ਰੋਜ਼ੀ ਰੋਟੀ ਲਈ ਮਨੀਲਾ ਗਏ 26 ਸਾਲਾਂ ਪੰਜਾਬੀ ਨੌਜਵਾਨ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤਰ

0
196

ਲੁਧਿਆਣਾ, 24 ਨਵੰਬਰ | ਪਿੰਡ ਬੁਰਜ ਨਕਲੀਆ ਦੇ ਇੱਕ 26 ਸਾਲਾ ਨੌਜਵਾਨ ਦੀ ਮਨੀਲਾ ਵਿਚ ਅਚਾਨਕ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਜਿਸ ਦੀ ਅਚਾਨਕ ਮੌਤ ਹੋਣ ਕਾਰਨ ਮਾਪਿਆਂ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ, ਉਥੇ ਹੀ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਪਿਤਾ ਜਗਰੂਪ ਸਿੰਘ ਵਾਸੀ ਬੁਰਜ ਨਕਲੀਆਂ ਨੇ ਦੱਸਿਆ ਕਿ ਉਨ੍ਹਾਂ ਦਾ ਇਕਲੌਤਾ ਪੁੱਤਰ ਗੁਰਪ੍ਰੀਤ ਸਿੰਘ ਉਜਵਲ ਭਵਿੱਖ ਲਈ ਵਿਦੇਸ਼ ਵਿਚ ਜਾ ਕੇ ਸੈਟਲ ਹੋਣ ਚਾਹੁੰਦਾ ਸੀ।

ਜਿਸ ਤਹਿਤ ਉਹ 2017 ਵਿਚ ਮਨੀਲਾ ਵਿਖੇ ਚਲਾ ਗਿਆ, ਜਿਥੇ ਕੁੱਝ ਸਮੇਂ ਬਾਅਦ ਹੀ ਉਸ ਨੇ ਆਪਣਾ ਫਾਇਨਾਸ ਦਾ ਬਿਜ਼ਨਸ ਸ਼ੁਰੂ ਕੀਤਾ ਸੀ ਅਤੇ ਉਸ ਦਾ ਕੰਮ ਵਧੀਆ ਚੱਲ ਰਿਹਾ ਸੀ, ਸਗੋਂ 19 ਨਵੰਬਰ ਨੂੰ ਅੰਮ੍ਰਿਤਸਰ ਵਿਖੇ ਹੋਏ ਉਸ ਦੀ ਮਾਸੀ ਦੇ ਲੜਕੇ ਦਾ ਵਿਆਹ ਵੀਡਿਓ ਕਾਲ ’ਤੇ ਲਾਈਵ ਦੇਖਿਆ ਅਤੇ 4-5 ਘੰਟੇ ਉਹ ਲਾਈਵ ਰਾਹੀਂ ਉਨ੍ਹਾਂ ਨਾਲ ਜੁੜਿਆ ਰਿਹਾ ਪ੍ਰੰਤੂ ਸ਼ਾਮ ਨੂੰ ਜਦੋਂ ਉਨ੍ਹਾਂ ਨੇ ਉਸ ਨੂੰ ਫੋਨ ਕੀਤਾ ਤਾਂ ਉਸ ਨੇ ਫੋਨ ਨਹੀਂ ਚੁੱਕਿਆ, ਜਦਕਿ ਉਹ ਕਈ ਵਾਰ ਉਸ ਨੂੰ ਫੋਨ ਕਰਦੇ ਰਹੇ ਅਤੇ ਉਸ ਵੱਲੋਂ ਦੋ ਦਿਨ ਕੋਈ ਜਵਾਬ ਨਾ ਦੇਣ ’ਤੇ ਉਨ੍ਹਾਂ ਨੇ ਆਲੇ-ਦੁਆਲੇ ਕੁੱਝ ਵਿਅਕਤੀਆਂ ਨੂੰ ਫੋਨ ਕੀਤਾ ਤਾਂ ਉਨ੍ਹਾਂ ਨੇ ਦੱਸਿਆ ਕਿ ਗੁਰਪ੍ਰੀਤ ਆਪਣੇ ਕਮਰੇ ਵਿਚ ਮਿ੍ਰਤਕ ਹਾਲਤ ਵਿਚ ਪਿਆ।

ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਜਿਸ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ। ਇਸ ਮੌਕੇ ਗੁਰਪ੍ਰੀਤ ਦੇ ਪਿਤਾ ਜਗਰੂਪ ਸਿੰਘ ਤੇ ਮਾਤਾ ਗੁਰਮੀਤ ਸਿੰਘ ਨੇ ਉਸ ਵੱਲੋਂ ਜੂਡੋ-ਕਰਾਟੇ ਵਿਚ ਜਿੱਤੇ ਮੈਡਲ ਦਿਖਾਉਂਦਿਆ ਦੱਸਿਆ ਕਿ ਉਨ੍ਹਾਂ ਦਾ ਬੇਟਾ ਗੁਰਪ੍ਰੀਤ ਜੂਡੋ-ਕਰਾਟੇ ਦਾ ਬਹੁਤ ਵਧੀਆ ਖਿਡਾਰੀ ਸੀ ਅਤੇ ਉਹ ਨੈਸ਼ਨਲ ਤੱਕ ਖੇਡਿਆ ਸੀ, ਸਗੋਂ ਉਸ ਦੀ ਖੇਡ ਦੇ ਚਲਦੇ ਉਸ ਨੂੰ ਏਅਰ ਫੋਰਸ ਵਿਚ ਨੌਕਰੀ ਮਿਲਦੀ ਸੀ ਪਰ ਉਹ ਵਿਦੇਸ਼ ਜਾ ਕੇ ਸੈਟਲ ਹੋਣਾ ਚਾਹੁੰਦਾ ਸੀ, ਜਿਸ ਦੇ ਚਲਦੇ ਉਹ 2017 ਵਿਚ ਮਨੀਲਾ ਵਿਖੇ ਚਲਾ ਗਿਆ ਅਤੇ 7 ਸਾਲ ਬਾਅਦ ਉਸ ਨੇ ਜਨਵਰੀ 2025 ਵਿਚ ਪੰਜਾਬ ਆਉਣਾ ਸੀ।

ਇਕਲੌਤੇ ਪੁੱਤਰ ਦੀ ਅਚਾਨਕ ਮੌਤ ਹੋਣ ਜਾਣ ਤੋਂ ਬਾਅਦ ਮਾਂ ਦਾ ਰੋ-ਰੋ ਕੇ ਬੁਰ ਹਾਲ ਸੀ। ਇਸ ਮੌਕੇ ਮਾਪਿਆਂ ਤੇ ਪਿੰਡ ਵਾਸੀਆਂ ਨੇ ਮਨੀਲਾ ਸਰਕਾਰ, ਭਾਰਤ ਤੇ ਕੇਂਦਰ ਸਰਕਾਰ ਸਮੇਤ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ, ਸੀਨੀਅਰ ਆਗੂ ਬਲਵੰਤ ਸਿੰਘ ਰਾਮੂਵਾਲੀਆਂ ਤੇ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੂੰ ਅਪੀਲ ਕੀਤੀ ਹੈ ਕਿ ਗੁਰਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਪੰਜਾਬ ਮੰਗਵਾਈ ਜਾਵੇ ਤਾਂ ਜੋ ਉਸ ਦੇ ਮਾਪੇ ਆਪਣੇ ਇਕਲੌਤੇ ਪੁੱਤਰ ਦਾ ਆਖੀਰ ਵਾਰ ਚਿਹਰਾ ਦੇਖ ਸਕਣ।