ਗੁਰਦਾਸਪੁਰ | ਸ਼ਹਿਰ ਦੇ ਰੇਲਵੇ ਰੋਡ ‘ਤੇ ਸਥਿਤ ਇਕ ਨਿੱਜੀ ਹਸਪਤਾਲ ‘ਚ 2 ਸਾਲ ਦੇ ਬੱਚੇ ਦੀ ਇਲਾਜ ਦੌਰਾਨ ਮੌਤ ਹੋ ਗਈ। ਦੂਜੇ ਪਾਸੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਬੱਚੇ ਦੀ ਮੌਤ ਹਸਪਤਾਲ ਵੱਲੋਂ ਰੱਖੇ ਅਣਟ੍ਰੇਂਡ ਸਟਾਫ਼ ਕਾਰਨ ਹੋਈ ਹੈ। ਪਰਿਵਾਰ ਨੇ ਕਿਹਾ ਕਿ ਬੱਚਾ ਬਿਲਕੁਲ ਠੀਕ ਸੀ ਅਤੇ ਮੌਤ ਤੋਂ ਪਹਿਲਾਂ ਉਸ ਨੇ ਬਹੁਤ ਆਰਾਮ ਨਾਲ ਖਾਣਾ ਖਾਧਾ ਸੀ।
ਇਸੇ ਦੌਰਾਨ ਨਰਸ ਉਸ ਨੂੰ ਟੀਕਾ ਲਗਾਉਣ ਲਈ ਆਈ। ਟੀਕਾ ਪੂਰਾ ਵੀ ਨਹੀਂ ਲੱਗਾ ਸੀ ਕਿ ਬੱਚੇ ਦੀ ਹਾਲਤ ਵਿਗੜ ਗਈ ਅਤੇ ਉਸ ਦੀ ਮੌਤ ਹੋ ਗਈ। ਪਰਿਵਾਰ ਦਾ ਦੋਸ਼ ਹੈ ਕਿ ਹਸਪਤਾਲ ਦੀ ਅਣਟਰੇਨਡ ਨਰਸ ਵੱਲੋਂ ਲਗਾਏ ਗਏ ਟੀਕੇ ਕਾਰਨ ਬੱਚੇ ਦੀ ਮੌਤ ਹੋਈ ਹੈ। ਥਾਣਾ ਸਿਟੀ ਪੁਲਿਸ ਨੇ ਬੱਚੇ ਦੇ ਇਲਾਜ ਸਬੰਧੀ ਫਾਈਲਾਂ ਨੂੰ ਕਬਜ਼ੇ ਵਿਚ ਲੈ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।
ਹਸਪਤਾਲ ਦੇ ਮਾਲਕ ਡਾਕਟਰ ਅਮਿਤ ਅਗਰਵਾਲ ਦਾ ਕਹਿਣਾ ਹੈ ਕਿ ਬੱਚੇ ਨੂੰ ਛਾਤੀ ‘ਚ ਇਨਫੈਕਸ਼ਨ ਕਾਰਨ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਜਾਂਚ ਤੋਂ ਬਾਅਦ ਉਸ ਨੂੰ ਨਿਮੋਨੀਆ ਦੀ ਸ਼ਿਕਾਇਤ ਹੋ ਗਈ । ਇਲਾਜ ਤੋਂ ਬਾਅਦ ਬੱਚਾ ਠੀਕ ਹੋਣ ਲੱਗਾ, ਜਿਸ ਕਾਰਨ ਉਸ ਨੂੰ ਆਈਸੀਯੂ ਤੋਂ ਵਾਰਡ ‘ਚ ਸ਼ਿਫਟ ਕਰ ਦਿੱਤਾ ਗਿਆ। ਸੋਮਵਾਰ ਨੂੰ ਅਚਾਨਕ ਉਸ ਦਾ ਸਾਹ ਰੁਕਣ ਲੱਗਾ ਅਤੇ ਉਸ ਦਾ ਹਾਰਟ ਫੇਲ ਹੋ ਗਿਆ। ਉਨ੍ਹਾਂ ਪਰਿਵਾਰ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਹ ਬੱਚੇ ਨੂੰ ਦੇਖਣ ਆਏ ਸਨ ਅਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ। ਨਰਸ ਵੱਲੋਂ ਗਲਤ ਟੀਕਾ ਲਗਾਉਣ ਦੇ ਦੋਸ਼ ਵੀ ਬੇਬੁਨਿਆਦ ਹਨ।
2 ਸਾਲ ਦੇ ਪਵਨਜੋਤ ਸਿੰਘ ਪੁੱਤਰ ਵਿਕਰਮਜੀਤ ਸਿੰਘ ਨੂੰ ਛਾਤੀ ਵਿਚ ਇਨਫੈਕਸ਼ਨ ਦੀ ਸ਼ਿਕਾਇਤ ਤੋਂ ਬਾਅਦ ਬੁੱਧਵਾਰ ਸਵੇਰੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਇਸ ਦੌਰਾਨ ਬੱਚਾ ਲਗਭਗ ਠੀਕ ਹੋ ਚੁੱਕਾ ਸੀ ਅਤੇ ਉਹ ਡਾਕਟਰ ਨੂੰ ਛੁੱਟੀ ਦੇਣ ਲਈ ਕਹਿ ਰਹੇ ਸਨ ਪਰ ਉਹ ਡਾਕਟਰ ਦੇ ਕਹਿਣ ‘ਤੇ ਰੁਕ ਗਿਆ। ਸੋਮਵਾਰ ਦੁਪਹਿਰ ਬੱਚੇ ਨੇ ਰੋਟੀ ਖਾਧੀ ਅਤੇ ਫਿਰ ਖੇਡਣ ਲੱਗ ਪਿਆ। ਇਸੇ ਦੌਰਾਨ ਇੱਕ ਨਰਸ ਡਰਿੱਪ ਦਾ ਟੀਕਾ ਲਗਾਉਣ ਆਈ। ਅੱਧਾ ਟੀਕਾ ਲਗਾ ਕੇ ਨਰਸ ਬਾਹਰ ਭੱਜ ਗਈ। ਇਸ ਦੇ ਬਾਵਜੂਦ ਡਾਕਟਰ ਇਕ ਵਾਰ ਵੀ ਬੱਚੇ ਨੂੰ ਦੇਖਣ ਨਹੀਂ ਆਇਆ। ਉਨ੍ਹਾਂ ਦੋਸ਼ ਲਾਇਆ ਕਿ ਬੱਚੇ ਦੀ ਮੌਤ ਗਲਤ ਟੀਕੇ ਕਾਰਨ ਹੋਈ ਹੈ।