ਅੰਮ੍ਰਿਤਸਰ, 14 ਅਕਤੂਬਰ | ਪੰਜਾਬ ਪੁਲਿਸ ਨੇ ਲਸ਼ਕਰ-ਏ-ਤੋਇਬਾ ਦੇ 2 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਾਜ਼ਿਸ਼ ਨੂੰ ਨਾਕਾਮ ਕੀਤਾ ਹੈ। ਅੱਤਵਾਦੀਆਂ ਕੋਲੋਂ ਭਾਰੀ ਮਾਤਰਾ ਵਿਚ ਗੋਲਾ-ਬਾਰੂਦ ਵੀ ਬਰਾਮਦ ਹੋਇਆ ਹੈ।
ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ.ਐਸ.ਓ.ਸੀ.) ਅੰਮ੍ਰਿਤਸਰ ਨੇ ਇਹ ਕਾਰਵਾਈ ਕੀਤੀ ਹੈ, ਜਿਸ ਵਿਚ ਭਾਰਤ ਦੀਆਂ ਖੁਫੀਆ ਏਜੰਸੀਆਂ ਨੇ ਇਨਪੁਟ ਅਤੇ ਸਹਿਯੋਗ ਦਿੱਤਾ। ਇਨਪੁਟ ਤੋਂ ਬਾਅਦ ਛਾਪੇਮਾਰੀ ਦੌਰਾਨ ਜੰਮੂ-ਕਸ਼ਮੀਰ ਦੇ 2 ਅੱਤਵਾਦੀ ਫੜੇ ਗਏ।
ਡੀ.ਜੀ.ਪੀ. ਨੇ ਦੱਸਿਆ, “SSOC-ਅੰਮ੍ਰਿਤਸਰ ਵੱਲੋਂ ਕੇਂਦਰੀ ਏਜੰਸੀ ਨਾਲ ਕੰਮ ਕਰਦੇ ਹੋਏ, ਲਸ਼ਕਰ-ਏ-ਤੋਇਬਾ ਦੇ ਇਕ ਮਡਿਊਲ ਦਾ ਪਰਦਾਫਾਸ਼ ਕਰਕੇ ਜੰਮੂ-ਕਸ਼ਮੀਰ ਦੇ 2 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ, ਜਿਨ੍ਹਾਂ ਪਾਸੋਂ ਦੋ ਆਈ. ਈ. ਡੀ., 2 ਹੈਂਡ ਗ੍ਰਨੇਡ, 2 ਮੈਗਜ਼ੀਨਾਂ ਅਤੇ ਇਕ ਪਿਸਤੌਲ ਸਮੇਤ 24 ਕਾਰਤੂਸ, ਇਕ ਟਾਈਮਰ ਸਵਿੱਚ, ਅੱਠ ਡੈਟੋਨੇਟਰ ਅਤੇ ਚਾਰ ਬੈਟਰੀਆਂ ਜ਼ਬਤ ਕੀਤੀਆਂ ਗਈਆਂ ਹਨ”।