ਪੀਜੀਆਈ ‘ਚ ਜ਼ਹਿਰੀਲਾ ਟੀਕਾ ਲੱਗਣ ਤੋਂ 27 ਦਿਨਾਂ ਬਾਅਦ ਔਰਤ ਨੇ ਤੋੜਿਆ ਦਮ, ਪ੍ਰੇਮ ਵਿਆਹ ਤੋਂ ਖਫ਼ਾ ਭਰਾ ਨੇ ਬਣਾਈ ਸੀ ਹੱਤਿਆ ਦੀ ਯੋਜਨਾ

0
279

ਚੰਡੀਗੜ੍ਹ, 11 ਦਸੰਬਪਰ|  ਪੀਜੀਆਈ ਵਿੱਚ ਜ਼ਹਿਰੀਲਾ ਟੀਕਾ ਲੱਗਣ ਤੋਂ 27 ਦਿਨ ਬਾਅਦ ਔਰਤ ਦੀ ਮੌਤ ਹੋ ਗਈ। ਪ੍ਰੇਮ ਵਿਆਹ ਕਾਰਨ ਔਰਤ ਹਰਪ੍ਰੀਤ ਕੌਰ ਨੂੰ ਉਸਦੇ ਭਰਾ ਜਸਮੀਤ ਸਿੰਘ ਨੇ ਜ਼ਹਿਰੀਲਾ ਟੀਕਾ ਲਗਾ ਦਿੱਤਾ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਉਸ ਦੇ ਮਾਮੇ ਦੀ ਲੜਕੀ ਤੇ ਉਸ ਦੇ ਪਤੀ ਬੂਟਾ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਸੀ।

ਇਹ ਮਾਮਲਾ ਵਿਆਹ ਤੋਂ ਬਾਅਦ ਕਤਲ ਦਾ ਸੀ। ਪੁਲਿਸ ਇਸ ਮੁੱਦੇ ‘ਤੇ ਕੰਮ ਕਰ ਰਹੀ ਸੀ। ਹਰਪ੍ਰੀਤ ਕੌਰ ਦੀ ਮੌਤ ਤੋਂ ਬਾਅਦ ਹੁਣ ਪੁਲਿਸ ਨੇ ਇਸ ‘ਚ ਕਤਲ ਦਾ ਮਾਮਲਾ ਵੀ ਦਰਜ ਕਰ ਲਿਆ ਹੈ।

ਮਨਦੀਪ ਸਿੰਘ ਹਸਪਤਾਲ ਵਿੱਚ ਆਯੂਸ਼ਮਾਨ ਕਾਰਡ ਬਣਾਉਂਦਾ ਸੀ
ਸਾਜ਼ਿਸ਼ ਰਚ ਕੇ ਜਸਮੀਤ ਸਿੰਘ ਅਤੇ ਬੂਟਾ ਸਿੰਘ ਨੇ ਇਸ ਮਾਮਲੇ ਵਿੱਚ ਮਨਦੀਪ ਸਿੰਘ ਨਾਲ ਸੰਪਰਕ ਕੀਤਾ। ਯੋਜਨਾ ਦੇ ਹਿੱਸੇ ਵਜੋਂ, ਮਨਦੀਪ ਸਿੰਘ ਨੇ ਦੇਖਭਾਲ ਕਰਨ ਵਾਲੀ ਲੜਕੀ ਜਸਪ੍ਰੀਤ ਕੌਰ ਨਾਲ ਸੰਪਰਕ ਕੀਤਾ। ਜਸਪ੍ਰੀਤ ਕੌਰ ਨੂੰ ਦੱਸਿਆ ਗਿਆ ਕਿ ਪੀਜੀਆਈ ਵਿੱਚ ਇੱਕ ਦਿਨ ਲਈ ਕੇਅਰਟੇਕਰ ਦੀ ਲੋੜ ਹੈ।

ਉਸ ਨੂੰ ਮਲਟੀਵਿਟਾਮਿਨ ਦਾ ਟੀਕਾ ਦੇਣਾ ਹੈ। ਇਸ ਦੇ ਲਈ ਉਸ ਨੂੰ 3,000 ਰੁਪਏ ਦਿੱਤੇ ਜਾਣਗੇ। ਜਿਸ ਵਿੱਚੋਂ ਮਨਦੀਪ ਨੇ ਉਸ ਨੂੰ 1000 ਰੁਪਏ ਆਨਲਾਈਨ ਟਰਾਂਸਫਰ ਵੀ ਕਰ ਦਿੱਤੇ।

