ਅੰਮ੍ਰਿਤਸਰ/ਤਰਨਤਾਰਨ | ਪੰਜਾਬ ਪੁਲਿਸ ਨੇ ਇਕ ਖੁਫੀਆ ਕਾਰਵਾਈ ਤਹਿਤ ਬੁੱਧਵਾਰ ਨੂੰ ਜ਼ਿਲਾ ਤਰਨਤਾਰਨ ਨਾਲ ਲੱਗਦੀ ਭਾਰਤ-ਪਾਕਿ ਸਰਹੱਦ ‘ਤੇ ਤਲਾਸ਼ੀ ਮੁਹਿੰਮ ਦੌਰਾਨ ਭਾਰੀ ਮਾਤਰਾ ਵਿੱਚ ਹਥਿਆਰ ਤੇ ਗੋਲੀ-ਸਿੱਕਾ ਤੋਂ ਇਲਾਵਾ ਹੈਰੋਇਨ ਬਰਾਮਦ ਕੀਤੀ।
ਇਹ ਕਾਰਵਾਈ ਸੀਮਾ ਸੁਰੱਖਿਆ ਬਲ (BSF) ਤੇ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਵੱਲੋਂ ਸਾਂਝੇ ਤੌਰ ‘ਤੇ ਬੀਓਪੀ ਮਿਆਂਵਾਲੀ ਹਿੱਥਾਰ ਖੇਮਕਰਨ ਸੈਕਟਰ ਦੇ ਖੇਤਰ ‘ਚ ਕੀਤੀ ਗਈ।
ਕਾਰਜਕਾਰੀ ਡਾਇਰੈਕਟਰ ਜਨਰਲ ਪੁਲਿਸ (ਡੀਜੀਪੀ) ਇਕਬਾਲਪ੍ਰੀਤ ਸਿੰਘ ਸਹੋਤਾ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਾਕਿ ਸਰਹੱਦ ’ਤੇ ਸਰਗਰਮ ਕੁਝ ਸਮੱਗਲਰਾਂ ਨੇ ਹਥਿਆਰਾਂ ਤੇ ਹੈਰੋਇਨ ਦੀ ਵੱਡੀ ਖੇਪ ਲੁਕਾਈ ਹੋਈ ਹੈ, ਜਿਸ ਤੋਂ ਬਾਅਦ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀ ਟੀਮ ਨੂੰ ਮੌਕੇ ‘ਤੇ ਭੇਜਿਆ ਗਿਆ ਤੇ ਬੀਐੱਸਐੱਫ ਅਧਿਕਾਰੀਆਂ ਨਾਲ ਤਲਾਸ਼ੀ ਮੁਹਿੰਮ ਦੀ ਯੋਜਨਾ ਬਣਾਈ ਗਈ।
ਇਸ ਸਾਂਝੀ ਕਾਰਵਾਈ ਦੌਰਾਨ ਟੀਮਾਂ ਨੇ 22 ਪਿਸਤੌਲ (ਜਿਨ੍ਹਾਂ ‘ਚੋਂ ਜ਼ਿਆਦਾਤਰ 30 ਬੋਰ ਸਟਾਰ ਮਾਰਕ), 44 ਮੈਗਜ਼ੀਨ ਤੇ 100 ਜ਼ਿੰਦਾ ਕਾਰਤੂਸਾਂ ਤੋਂ ਇਲਾਵਾ 934 ਗ੍ਰਾਮ ਹੈਰੋਇਨ ਦਾ ਪੈਕੇਟ ਬਰਾਮਦ ਕੀਤਾ, ਜੋ ਕਿ ਝੋਨੇ ਦੇ ਖੇਤ ਵਿੱਚ ਕਾਲੇ ਰੰਗ ਦੇ ਕਿੱਟ ਬੈਗ ‘ਚ ਲੁਕਾਇਆ ਹੋਇਆ ਸੀ।