ਕਪੂਰਥਲਾ (ਭੁਲੱਥ)| ਅਮਰੀਕਾ ‘ਚ ਭੁਲੱਥ ਦੇ 2 ਪੰਜਾਬੀ ਨੌਜਵਾਨਾਂ ਦੀ ਸੜਕ ਹਾਦਸੇ ਚ ਮੌਤ ਹੋ ਗਈ।
ਜਾਣਕਾਰੀ ਮੁਤਾਬਿਕ ਦੋਨੋਂ ਨੌਜਵਾਨ ਸੁਖਜੀਤ ਸਿੰਘ ਪੁੱਤਰ ਨਰਿੰਦਰ ਸਿੰਘ ਚੀਮਾ ਵਾਸੀ ਪਿੰਡ ਲਿਟਾਂ ਅਤੇ ਬਲਜਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਲੱਖਣ ਦੇ ਪੱਡਾ ਇੱਕ ਹੀ ਕਾਰ ‘ਚ ਕਰੀਬ 2 ਕਿਲੋਮੀਟਰ ਦੀ ਦੂਰੀ ਤੋਂ ਆਪਣੇ ਘਰ ਕੈਲੀਫੋਰਨੀਆਂ ਦੇ ਸੈਕਰਾਮੈਂਟ ‘ਚ ਜਾ ਰਹੇ ਸਨ ਕਿ ਰਸਤੇ ‘ਚ ਕਾਰ ਇੱਕ ਦਰਖੱਤ ਨਾਲ ਟਕਰਾ ਗਈ। ਇਸ ਦੌਰਾਨ ਦੋਨਾਂ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਸਵਿੰਦਰ ਸਿੰਘ ਵਾਸੀ ਲਿਟਾਂ ਨੇ ਦੱਸਿਆ ਕਿ ਉਸਦੇ ਭਰਾ ਨਰਿੰਦਰ ਸਿੰਘ ਚੀਮਾ ਦਾ ਬੇਟਾ ਸੁਖਜੀਤ ਸਿੰਘ 2010 ‘ਚ ਅਮਰੀਕਾ ਗਿਆ ਤੇ 2 ਸਾਲ ਬਾਅਦ ਉੱਥੇ ਹੀ ਵਿਆਹ ਹੋ ਗਿਆ ਸੀ। ਹੁਣ ਉਸ ਦਾ ਇੱਕ 9 ਸਾਲ ਦਾ ਬੇਟਾ ਵੀ ਹੈ।
ਉਨ੍ਹਾਂ ਨੇ ਦੱਸਿਆ ਕਿ ਸੁਖਜੀਤ ਸਿੰਘ ਨੇ 17-18 ਜਨਵਰੀ ਨੂੰ 12 ਸਾਲ ਬਾਅਦ ਪੰਜਾਬ ਆਪਣੇ ਘਰ ਆਉਣਾ ਸੀ, ਪਰ ਅਖੀਰਲੇ ਦਿਨ ਹੀ ਸ਼ਾਮ ਸਾਢੇ 5 ਵਜੇ ਸਾਨੂੰ ਪਤਾ ਲੱਗਾ ਕਿ ਸੁਖਜੀਤ ਦੀ ਮੌਤ ਹੋ ਗਈ ਹੈ। ਸੁਖਜੀਤ ਦੇ ਪਿਤਾ ਨਰਿੰਦਰ ਸਿੰਘ ਚੀਮਾ ਅਤੇ ਮਾਤਾ ਅੱਜ ਹੀ ਪਿੰਡ ਤੋਂ ਅਮਰੀਕਾ ਲਈ ਰਵਾਨਾ ਹੋ ਗਏ।
ਮ੍ਰਿਤਕ ਬਲਜਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਲੱਖਣ ਦੇ ਪੱਡਾ ਦੇ ਮਾਮਾ ਸੁਖਪਾਲ ਸਿੰਘ ਗੁਡੂ ਵਾਸੀ ਰਾਮਗੜ੍ਹ ਨੇ ਦੱਸਿਆ ਕਿ ਬਲਜਿੰਦਰ ਸਿੰਘ ਕਰੀਬ 5 ਸਾਲ ਪਹਿਲਾਂ ਹੀ ਅਮਰੀਕਾ ਗਿਆ ਸੀ, ਜੋ ਕਿ ਟਰਾਲਾ ਚਲਾਉਂਦਾ ਸੀ, ਅਖੀਰਲੇ ਦਿਨ ਹੀ ਸੜਕ ਹਾਦਸੇ ‘ਚ ਉਸਦੀ ਮੌਤ ਹੋ ਗਈ।
ਬਲਜਿੰਦਰ ਸਿੰਘ ਦੀ ਮਾਤਾ ਦਾ ਇੱਕ ਸਾਲ ਪਹਿਲਾ ਹੀ ਦੇਹਾਂਤ ਹੋ ਚੁੱਕਿਆ ਹੈ ਅਤੇ ਹੁਣ ਉਸਦੇ ਪਰਿਵਾਰ ‘ਚ ਬਲਜਿੰਦਰ ਸਿੰਘ ਦਾ ਛੋਟਾ ਭਰਾ ਅਤੇ ਪਿਤਾ ਹਨ।