ਨੀਂਦ ਦੀ ਗੋਲੀ ਅਤੇ ਸੈਨੀਟਾਈਜ਼ਰ ਤੋਂ ਬਣਾਇਆ ਇੰਜੈਕਸ਼ਨ
ਪੀ.ਜੀ.ਆਈ ਵਿਖੇ ਇਲਾਜ ਕਰ ਰਹੇ ਡਾਕਟਰਾਂ ਵੱਲੋਂ ਪੀੜਤਾ ਨੂੰ ਦਵਾਈ ਦੇਣ ਦੇ ਬਾਵਜੂਦ ਕੋਈ ਹੁੰਗਾਰਾ ਨਹੀਂ ਮਿਲ ਰਿਹਾ ਸੀ। ਇਸ ‘ਤੇ ਡਾਕਟਰਾਂ ਨੂੰ ਇਹ ਪਤਾ ਲਗਾਉਣਾ ਜ਼ਰੂਰੀ ਸੀ ਕਿ ਔਰਤ ਨੂੰ ਕਿਹੜਾ ਜ਼ਹਿਰੀਲਾ ਟੀਕਾ ਲਗਾਇਆ ਗਿਆ ਹੈ।

ਸਭ ਤੋਂ ਪਹਿਲਾਂ ਜਦੋਂ ਪੁਲਿਸ ਨੇ ਉਕਤ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਤਾਂ ਦੋਸ਼ੀਆਂ ਨੇ ਦੱਸਿਆ ਕਿ ਜਸਮੀਤ ਸਿੰਘ, ਬੂਟਾ ਸਿੰਘ ਅਤੇ ਮਨਦੀਪ ਸਿੰਘ ਨੇ ਯੂ-ਟਿਊਬ ‘ਤੇ ਦੇਖ ਕੇ ਜ਼ਹਿਰੀਲਾ ਟੀਕਾ ਲਗਾਉਣ ਦਾ ਤਰੀਕਾ ਲੱਭਿਆ ਸੀ। ਇਸ ਵਿਚ ਉਨ੍ਹਾਂ ਨੇ ਕਾਕਰੋਚ ਮਾਰਨ ਵਾਲੀ ਹਿੱਟ, ਸੈਨੀਟਾਈਜ਼ਰ ਅਤੇ ਪੰਜ ਨੀਂਦ ਦੀਆਂ ਗੋਲੀਆਂ ਦਾ ਮਿਸ਼ਰਣ ਬਣਾ ਕੇ ਇਕ ਟੀਕਾ ਤਿਆਰ ਕੀਤਾ ਸੀ।

50 ਹਜ਼ਾਰ ਰੁਪਏ ਐਡਵਾਂਸ ਦੇ ਦਿੱਤੇ
ਪੁਲਸ ਪੁੱਛਗਿੱਛ ‘ਚ ਸਾਹਮਣੇ ਆਇਆ ਕਿ ਜਸਮੀਤ ਸਿੰਘ ਨੇ 10 ਲੱਖ ਰੁਪਏ ‘ਚ ਸੌਦਾ ਤੈਅ ਕਰਨ ਤੋਂ ਬਾਅਦ ਆਪਣੇ ਜੀਜਾ ਬੂਟਾ ਸਿੰਘ ਨੂੰ 50 ਹਜ਼ਾਰ ਰੁਪਏ ਦਿੱਤੇ ਸਨ। ਬੂਟਾ ਸਿੰਘ ਨੇ ਅੱਗੇ ਇਹ ਪੈਸੇ ਮਨਦੀਪ ਸਿੰਘ ਨੂੰ ਦੇ ਦਿੱਤੇ। ਮਨਦੀਪ ਸਿੰਘ ਨੇ 50 ਹਜ਼ਾਰ ਵਿੱਚੋਂ 1 ਹਜ਼ਾਰ ਕੇਅਰਟੇਕਰ ਜਸਪ੍ਰੀਤ ਕੌਰ ਨੂੰ ਦਿੱਤੇ ਸਨ।