2 ਨਵੇਂ ਮੰਤਰੀਆਂ ਨੂੰ ਮਿਲਿਆ ਨਿੱਜੀ ਸਟਾਫ਼, ਦੋਵਾਂ ਨੇ ਭਗਵੰਤ ਮਾਨ ਤੇ ਕੇਜਰੀਵਾਲ ਦਾ ਕੀਤਾ ਧੰਨਵਾਦ

0
365

ਚੰਡੀਗੜ੍ਹ| ਪੰਜਾਬ ਮੰਤਰੀ ਮੰਡਲ ਵਿੱਚ ਸ਼ਾਮਲ ਹੋਏ ਦੋ ਨਵੇਂ ਮੰਤਰੀਆਂ ਬਲਕਾਰ ਸਿੰਘ ਅਤੇ ਗੁਰਮੀਤ ਸਿੰਘ ਖੁੱਡੀਆਂ ਲਈ ਨਿੱਜੀ ਸਟਾਫ਼ ਤਾਇਨਾਤ ਕੀਤਾ ਗਿਆ ਹੈ। ਇਨ੍ਹਾਂ ਵਿੱਚ ਸਕੱਤਰ, ਨਿੱਜੀ ਸਹਾਇਕ ਅਤੇ ਹੋਰ ਸਟਾਫ਼ ਸ਼ਾਮਲ ਹੈ। ਇਸ ਸਟਾਫ਼ ਦੇ ਨਾਲ-ਨਾਲ ਕੁਝ ਨੂੰ ਮੁੱਖ ਮੰਤਰੀ ਦਫ਼ਤਰ ਵਿੱਚ ਵੀ ਤਾਇਨਾਤ ਕੀਤਾ ਗਿਆ ਹੈ। ਅੱਜ ਦੋਵਾਂ ਮੰਤਰੀਆਂ ਨੇ ਅਹੁਦਾ ਸੰਭਾਲਿਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਜਰੀਵਾਲ ਦਾ ਧੰਨਵਾਦ ਕੀਤਾ। ਦਫ਼ਤਰ ਵਿੱਚ ਚਾਰਜ ਸੰਭਾਲਣ ਸਮੇਂ ਹੁਸ਼ਿਆਰਪੁਰ ਤੋਂ ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ ਅਤੇ ਅਮਨ ਅਰੋੜਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

ਬਲਕਾਰ ਸਿੰਘ ਨੇ ਕਿਹਾ ਕਿ ਉਹ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਨੂੰ ਮੰਤਰੀ ਦਾ ਅਹੁਦਾ ਦੇਣ ਲਈ ਮੁੱਖ ਮੰਤਰੀ ਦਾ ਧੰਨਵਾਦ ਵੀ ਕੀਤਾ। ਬਲਕਾਰ ਨੇ ਕਿਹਾ ਕਿ ਉਹ ਲੋਕਾਂ ਦੀ ਸੇਵਾ ਕਰਨ ਲਈ ਰਾਜਨੀਤੀ ਵਿੱਚ ਆਏ ਹਨ ਅਤੇ ਸੇਵਾ ਕਰਦੇ ਰਹਿਣਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ, ਜਿਸ ਨੂੰ ਉਹ ਹਮੇਸ਼ਾ ਨਿਭਾਉਣਗੇ। ਦੱਸ ਦੇਈਏ ਕਿ ਬੀਤੇ ਦਿਨ ਪੰਜਾਬ ਦੇ ਭਗਵੰਤ ਮਾਨ ਦੀ ਕੈਬਨਿਟ ਵਿੱਚ ਦੋ ਹੋਰ ਮੰਤਰੀ ਸ਼ਾਮਲ ਕੀਤੇ ਗਏ ਸਨ।

ਬਲਕਾਰ ਸਿੰਘ ਕਰਤਾਰਪੁਰ ਤੋਂ ਵਿਧਾਇਕ ਚੁਣੇ ਗਏ ਹਨ ਅਤੇ ਡੀਸੀਪੀ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ ਜਦਕਿ ਖੁੱਡੀਆ ਲੰਬੀ ਵਿਧਾਨ ਸਭਾ ਸੀਟ ਜਿੱਤ ਕੇ ਵਿਧਾਨ ਸਭਾ ਵਿੱਚ ਪੁੱਜੇ ਹਨ। ਦੂਜੇ ਪਾਸੇ ਮੁਕਤਸਰ ਜ਼ਿਲ੍ਹੇ ਦੀ ਲੰਬੀ ਵਿਧਾਨ ਸਭਾ ਸੀਟ ਉਹੀ ਸੀਟ ਹੈ ਜਿੱਥੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਵਿਧਾਇਕ ਰਹਿ ਚੁੱਕੇ ਹਨ ਪਰ ਇਸ ਚੋਣ ਵਿੱਚ ਖੁੱਡੀਆਂ ਨੇ ਉਨ੍ਹਾਂ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਹੈ। ਪੰਜਾਬ ਮੰਤਰੀ ਮੰਡਲ ਦੇ ਵਿਸਥਾਰ ਤੋਂ ਠੀਕ ਪਹਿਲਾਂ ਮੰਗਲਵਾਰ ਨੂੰ ਡਾਕਟਰ ਇੰਦਰਵੀਰ ਨਿੱਝਰ ਨੇ ਪੰਜਾਬ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ।