Breaking : ਅੰਮ੍ਰਿਤਸਰ ਦੇ 2 ਨੌਜਵਾਨਾਂ ਨੂੰ ਇੰਡੋਨੇਸ਼ੀਆ ‘ਚ ਸੁਣਾਈ ਮੌਤ ਦੀ ਸਜ਼ਾ, ਡੌਂਕਰ ਦੇ ਕਤਲ ਦਾ ਲੱਗਾ ਦੋਸ਼

0
866

ਅੰਮ੍ਰਿਤਸਰ | ਅਜਨਾਲਾ ਦੇ ਪਿੰਡ ਗੱਗੋਮਾਹਲ ਦੇ 2 ਨੌਜਵਾਨਾਂ ਨੂੰ ਇੰਡੋਨੇਸ਼ੀਆ ‘ਚ ਮੌਤ ਦੀ ਸਜ਼ਾ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰਮੇਜ ਸਿੰਘ ਗੱਗੋਮਾਹਲ ਤੇ ਅਜੇਪਾਲ ਸਿੰਘ ਅਟਾਰੀ ਦੇ ਪਿੰਡ ਮੋਧੇ ਧਨੋਏ ਦਾ ਰਹਿਣ ਵਾਲਾ ਹੈ ਤੇ ਰਿਸ਼ਤੇ ਵਿਚ ਭਰਾ ਲੱਗਦੇ ਹਨ। ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਮੀਡੀਆ ਨਾਲ਼ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਦੋਵੇਂ ਵਿਦੇਸ਼ ਜਾਣਾ ਚਾਹੁੰਦੇ ਸਨ, ਇਨ੍ਹਾਂ ਵੱਲੋਂ ਇਕ ਏਜੰਟ ਚਰਨਜੀਤ ਸਿੰਘ ਸੋਢੀ ਨਾਲ ਫੇਸਬੁੱਕ ‘ਤੇ ਗੱਲਬਾਤ ਬਾਹਰ ਜਾਣ ਦੀ ਕੀਤੀ।

ਉਸ ਵੱਲੋਂ ਕਿਹਾ ਗਿਆ ਕਿ ਅਮਰੀਕਾ ਵਿਚ ਭੇਜਣ ਦੇ 35 ਲੱਖ ਰੁਪਏ ਲੱਗਣਗੇ। ਸਾਡੇ ਬੱਚਿਆਂ ਨੂੰ ਉਸ ਨੇ ਇੰਡੋਨੇਸ਼ੀਆ ਭੇਜਿਆ, ਜਿਥੇ ਏਜੰਟ ਦਾ ਕੋਈ ਵਿਅਕਤੀ ਉਨ੍ਹਾਂ ਨੂੰ ਲੈਣ ਲਈ ਆਇਆ, ਉਹ ਆਪਣੇ ਘਰ ਲੈ ਕੇ ਗਿਆ, ਉਸ ਦੇ ਘਰ ਪਹਿਲਾਂ ਵੀ 4-5 ਵਿਅਕਤੀ ਬੈਠੇ ਹੋਏ ਸਨ।

ਇਹ ਦੋਵੇਂ 5-5 ਹਜ਼ਾਰ ਡਾਲਰ ਅਮਰੀਕਾ ਦੇ ਲੈ ਕੇ ਗਏ, ਉਹ ਉਨ੍ਹਾਂ ਵਿਅਕਤੀਆਂ ਨੇ ਖੋਹ ਲਏ। ਇਨ੍ਹਾਂ ਨੂੰ ਬੰਨ੍ਹ ਲਿਆ ਤੇ ਦੋਵਾਂ ਨਾਲ ਕੁੱਟਮਾਰ ਕੀਤੀ ਤੇ ਰੋਟੀ ਪਾਣੀ ਵੀ ਖਾਣ ਨੂੰ ਨਹੀਂ ਦਿੱਤੀ ਤੇ ਇਨ੍ਹਾਂ ਕੋਲੋਂ ਘਰ ਫ਼ੋਨ ਕਰਵਾਇਆ ਕਿ ਅਸੀਂ ਰੋਟੀ ਖਾ ਕੇ ਅਮਰੀਕਾ ਲਈ ਰਵਾਨਾ ਹੋ ਰਹੇ ਹਾਂ। ਇਹ 2 ਦਿਨ ਸਾਡੇ ਕੋਲ ਝੂਠ ਬੁਲਾਉਂਦੇ ਰਹੇ। ਉਨ੍ਹਾਂ ਵੇਖਿਆ ਕਿ ਜਿਨ੍ਹਾਂ ਦੇ ਘਰ ਉਹ ਸਨ, ਉਹ ਆਪਸ ਵਿਚ ਲੜਨ ਲੱਗ ਪਏ ਤੇ ਸਾਡਿਆਂ ਬੱਚਿਆਂ ਨੇ ਫਾਇਦਾ ਚੁੱਕਿਆ ਤੇ ਉਹ ਭੱਜ ਗਏ ਤੇ ਇੰਡੋਨੇਸ਼ੀਆ ਏਅਰਪੋਰਟ ‘ਤੇ ਪੁੱਜੇ ਤੇ ਸਾਨੂੰ ਫ਼ੋਨ ਕੀਤਾ ਤੇ ਸਾਰੀ ਹਕੀਕਤ ਦੱਸੀ ਤੇ ਅਸੀਂ ਵਾਪਸੀ ਟਿਕਟ ਦੇ ਪੈਸੈ ਇਥੋਂ ਭੇਜੇ ਤੇ ਸਾਰਾ ਦਿਨ ਗੱਲਬਾਤ ਸਾਡੇ ਨਾਲ ਹੁੰਦੀ ਰਹੀ।

