ਨਾਇਬ ਤਹਿਸੀਲਦਾਰ ਦੀ ਭਰਤੀ ਪ੍ਰੀਖਿਆ ‘ਚ ਧਾਂਦਲੀ ਕਰ ਕੇ ਰੈਂਕ ਹਾਸਲ ਕਰਨ ਵਾਲੇ 2 ਆਰੋਪੀ ਗ੍ਰਿਫਤਾਰ

0
653

ਪਟਿਆਲਾ । ਪੁਲਿਸ ਨੇ ਨਾਇਬ ਤਹਿਸੀਲਦਾਰ ਦੀ ਭਰਤੀ ਪ੍ਰੀਖਿਆ ਵਿੱਚ ਧਾਂਦਲੀ ਕਰਨ ਵਾਲੇ 2 ਮੁਲਜ਼ਮ ਪ੍ਰੀਖਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਬਲਰਾਜ ਸਿੰਘ ਉਰਫ ਵਿੱਕੀ ਵਾਸੀ ਪਿੰਡ ਬਸੋਹਾਰਾ ਥਾਣਾ ਮੂਨਕ, ਸੰਗਰੂਰ ਅਤੇ ਵਰਿੰਦਰਪਾਲ ਚੌਧਰੀ ਵਾਸੀ ਪਿੰਡ ਦੋਧਾਣਾ, ਥਾਣਾ ਘੱਗਾ, ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ। ਦੋਵਾਂ ਮੁਲਜ਼ਮਾਂ ਨੂੰ ਪਸਿਆਣਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਮੁਲਜ਼ਮਾਂ ਦਾ ਅਦਾਲਤ ਤੋਂ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕਰੇਗੀ।

ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਪਟਿਆਲਾ ਪੁਲਿਸ ਨੇ ਨਾਇਬ ਤਹਿਸੀਲਦਾਰ ਭਰਤੀ ਪ੍ਰੀਖਿਆ ਘੁਟਾਲੇ ਵਿੱਚ ਕੇਸ ਦਰਜ ਕੀਤਾ ਹੈ। ਦੋਵੇਂ ਮੁਲਜ਼ਮਾਂ ਨੇ ਇਲੈਕਟਰੋਨਿਕ ਯੰਤਰਾਂ ਦੀ ਵਰਤੋਂ ਕਰ ਕੇ ਪ੍ਰੀਖਿਆ ਵਿੱਚ ਉੱਚ ਰੈਂਕ ਹਾਸਲ ਕੀਤੇ ਸਨ। ਉਸ ਨੇ ਦੱਸਿਆ ਕਿ ਮੁਲਜ਼ਮ ਬਲਰਾਜ ਉਰਫ ਵਿੱਕੀ ਨੇ ਪ੍ਰੀਖਿਆ ‘ਚ ਦੂਜਾ ਰੈਂਕ ਅਤੇ ਵਰਿੰਦਰਪਾਲ ਚੌਧਰੀ ਨੇ 21ਵਾਂ ਰੈਂਕ ਪ੍ਰਾਪਤ ਕੀਤਾ ਸੀ।

ਇਸ ਤੋਂ ਪਹਿਲਾਂ ਪਟਿਆਲਾ ਪੁਲਿਸ ਨੇ ਇਸ ਮਾਮਲੇ ਵਿੱਚ 5 ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਵਿੱਚ ਨਵਰਾਜ ਚੌਧਰੀ ਉਰਫ ਗੋਗੀ, ਗੁਰਪ੍ਰੀਤ ਸਿੰਘ ਉਰਫ ਗੁਰੀ, ਜਤਿੰਦਰ ਸਿੰਘ ਉਰਫ ਮੱਖਣ, ਸੋਨੂੰ ਕੁਮਾਰ ਅਤੇ ਵਿਜੇਂਦਰ ਸਿੰਘ ਸ਼ਾਮਲ ਹਨ। ਫਿਲਹਾਲ ਸਾਰੇ ਦੋਸ਼ੀ ਪੁਲਸ ਰਿਮਾਂਡ ‘ਤੇ ਹਨ।