ਮੋਗਾ, 12 ਸਤੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸਥਾਨਕ ਕੋਟਕਪੂਰਾ ਬਾਈਪਾਸ ਤੋਂ ਪਲਾਟ ਵਿਚੋਂ 25 ਸਾਲ ਦੇ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਅਮਨਦੀਪ ਸਿੰਘ ਵਾਸੀ ਪਿੰਡਾ ਬੁੱਘੀਪੁਰਾ ਵਜੋਂ ਹੈ। ਮ੍ਰਿਤਕ ਮਾਤਾ-ਪਿਤਾ ਦਾ ਇਕਲੌਤਾ ਪੁੱਤ ਸੀ। ਅਜੇ ਤਿੰਨ ਸਾਲ ਪਹਿਲਾਂ ਹੀ ਅਮਨਦੀਪ ਦਾ ਵਿਆਹ ਹੋਇਆ ਸੀ। ਘਟਨਾ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ।
ਅਮਨਦੀਪ ਦੇ ਦੋਸਤ ਨੇ ਦੱਸਿਆ ਕਿ ਉਸਨੇ ਨਸ਼ੇ ਦਾ ਟੀਕਾ ਲਗਾਇਆ ਸੀ, ਉਹ ਬੀਤੀ ਰਾਤ ਮੋਗਾ ਦੇ ਗਾਂਧੀ ਰੋਡ ਤੋਂ ਚਿੱਟਾ ਲੈ ਕੇ ਆਇਆ ਸੀ, ਜਿਸ ਤੋਂ ਬਾਅਦ ਉਸ ਨੇ ਤੇ ਅਮਨਦੀਪ ਨੇ ਚਿੱਟੇ ਦਾ ਟੀਕਾ ਲਗਾਇਆ ਅਤੇ ਪਲਾਟ ਵਿਚ ਹੀ ਨਸ਼ੇ ਦੀ ਹਾਲਤ ਵਿਚ ਸੌਂ ਗਏ। ਉਕਤ ਨੇ ਦੱਸਿਆ ਕਿ ਜਦੋਂ ਨਸ਼ਾ ਉਤਰਿਆ ਅਤੇ ਉਹ ਸਵੇਰੇ ਉੱਠੇ ਤਾਂ ਅਮਨਦੀਪ ਨਹੀਂ ਉਠਿਆ। ਇਸ ਦੀ ਸੂਚਨਾ ਮੈਂ ਪਿੰਡ ਜਾ ਕੇ ਦਿੱਤੀ। ਪਿੰਡ ਵਾਲਿਆਂ ਨੇ ਇਸ ਨੌਜਵਾਨ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਲਾਸ਼ ਨੂੰ ਮੋਗਾ ਦੇ ਸਿਵਲ ਹਸਪਤਾਲ ਵਿਚ ਰਖਵਾਇਆ ਜਾ ਰਿਹਾ ਹੈ ਅਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।