ਰਾਤ 9 ਵਜੇ ਦੀ ਇਨ੍ਹਾਂ ਦੀ ਫਲਾਈਟ ਸੀ ਪਰ ਅਸੀਂ ਇਨ੍ਹਾਂ ਨੂੰ ਫੋਨ ਕਰਦੇ ਸੀ, ਇਹ ਫ਼ੋਨ ਨਹੀਂ ਚੁੱਕਦੇ, ਫ਼ੋਨ ਉਨ੍ਹਾਂ ਦੇ ਚੱਲ ਰਹੇ ਸਨ। ਸਾਡੇ ਮਨ ਵਿਚ ਆਇਆ ਕਿ ਕਿਤੇ ਫ਼ਿਰ ਨਾ ਉਹ ਡੌਂਕਰਾਂ ਦੇ ਹੱਥ ਵਿਚ ਆਏ ਹੋਣ। ਅਸੀਂ ਪਤਾ ਕਰਵਾਇਆ ਕਿ ਇਸ ਟਿਕਟ ‘ਤੇ ਕੋਈ ਇੰਡੋਨੇਸ਼ੀਆ ਤੋਂ ਦਿੱਲੀ ਯਾਤਰੀ ਤਾਂ ਨਹੀਂ ਆਏ ਪਰ ਸਾਨੂੰ ਪਤਾ ਲੱਗਾ ਕਿ ਉਹ ਦਿੱਲੀ ਨਹੀਂ ਆਏ ਫਿਰ ਅਗਲੇ ਦਿਨ ਸਾਨੂੰ ਸਵੇਰੇ ਫੋਨ ਆਇਆ ਕਿ ਸਾਡੇ ਬੱਚਿਆਂ ਨੂੰ ਪੁਲਿਸ ਨੇ ਫੜ੍ਹ ਲਿਆ ਹੈ। ਉਨ੍ਹਾਂ ਉੱਤੇ ਡੌਂਕਰਾਂ ਦੇ ਕਤਲ ਦੇ ਇਲਜ਼ਾਮ ਲਾਏ ਗਏ ਹਨ। ਸਾਨੂੰ ਵੀਡੀਓ ਆਇਆ ਕਿ ਇਹ ਦੋ ਮੁੰਡੇ ਹਨ ਜਿਨ੍ਹਾਂ ਨੇ ਕਤਲ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪਤਾ ਲੱਗਾ ਕਿ ਇਕ ਹੁਸ਼ਿਆਰਪੁਰ ਦਾ ਵਿਅਕਤੀ ਹੈ, ਸੰਨੀ ਕੁਮਾਰ ਜਿਸ ਉਤੇ ਕਈ ਮਾਮਲੇ ਦਰਜ ਹਨ, ਉਸਦੇ ਘਰੋਂ ਡੇਢ ਕਰੋੜ ਰੁਪਏ ਵੀ ਪੁਲਿਸ ਵਲੋਂ ਫੜੇ ਗਏ ਹਨ।

ਪੀੜਤ ਪਰਿਵਾਰ ਨੇ ਦੱਸਿਆ ਕਿ ਸੰਨੀ ਦੀ ਪਤਨੀ, ਉਸ ਦਾ ਪਿਓ ਪੁਲਿਸ ਦੀ ਹਿਰਾਸਤ ਵਿਚ ਹਨ ਤੇ ਸਾਡੇ ਬੱਚਿਆਂ ਨੂੰ ਫਾਂਸੀ ਦੇ ਦਿੱਤੀ ਜਾਵੇਗੀ। ਅਸੀਂ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਸਰਕਾਰ ਕੋਲੋਂ ਮੰਗ ਕਰਦੇ ਹਾਂ, ਸਾਡੇ ਬੱਚਿਆਂ ਨੂੰ ਕਿਸੇ ਤਰੀਕੇ ਨਾਲ ਵਾਪਸ ਲਿਆਂਦਾ ਜਾਵੇ ਅਤੇ ਇਨ੍ਹਾਂ ਏਜੰਟਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤੇ ਜੋ ਭੋਲੇ-ਭਾਲੇ ਬੱਚਿਆਂ ਨੂੰ ਵਰਗਲਾ ਕੇ ਵਿਦੇਸ਼ ਭੇਜਣ ਦੇ ਸੁਪਨੇ ਦਿਖਾਉਂਦੇ ਹਨ। ਇਨ੍ਹਾਂ ਦੋਵਾਂ ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਉਨ੍ਹਾਂ ਦੱਸਿਆ ਕਿ ਅਸੀਂ ਆਪਣੀ ਕੋਠੀ ਤੱਕ ਵੇਚ ਦਿੱਤੀ ਹੈ। ਅਸੀਂ ਸਰਕਾਰ ਕੋਲੋਂ ਅਪੀਲ ਕਰਦੇ ਹਾਂ ਕਿ ਸਾਡੇ ਬੱਚੇ ਵਾਪਸ ਭਾਰਤ ਲਿਆਂਦੇ ਜਾਣ।