ਚੰਡੀਗੜ੍ਹ। ਰੋਹਤਕ ਦੀ ਸੁਨਾਰੀਆ ਜੇਲ ‘ਚ ਸਜ਼ਾ ਕੱਟ ਰਿਹਾ ਰਾਮ ਰਹੀਮ 21 ਜਨਵਰੀ ਤੋਂ 40 ਦਿਨਾਂ ਦੀ ਪੈਰੋਲ ‘ਤੇ ਬਾਹਰ ਆਇਆ ਹੋਇਆ ਹੈ। ਦੱਸ ਦਈਏ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਮੰਗਲਵਾਰ ਨੂੰ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੇ ਸਾਹਮਣੇ ਵਿਆਹ ਕਰਵਾਉਣ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ। ਇਹ ਪਟੀਸ਼ਨ ਸਿਰਸਾ ਅਤੇ ਚੰਡੀਗੜ੍ਹ ਦੇ ਦੋ ਨੌਜਵਾਨਾਂ ਵੱਲੋਂ ਦਾਇਰ ਕੀਤੀ ਗਈ ਸੀ।
ਜਾਣਕਾਰੀ ਅਨੁਸਾਰ ਬਾਬਾ ਰਾਮ ਰਹੀਮ ਦੇ ਦੋ ਪੈਰੋਕਾਰ ਨੌਜਵਾਨਾਂ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਦਾਖਲ ਕਰਕੇ ਦਲੀਲ ਦਿੱਤੀ ਸੀ ਕਿ ਭਾਰਤੀ ਸੰਸਕ੍ਰਿਤੀ ਅਨੁਸਾਰ ਰੱਬ ਵਿੱਚ ਵਿਸ਼ਵਾਸ ਰੱਖਣ ਵਾਲੇ ਆਪਣੇ ਜੀਵਨ ਸਾਥੀ ਨੂੰ ਪਵਿੱਤਰ ਗ੍ਰੰਥ ਅਤੇ ਰੱਬ ਦੀ ਮੂਰਤੀ ਨੂੰ ਗਵਾਹ ਮੰਨ ਕੇ ਸਵੀਕਾਰ ਕਰਦੇ ਹਨ। ਇਸੇ ਤਰ੍ਹਾਂ ਡੇਰੇ ਦੀਆਂ ਰਸਮਾਂ ਅਨੁਸਾਰ ਰਾਮ ਰਹੀਮ ਨੂੰ ਭਗਵਾਨ ਮੰਨਣ ਵਾਲੇ ਉਸ ਦੇ ਆਸ਼ੀਰਵਾਦ ਨਾਲ ਉਸ ਦੇ ਸਾਹਮਣੇ ਵਿਆਹ ਕਰਵਾਉਂਦੇ ਹਨ।
ਉਕਤ ਪੈਰੋਕਾਰਾਂ ਨੇ ਕਿਹਾ ਕਿ ਉਹ ਕੱਟੜ ਡੇਰਾ ਪ੍ਰੇਮੀ ਹਨ ਅਤੇ ਵਿਆਹ ਦੀਆਂ ਰਸਮਾਂ ਪੂਰੀਆਂ ਕਰਨ ਲਈ ਡੇਰਾ ਮੁਖੀ ਦਾ ਆਸ਼ੀਰਵਾਦ ਜ਼ਰੂਰੀ ਹੈ। ਆਸ਼ੀਰਵਾਦ ਤੋਂ ਬਿਨਾਂ ਉਨ੍ਹਾਂ ਦਾ ਵਿਆਹ ਰੀਤੀ-ਰਿਵਾਜਾਂ ਅਨੁਸਾਰ ਸੰਪੂਰਨ ਨਹੀਂ ਹੋਵੇਗਾ।
ਮੰਗਲਵਾਰ ਨੂੰ ਅਦਾਲਤ ਵਿੱਚ ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ ਕਿਹਾ ਕਿ ਜੇਲ੍ਹ ਨਿਯਮਾਂ ਤਹਿਤ ਕੈਦੀ ਸਿਰਫ਼ ਆਪਣੇ ਰਿਸ਼ਤੇਦਾਰਾਂ ਨੂੰ ਹੀ ਚਿੱਠੀਆਂ ਲਿਖ ਸਕਦੇ ਹਨ। ਜੇਕਰ ਪਟੀਸ਼ਨਰ ਆਪਣੇ ਵਿਆਹ ਲਈ ਆਸ਼ੀਰਵਾਦ ਲੈਣਾ ਚਾਹੁੰਦਾ ਹੈ ਤਾਂ ਉਹ ਡੇਰਾ ਮੁਖੀ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰ ਸਕਦਾ ਹੈ ਅਤੇ ਪੱਤਰ ਵਿੱਚ ਆਸ਼ੀਰਵਾਦ ਮੰਗ ਸਕਦਾ ਹੈ। ਵਕੀਲ ਨੇ ਕਿਹਾ ਕਿ ਇਹ ਪਟੀਸ਼ਨ ਜਾਇਜ਼ ਨਹੀਂ ਹੈ। ਇਸ ਤੋਂ ਬਾਅਦ ਹਾਈਕੋਰਟ ਨੇ ਇਸ ਨੂੰ ਖਾਰਜ ਕਰ ਦਿੱਤਾ।