀ। ਉਸ ਨੇ ਦੇਖਿਆ ਕਿ ਏਟੀਐਮ ਮਸ਼ੀਨ ਵਿਚੋਂ ਪੈਸੇ ਕਢਵਾਉਣ ਵਾਲੀ ਥਾਂ ’ਤੇ ਲੋਹੇ ਦੀ ਪਲੇਟ ਲੱਗੀ ਹੋਈ ਸੀ। ਜਦੋਂ ਗਾਹਕ ਨੇ ਪਲੇਟ ਉਤਾਰੀ ਤਾਂ 1000 ਰੁਪਏ ਨਿਕਲੇ।

ਜਦੋਂ ਏਟੀਐਮ ਦੀ ਸੀਸੀਟੀਵੀ ਫੁਟੇਜ ਚੈੱਕ ਕੀਤੀ ਗਈ ਤਾਂ ਪਤਾ ਲੱਗਾ ਕਿ ਦੋ ਵਿਅਕਤੀ ਏਟੀਐਮ ਮਸ਼ੀਨ ’ਤੇ ਪਲੇਟਾਂ ਚਿਪਕਾਉਂਦੇ ਹੋਏ ਫੜੇ ਗਏ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕ ਵੀ ਚੌਕਸ ਹੋ ਗਏ। ਏ.ਟੀ.ਐਮ ਦੀ ਨਿਗਰਾਨੀ ਇਲਾਕਾ ਨਿਵਾਸੀ ਕੁਲਦੀਪ ਸਿੰਘ ਵੱਲੋਂ ਕੀਤੀ ਜਾ ਰਹੀ ਸੀ। ਕੁਝ ਦੇਰ ਬਾਅਦ ਦੋ ਨੌਜਵਾਨ ਅਤੇ ਇੱਕ ਔਰਤ ਏਟੀਐਮ ਮਸ਼ੀਨ ਦੇ ਨੇੜੇ ਆ ਗਏ। ਇੱਕ ਨੌਜਵਾਨ ਅਤੇ ਔਰਤ ਏਟੀਐਮ ਮਸ਼ੀਨ ਵਾਲੇ ਕਮਰੇ ਵਿਚ ਗਏ। ਇਕ ਨੌਜਵਾਨ ਏਟੀਐਮ ਦੇ ਬਾਹਰ ਖੜ੍ਹਾ ਰਿਹਾ। ਇਸ ਦੌਰਾਨ ਸਾਰਿਆਂ ਨੇ ਏਟੀਐਮ ਮਸ਼ੀਨ ਦਾ ਸ਼ਟਰ ਹੇਠਾਂ ਖਿੱਚ ਲਿਆ।

ਚੋਰ ਕਾਫੀ ਦੇਰ ਅੰਦਰ ਅੰਦਰ ਰੌਲਾ ਪਾਉਂਦੇ ਰਹੇ। ਇਸ ਦੌਰਾਨ ਪੁਲਿਸ ਨੂੰ ਸੂਚਨਾ ਦਿੱਤੀ ਗਈ। ਲੋਕਾਂ ਨੇ ਬਾਹਰ ਖੜ੍ਹੇ ਚੋਰ ਦੇ ਸਾਥੀ ਨੂੰ ਵੀ ਫੜ ਲਿਆ। ਪੁਲਿਸ ਨੇ ਤਿੰਨਾਂ ਮੁਲਜ਼ਮਾਂ ਕੋਲੋਂ ਇੱਕ ਲਾਲ ਰੰਗ ਦੀ ਬੰਦੂਕ, ਏਟੀਐਮ ਕਾਰਡ ਅਤੇ ਲੋਹੇ ਦੀ ਰਾਡ ਬਰਾਮਦ ਕੀਤੀ ਹੈ। ਐਸਐਚਓ ਭੁਪਿੰਦਰ ਸਿੰਘ ਨੇ ਦੱਸਿਆ ਕਿ ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਮੁਲਜ਼ਮਾਂ ਦੀ ਪਛਾਣ ਰਾਮ ਚੰਦ, ਸੰਜੂ ਅਤੇ ਮਮਤਾ ਵਾਸੀ ਨੂਰ ਮਹਿਲ, ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ। ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਉਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਹੋਰ ਵਾਰਦਾਤਾਂ ਦਾ ਵੀ ਖੁਲਾਸਾ ਹੋ ਸਕੇ।