ਜਲੰਧਰ | ਜ਼ਿਲ੍ਹੇ ਦੇ ਅਧੀਨ ਆਉਂਦੇ ਕਸਬਾ ਮਹਿਤਪੁਰ ਵਿੱਚ ਬੱਚਿਆਂ ਦੀ ਮਾਮੂਲੀ ਲੜਾਈ ਨੇ ਖੂਨੀ ਰੂਪ ਲੈ ਲਿਆ। ਲੜਾਈ ਇੰਨੀ ਵੱਧ ਗਈ ਕਿ ਤੇਜ਼ਧਾਰ ਹਥਿਆਰਾਂ ਨਾਲ ਇਕ-ਦੂਜੇ ਉਪਰ ਵਾਰ ਕੀਤੇ ਗਏ। ਹਮਲੇ ‘ਚ ਦੋ ਨੌਜਵਾਨਾਂ ਦੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ ਹਨ। ਇਨ੍ਹਾਂ ਨੂੰ ਪਹਿਲਾਂ ਮਹਿਤਪੁਰ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਸਿਵਲ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ।
ਹਮਲੇ ਵਿੱਚ ਜ਼ਖ਼ਮੀ ਹੋਏ ਨੌਜਵਾਨਾਂ ਵਿੱਚ ਅਮਨਦੀਪ ਤੇ ਅਜੇ ਸ਼ਾਮਲ ਹਨ। ਦੋਵੇਂ ਰਿਸ਼ਤੇ ਵਿੱਚ ਭਰਾ ਹਨ। ਅਮਨਦੀਪ ਇੱਕ ਏਜੰਟ ਨਾਲ ਕੰਮ ਕਰਦਾ ਹੈ, ਜਦੋਂ ਕਿ ਅਜੇ ਸੈਲੂਨ ਵਿੱਚ ਕੰਮ ਕਰਦਾ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਤੀਜੇ ਭਰਾ ਅੰਮ੍ਰਿਤਪਾਲ ਨੇ ਦੱਸਿਆ ਕਿ ਉਹ ਮਹਿਤਪੁਰ ਵਿਖੇ ਡਰਾਈ ਕਲੀਨਰ ਦੀ ਨੌਕਰੀ ਕਰਦਾ ਹੈ। ਉਸ ਦੀ ਦੁਕਾਨ ਦੇ ਕੋਲ ਬੱਚੇ ਇੱਕ ਦੂਜੇ ਨਾਲ ਉਲਝ ਗਏ। ਉਸ ਦੇ ਭਰਾ ਅਮਨਦੀਪ ਨੇ ਮੌਕੇ ‘ਤੇ ਬੱਚਿਆਂ ਨੂੰ ਛੁਡਵਾਇਆ ਤੇ ਉਨ੍ਹਾਂ ਨੂੰ ਆਪਣੇ-ਆਪਣੇ ਘਰ ਜਾਣ ਲਈ ਕਿਹਾ।
ਇਸ ਦੌਰਾਨ 4-5 ਅਣਪਛਾਤੇ ਹਮਲਾਵਰ ਆਏ, ਜਿਨ੍ਹਾਂ ਦੇ ਹੱਥਾਂ ਵਿੱਚ ਤਲਵਾਰਾਂ, ਵੱਡੇ ਖੰਡੇ ਸਨ। ਉਨ੍ਹਾਂ ਨੇ ਆਉਂਦਿਆਂ ਹੀ ਅਮਨਦੀਪ ਦੇ ਸਿਰ ‘ਤੇ ਛੁਰੇ ਤੇ ਤਲਵਾਰਾਂ ਨਾਲ ਵਾਰ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਅਜੇ ਅਮਨਦੀਪ ਨੂੰ ਛੁਡਾਉਣ ਗਿਆ ਤਾਂ ਹਮਲਾਵਰਾਂ ਨੇ ਉਸ ਦੇ ਸਿਰ ‘ਤੇ ਵੀ ਵਾਰ ਕਰ ਦਿੱਤੇ। ਅਖੀਰ ਜਦੋਂ ਉਸ ਨੇ ਦੋਵਾਂ ਭਰਾਵਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਪਿੱਠ ’ਤੇ ਵੀ ਵਾਰ ਕੀਤਾ ਪਰ ਬੜੀ ਮੁਸ਼ਕਲ ਨਾਲ ਉਸ ਨੇ ਦੋਵਾਂ ਭਰਾਵਾਂ ਨੂੰ ਛੁਡਵਾਇਆ।
ਪੁਲਿਸ ਨੂੰ ਬੁਲਾਇਆ ਪਰ ਕੋਈ ਨਹੀਂ ਆਇਆ। ਅੰਮ੍ਰਿਤਪਾਲ ਨੇ ਦੱਸਿਆ ਕਿ ਉਹ ਦੋਵੇਂ ਭਰਾਵਾਂ ਨੂੰ ਜ਼ਖ਼ਮੀ ਹਾਲਤ ਵਿੱਚ ਮੋਟਰਸਾਈਕਲ ’ਤੇ ਬਿਠਾ ਕੇ ਹਸਪਤਾਲ ਪਹੁੰਚਿਆ। ਉਹ ਐਸਸੀ ਭਾਈਚਾਰੇ ਨਾਲ ਸਬੰਧਤ ਹੈ। ਹਮਲਾਵਰ ਉਸ ਨੂੰ ਜਾਤੀ ਸੂਚਕ ਸ਼ਬਦ ਬੋਲ ਕੇ ਗਾਲ੍ਹਾਂ ਕੱਢ ਰਹੇ ਸਨ। ਹਮਲਾਵਰ ਉੱਚ ਜਾਤੀ ਨਾਲ ਸਬੰਧਤ ਸਨ ਤੇ ਆਪਣੀ ਜਾਤੀ ਦੱਸ ਰਹੇ ਸਨ ਅਤੇ ਕਹਿ ਰਹੇ ਸਨ ਕਿ ਬੱਚਿਆਂ ਨੂੰ ਛੁਡਾਉਣ ਵਾਲੇ ਤੁਸੀਂ ਕੌਣ ਹੋ। ਦੋਵੇਂ ਜ਼ਖਮੀ ਸਿਵਲ ਹਸਪਤਾਲ ਜਲੰਧਰ ਵਿਖੇ ਦਾਖਲ ਹਨ।