ਅੰਮ੍ਰਿਤਸਰ | ਇਥੇ ਇੱਕ ਐਨਕਾਊਂਟਰ ਤੋਂ ਬਾਅਦ ਪੁਲਿਸ ਨੇ ਦੋਵਾਂ ਗੈਂਗਸਟਰਾਂ ਨੂੰ ਕਾਬੂ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਦੋਵਾਂ ਗੈਂਗਸਟਰਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ‘ਚੋਂ ਇੱਕ ਬਦਨਾਮ ਅਪਰਾਧੀ ਹੈ, ਜਿਸ ਖ਼ਿਲਾਫ਼ ਪਹਿਲਾਂ ਹੀ ਪੰਜ ਕੇਸ ਦਰਜ ਹਨ। ਦੂਜੇ ਖ਼ਿਲਾਫ਼ ਇਹ ਪਹਿਲਾ ਕੇਸ ਦਰਜ ਕੀਤਾ ਗਿਆ ਹੈ।
ਪੁਲਿਸ ਕਮਿਸ਼ਨਰ ਜਸਕਰਨ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ‘ਚੋਂ ਇੱਕ ਅਰਸ਼ਜੋਤ ਸਿੰਘ ਉਰਫ਼ ਘੁੱਗੀ ਵਾਸੀ ਪਿੰਡ ਮੱਤੇਵਾਲ ਅਤੇ ਦੂਜਾ ਉਸ ਦਾ ਸਾਥੀ ਅਵਿਨਾਸ਼ ਵਾਸੀ ਮੁਸਤਫ਼ਾਬਾਦ ਹੈ। ਥਾਣਾ ਸਦਰ ਅਧੀਨ ਆਉਂਦੀ ਵਿਜੇ ਨਗਰ ਚੌਕੀ ਕੋਲ ਸੂਚਨਾ ਮਿਲੀ ਸੀ ਕਿ ਇੱਕ ਹੋਰ ਕਾਰ ਨੰਬਰ ਪੀਬੀ-17 ਸੀ 5440 ਵਿੱਚ 88 ਫੁੱਟ ਰੋਡ ’ਤੇ ਦੋ ਸ਼ੱਕੀ ਵਿਅਕਤੀ ਘੁੰਮ ਰਹੇ ਹਨ, ਜਿਸ ਤੋਂ ਬਾਅਦ ਪੁਲਿਸ ਹਰਕਤ ਵਿੱਚ ਆ ਗਈ।
ਏਸੀਪੀ ਉੱਤਰੀ ਵਰਿੰਦਰ ਖੋਸਾ ਨੇ ਦੱਸਿਆ ਕਿ ਜਿਵੇਂ ਹੀ ਪੁਲਿਸ ਨੇ ਮੁਲਜ਼ਮਾਂ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਤਾਂ ਮੁਲਜ਼ਮ ਭੱਜਣ ਲੱਗੇ। ਮੁਲਜ਼ਮਾਂ ਨੇ ਆਪਣੀ ਵਰਨਾ ਕਾਰ 88 ਫੁੱਟ ਰੋਡ ’ਤੇ ਤੰਗ ਗਲੀਆਂ ਵੱਲ ਮੋੜ ਦਿੱਤੀ ਪਰ ਉਨ੍ਹਾਂ ਦੀ ਕਾਰ ਦੂਜੀ ਕਾਰ ਨਾਲ ਟਕਰਾ ਕੇ ਰੁਕ ਗਈ, ਜਿਸ ਤੋਂ ਬਾਅਦ ਦੋਸ਼ੀ ਕਾਰ ਉਥੇ ਹੀ ਛੱਡ ਕੇ ਭੱਜਣ ਲੱਗੇ ਅਤੇ ਫੜੇ ਗਏ। ਪੁਲਿਸ ਨੇ ਮੁਲਜ਼ਮਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 32 ਬੋਰ ਦਾ ਇੱਕ ਪਿਸਤੌਲ ਅਤੇ 7 ਜ਼ਿੰਦਾ ਕਾਰਤੂਸ ਬਰਾਮਦ ਹੋਏ। ਦੋਵਾਂ ਖਿਲਾਫ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਕਾਰ ਅਰਸ਼ਜੋਤ ਸਿੰਘ ਦੇ ਨਾਂ ’ਤੇ ਹੈ, ਜਿਸ ਦੀ ਰਜਿਸਟਰੀ ਬਾਬਾ ਬਕਾਲਾ ਸਾਹਿਬ ਵਿਖੇ ਹੋਈ ਹੈ। ਦੂਜੇ ਪਾਸੇ ਜਦੋਂ ਪੁਲਿਸ ਨੇ ਅਵਿਨਾਸ਼ ਦੇ ਰਿਕਾਰਡ ਦੀ ਛਾਣਬੀਣ ਕੀਤੀ ਤਾਂ ਉਸ ‘ਤੇ ਇਹ ਪਹਿਲਾ ਕੇਸ ਸੀ, ਜਦਕਿ ਅਰਸ਼ਜੋਤ ਦੇ ਰਿਕਾਰਡ ਦੀ ਜਾਂਚ ਕੀਤੀ ਗਈ ਤਾਂ ਉਸ ਵਿਰੁੱਧ ਪੰਜ ਕੇਸ ਦਰਜ ਹਨ।