ਫਿਰੋਜ਼ਪੁਰ, 3 ਜਨਵਰੀ | ਡਰੱਗ ਰੈਕੇਟ ‘ਤੇ ਜੇਲ੍ਹ ਮਹਿਕਮੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ। ਕੈਦੀਆਂ ਨੂੰ ਨਸ਼ਾ ਸਪਲਾਈ ਕਰਨ ਬਦਲੇ ਰਿਸ਼ਵਤ ਲੈਣ ਦੇ ਦੋਸ਼ ਵਿਚ 7 ਮੌਜੂਦਾ ਤੇ 4 ਸੇਵਾਮੁਕਤ ਜੇਲ੍ਹ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸ ਦਈਏ ਕਿ ਤਿੰਨ ਤਸਕਰਾਂ ਰਾਜ ਕੁਮਾਰ ਉਰਫ਼ ਰਾਜਾ, ਸੋਨੂੰ ਅਤੇ ਅਮਰੀਕ ਸਿੰਘ ਵੱਲੋਂ ਜੇਲ੍ਹ ‘ਚ ਮੋਬਾਇਲ ਫੋਨਾਂ ਦੀ ਵਰਤੋਂ ਕੀਤੀ ਗਈ ਸੀ। ਉਨ੍ਹਾਂ ‘ਤੇ 43 ਹਜ਼ਾਰ ਤੋਂ ਵੱਧ ਫੋਨ ਕਾਲਾਂ ਕੀਤੇ ਜਾਣ ਦਾ ਦੋਸ਼ ਸੀ। ਤਸਕਰਾਂ ਵੱਲੋਂ ਜੇਲ੍ਹ ਵਿਚ ਕੁੱਲ 43 ਹਜ਼ਾਰ 432 ਫੋਨ ਕਾਲ ਕੀਤੀਆਂ ਗਈਆਂ ਹਨ, ਜਿਨ੍ਹਾਂ ਵੱਲੋਂ 38 ਹਜ਼ਾਰ 750 ਕਾਲਾਂ ਸਿਰਫ਼ ਇਕ ਮਹੀਨੇ ‘ਚ ਕੀਤੀਆਂ ਗਈਆਂ ਹਨ।
ਮਾਮਲੇ ਦੀ ਜਾਂਚ ਲਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਸੀ। ਨਵੀਂ ਗਠਿਤ ਸਪੈਸ਼ਲ ਇਨਵੈਸਟੀਗੇਸ਼ਨ ਟੀਮ (SIT) ਨੇ 7 ਮੌਜੂਦਾ ਤੇ 4 ਸੇਵਾਮੁਕਤ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਂਚ ਵਿਚ ਪਾਇਆ ਗਿਆ ਕਿ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਜੇਲ੍ਹ ਅਧਿਕਾਰੀਆਂ ਨੇ ਜੇਲ੍ਹ ਕੰਪਲੈਕਸ ਦੇ ਅੰਦਰ ਫੋਨ ਦੀ ਵਰਤੋਂ ਕਰਨ ਵਿਚ ਕੈਦੀਆਂ ਦੀ ਮਦਦ ਕੀਤੀ। ਕੈਦੀਆਂ ਕੋਲੋਂ ਫੋਨ ਬਰਾਮਦ ਹੋਏ ਪਰ ਕੋਈ ਕਾਰਵਾਈ ਨਹੀਂ ਕੀਤੀ।
ਇਹ ਵੀ ਖਬਰ ਹੈ ਕਿ ਉਕਤ ਅਧਿਕਾਰੀ ਕੈਦੀਆਂ ਨੂੰ ਨਸ਼ਿਆਂ ਦੀ ਸਪਲਾਈ ਕਰਨ ਵਿਚ ਵੀ ਮਦਦ ਕਰਦੇ ਸਨ। ਇਸ ਬਦਲੇ ਉਹ ਰਿਸ਼ਵਤ ਲੈਂਦੇ ਸਨ ਤੇ ਨਸ਼ਾ ਵਿਕਰੀ ਦੀ ਆਮਦਨ ਦਾ ਭੁਗਤਾਨ ਯੂਪੀਆਈ ਜ਼ਰੀਏ ਕੀਤਾ ਜਾਂਦਾ ਸੀ।