ਸਕਾਲਰਸ਼ਿਪ ਨਹੀਂ ਮਿਲੀ ਤਾਂ 12 ਦੀ ਟੌਪਰ ਵਿਦਿਆਰਥਣ ਨੇ ਕਰ ਲਈ ਖੁਦਕੁਸ਼ੀ

0
1293

ਦਿੱਲੀ | ਲੇਡੀ ਸ਼੍ਰੀਰਾਮ ਰਾਮ ਕਾਲਜ ਫਾਰ ਵੂਮੈਨ ਦੀ ਇੱਕ ਵਿਦਿਆਰਥਣ ਨੇ ਖੁਦਕੁਸ਼ੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥਣ ਨੂੰ ਮਾਰਚ ਤੋਂ ਸਕਾਲਰਸ਼ਿਪ ਨਹੀਂ ਮਿਲੀ ਸੀ। ਤੇਲੰਗਾਨਾ ਦੇ ਰੰਗਰੇਡੀ ਜ਼ਿਲ੍ਹੇ ਦੀ ਵਸਨੀਕ ਇਹ ਵਿਦਿਆਰਥਣ ਸੂਬੇ ਦੀ 12ਵੀਂ ਜਮਾਤ ਦੀ ਪ੍ਰੀਖਿਆ ਵਿਚ ਟੌਪਰ ਰਹੀ। ਵਿਦਿਆਰਥਣ ਉੱਚ ਸਿੱਖਿਆ ਪ੍ਰਾਪਤ ਕਰ ਸਕੇ, ਇਸ ਲਈ ਉਸ ਦੇ ਪਰਿਵਾਰ ਨੇ ਘਰ ਗਿਰਵੀ ਰੱਖ ਦਿੱਤਾ ਸੀ।

ਗਣਿਤ ਦੀ ਵਿਦਿਆਰਥਣ ਐਸ਼ਵਰਿਆ ਨੇ ਖੁਦਕੁਸ਼ੀ ਤੋਂ ਪਹਿਲਾਂ ਇਕ ਸੁਸਾਈਡ ਨੋਟ ਲਿਖਿਆ ਹੈ। ਸੁਸਾਈਡ ਨੋਟ ਅਨੁਸਾਰ ਐਸ਼ਵਰਿਆ ਦਾ ਪਰਿਵਾਰ ਉਸ ਦੀ ਪੜ੍ਹਾਈ ਦਾ ਖਰਚਾ ਨਹੀਂ ਚੁੱਕ ਸਕਦਾ ਸੀ। ਨੋਟ ਵਿਚ ਉਸਨੇ ਲਿਖਿਆ ਕਿ ਉਹ ਆਪਣੇ ਪਰਿਵਾਰ ‘ਤੇ ਬੋਝ ਨਹੀਂ ਬਣਨਾ ਚਾਹੁੰਦੀ ਸੀ ਅਤੇ ਉਹ ਬਿਨਾਂ ਵਿਦਿਆ ਦੇ ਜ਼ਿੰਦਗੀ ਨਹੀਂ ਚਾਹੁੰਦੀ ਸੀ। ਵਿੱਤੀ ਮੁਸੀਬਤ ਵਿੱਚ ਵਿਦਿਆਰਥਣ ਵੱਲੋਂ ਅਜਿਹਾ ਕਦਮ ਚੁੱਕਣ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਪ੍ਰਦਰਸ਼ਨਕਾਰੀ ਇਨਸਾਫ ਦੀ ਮੰਗ ਕਰਦੇ ਹੋਏ ਇਸ ਨੂੰ ‘ਸੰਸਥਾਗਤ ਹੱਤਿਆ’ ਕਰਾਰ ਦੇ ਰਹੇ ਹਨ।

ਵਿਦਿਆਰਥੀ ਨੂੰ ਭਾਰਤ ਸਰਕਾਰ ਤੋਂ ਵਜ਼ੀਫ਼ਾ ਮਿਲ ਰਿਹਾ ਸੀ

ਸਟੂਡੈਂਟ ਫੈਡਰੇਸ਼ਨ ਆਫ ਇੰਡੀਆ (ਐਸ.ਐਫ.ਆਈ.) ਦਾ ਕਹਿਣਾ ਹੈ ਕਿ ਐਸ਼ਵਰਿਆ ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨਾਲੋਜੀ ਮੰਤਰਾਲੇ ਤੋਂ ਇਨਸਪਾਇਰ ਸਕਾਲਰਸ਼ਿਪ ਪ੍ਰਾਪਤ ਕਰ ਰਹੀ ਸੀ। ਸਕਾਲਰਸ਼ਿਪ ਮਾਰਚ ਤੋਂ ਦੇਰੀ ਹੋ ਗਈ ਸੀ, ਜਿਸ ਕਾਰਨ ਉਸਨੇ ਅਜਿਹਾ ਕਦਮ ਚੁੱਕਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਲੜਕੀ ਨੇ ਪਹਿਲਾਂ ਹੀ ਕਿਹਾ ਸੀ ਕਿ ਉਸ ਕੋਲ ਇੰਟਰਨੈਟ ਕਨੈਕਸ਼ਨ ਨਹੀਂ ਹੈ ਅਤੇ ਨਾ ਹੀ ਲੈਪਟਾਪ, ਇਸ ਲਈ ਉਹ ਆਨਲਾਈਨ ਕਲਾਸ ਨਹੀਂ ਲਾ ਸਕਦੀ। ਲੈਪਟਾਪ ਅਤੇ ਇੰਟਰਨੈਟ ਦੀ ਘਾਟ ਕਾਰਨ, ਵਿਦਿਆਰਥਣ ਕੋਲ ਅਧਿਐਨ ਸਮੱਗਰੀ ਉਪਲਬਧ ਨਹੀਂ ਸੀ, ਜਿਸ ਕਾਰਨ ਉਹ ਬਹੁਤ ਪਰੇਸ਼ਾਨ ਸੀ। ਕਮੇਟੀ ਦੇ ਕੋ-ਕਨਵੀਨਰ ਲਕਸ਼ਮੀ ਨੇ ਕਿਹਾ, ਕਮੇਟੀ ਨੇ ਵਾਰ ਵਾਰ ਐਲਐਸਆਰ ਪ੍ਰਸ਼ਾਸਨ ਨੂੰ ਈਮੇਲ ਭੇਜੀ ਹੈ, ਪਰ ਸਭ ਵਿਅਰਥ ਰਿਹਾ ਕਿਉਂਕਿ ਉਨ੍ਹਾਂ ਨੂੰ ਕੋਈ ਸਹੀ ਜਵਾਬ ਨਹੀਂ ਮਿਲਿਆ ਹੈ।