ਅੰਮ੍ਰਿਤਸਰ | ਇਥੋਂ ਇਕ ਵੱਡੀ ਘਟਨਾ ਸਾਹਮਣੇ ਆਈ ਹੈ। ਗੁਰੂ ਨਾਨਕ ਦੇਵ ਹਸਪਤਾਲ ਦੀ ਲਿਫਟ ‘ਚ 2 ਨੌਜਵਾਨਾਂ ਵਿਚਾਲੇ ਜ਼ਬਰਦਸਤ ਲੜਾਈ ਹੋ ਗਈ। ਦਰਵਾਜ਼ਾ ਖੁੱਲ੍ਹਣ ਤੋਂ ਬਾਅਦ ਦੋਵੇਂ ਲਿਫਟ ਤੋਂ ਬਾਹਰ ਨਹੀਂ ਰੁਕੇ ਤੇ ਲੜਦੇ ਹੋਏ ਬਾਹਰ ਆ ਗਏ। ਇਸ ਦੌਰਾਨ ਉਹ ਨੇੜੇ ਖਰਾਬ ਪਈ ਲਿਫਟ ਦੇ ਦਰਵਾਜ਼ੇ ਨਾਲ ਟਕਰਾ ਗਏ ਤੇ ਦੋਵੇਂ ਦੂਜੀ ਮੰਜ਼ਿਲ ਤੋਂ ਹੇਠਾਂ ਡਿੱਗ ਗਏ। ਇਸ ਘਟਨਾ ‘ਚ ਇਕ ਦੀ ਮੌਤ ਹੋ ਗਈ, ਜਦਕਿ ਦੂਜੇ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮ੍ਰਿਤਕ ਦਾ ਨਾਂ ਰਾਜਬੀਰ ਸਿੰਘ ਹੈ ਤੇ ਉਹ ਆਈਟੀਬੀਪੀ ਦਾ ਜਵਾਨ ਹੈ, ਜਦੋਂਕਿ ਜ਼ਖਮੀ ਨੌਜਵਾਨ ਸਤਿੰਦਰ ਸਿੰਘ ਇੰਦਰਾ ਕਾਲੋਨੀ ਦਾ ਰਹਿਣ ਵਾਲਾ ਹੈ ਅਤੇ ਕਾਰਪੈਂਟਰ ਦਾ ਕੰਮ ਕਰਦਾ ਹੈ।
ਸਤਿੰਦਰ ਸਿੰਘ ਦੀ ਪਤਨੀ ਪ੍ਰੀਤ ਕੌਰ ਦੀ ਗਾਇਨੀਕੋਲੋਜੀ ਵਿਭਾਗ ਵਿਚ ਡਿਲੀਵਰੀ ਹੋਈ ਸੀ, ਉੱਥੇ ਹੀ ਰਾਜਬੀਰ ਸਿੰਘ ਦਾ ਇੱਕ ਜਾਣਕਾਰ ਹਸਪਤਾਲ ਵਿੱਚ ਦਾਖਲ ਸੀ। ਦੁਪਹਿਰ ਇਕ ਵਜੇ ਦੇ ਕਰੀਬ ਦੋਵੇਂ ਬੇਸਮੈਂਟ ਤੋਂ ਲਿਫਟ ਵਿਚ ਸਵਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਵਿਚਾਲੇ ਪਹਿਲਾਂ ਤੋਂ ਹੀ ਝਗੜਾ ਚੱਲ ਰਿਹਾ ਸੀ। ਲਿਫਟ ਸ਼ੁਰੂ ਹੁੰਦੇ ਹੀ ਦੋਵਾਂ ‘ਚ ਹੱਥੋਪਾਈ ਹੋ ਗਈ। ਲਿਫਟ ਦੂਜੀ ਮੰਜ਼ਿਲ ‘ਤੇ ਪਹੁੰਚੀ ਤਾਂ ਦਰਵਾਜ਼ਾ ਖੁੱਲ੍ਹਿਆ। ਦੋਵੇਂ ਲੜਦੇ ਹੋਏ ਬਾਹਰ ਆ ਗਏ। ਇਸ ਦੌਰਾਨ ਨਾਲ ਹੀ ਲੱਗੀ ਪੁਰਾਣੀ ਲਿਫਟ ਦੇ ਦਰਵਾਜ਼ੇ ਨਾਲ ਟਕਰਾ ਗਏ। ਇਸ ਲਿਫਟ ਦਾ ਚੈਂਬਰ ਖਰਾਬ ਹੋਣ ਕਾਰਨ ਬੰਦ ਕੀਤੀ ਹੋਈ ਸੀ। ਚੈਂਬਰ ਨਾ ਹੋਣ ਕਾਰਨ ਦਰਵਾਜ਼ਾ ਟੁੱਟਦੇ ਹੀ ਦੋਵੇਂ ਬੇਸਮੈਂਟ ਵਿੱਚ ਜਾ ਡਿੱਗੇ। ਰਾਜਬੀਰ ਸਿੰਘ ਸਿਰ ਭਾਰ ਡਿੱਗਿਆ। ਇਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਸਤਿੰਦਰ ਸਿੰਘ ਦੇ ਹੱਥਾਂ, ਗੋਡਿਆਂ ਤੇ ਛਾਤੀ ’ਤੇ ਸੱਟਾਂ ਲੱਗੀਆਂ। ਘਟਨਾ ਦੀ ਸੂਚਨਾ ਮਿਲਦੇ ਹੀ ਉਥੇ ਹਫੜਾ-ਦਫੜੀ ਮਚ ਗਈ। ਦੋਵਾਂ ਨੂੰ ਬਾਹਰ ਕੱਢ ਦਿੱਤਾ ਗਿਆ।
ਰਾਜਬੀਰ ਦੀ ਲਾਸ਼ ਨੂੰ ਪੋਸਟਮਾਰਟਮ ਹਾਊਸ ‘ਚ ਰਖਵਾਇਆ ਗਿਆ ਹੈ, ਜਦਕਿ ਸਤਿੰਦਰ ਸਿੰਘ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸਤਿੰਦਰ ਸਿੰਘ ਤੋਂ ਪੁੱਛਗਿੱਛ ਕੀਤੀ ਪਰ ਉਸ ਨੇ ਸਹਿਯੋਗ ਨਹੀਂ ਦਿੱਤਾ। ਸਤਿੰਦਰ ਕਹਿੰਦਾ ਰਿਹਾ ਕਿ ਉਸ ਨੂੰ ਘਟਨਾ ਬਾਰੇ ਕੁਝ ਨਹੀਂ ਪਤਾ। ਨਾ ਹੀ ਉਸ ਦੀ ਕਿਸੇ ਨਾਲ ਲੜਾਈ ਹੋਈ ਹੈ। ਪੁਲਿਸ ਨੇ ਸਤਿੰਦਰ ਦੀ ਪਤਨੀ ਤੋਂ ਵੀ ਪੁੱਛਗਿੱਛ ਕੀਤੀ, ਜਿਸ ਨੇ ਵੀ ਅਣਜਾਣਤਾ ਪ੍ਰਗਟਾਈ।
ਪੁਲਿਸ ਅਜੇ ਇਸ ਮਾਮਲੇ ‘ਚ ਕੋਈ ਸਬੂਤ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਉਦੋਂ ਹੀ ਇਕ ਛੋਟੀ ਬੱਚੀ ਖੁਦ ਪੁਲਿਸ ਕੋਲ ਆ ਗਈ। ਬੱਚੀ ਦੀ ਉਮਰ ਛੇ ਤੋਂ ਸੱਤ ਸਾਲ ਹੋਣੀ ਹੋਵੇਗੀ। ਉਸ ਨੇ ਦੱਸਿਆ ਕਿ ਦੋਵੇਂ ਅੰਕਲ ਲੜਦੇ ਹੋਏ ਲਿਫਟ ਤੋਂ ਬਾਹਰ ਆ ਗਏ। ਅਚਾਨਕ ਦੋਵੇਂ ਦੂਜੀ ਲਿਫਟ ਵੱਲ ਚਲੇ ਗਏ। ਜਦੋਂ ਲਿਫਟ ਦਾ ਦਰਵਾਜ਼ਾ ਖੁੱਲ੍ਹਿਆ ਤਾਂ ਦੋਵੇਂ ਹੇਠਾਂ ਡਿੱਗ ਪਏ।