1 ਕਰੋੜ 25 ਲੱਖ ‘ਚ ਵਿਕਿਆ ਜਲੰਧਰ ਦਾ 105 ਸਾਲ ਪੁਰਾਣਾ ਟ੍ਰੈਕਟਰ, ਕੈਲੀਫੋਰਨੀਆ ਦੇ ਮਿਊਜ਼ੀਅਮ ‘ਚ ਰੱਖਿਆ ਜਾਵੇਗਾ

0
1197

ਜਲੰਧਰ, 21 ਫਰਵਰੀ | ਪੰਜਾਬੀ ਬੁਲੇਟਿਨ ਟੀਮ ਪਿਛਲੇ ਕੁਝ ਦਿਨਾਂ ਤੋਂ ਇੰਟਰਨੈੱਟ ‘ਤੇ ਕਾਫੀ ਚਰਚਾ ਵਿੱਚ ਰਹਿਆ ਜਲੰਧਰ ਦਾ 105 ਸਾਲ ਪੁਰਾਣਾ ਟ੍ਰੈਕਟਰ ਆਖਿਰਕਾਰ ਵਿਕ ਗਿਆ ਹੈ। ਜਲੰਧਰ ਦੇ ਭਗਤ ਸਿੰਘ ਚੌਕ ਨੇੜੇ ਇਕ ਪੁਰਾਣੀ ਕੋਠੀ ਵਿੱਚ ਖੜ੍ਹੇ ਇਸ ਟ੍ਰੈਕਟਰ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈ ਸੀ।

ਮਿਲੀ ਜਾਣਕਾਰੀ ਮੁਤਾਬਕ ਹੁਣ ਇਹ ਟ੍ਰੈਕਟਰ ਕੈਲੀਫੋਰਨੀਆ ਦੇ ਇੱਕ ਮਿਊਜ਼ੀਅਮ ਵਿੱਚ ਰੱਖਿਆ ਜਾਵੇਗਾ। ਇਸ ਟ੍ਰੈਕਟਰ ਦੇ ਨਵੇਂ ਮਾਲਕ ਅਮਰੀਕਾ ਵਿੱਚ ਰਹਿੰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਕਰੀਬ 105 ਸਾਲ ਪੁਰਾਣਾ ਇਹ ਟ੍ਰੈਕਟਰ 1 ਕਰੋੜ 25 ਲੱਖ ਰੁਪਏ ਵਿੱਚ ਵਿਕਿਆ ਹੈ।

ਇਹ ਟ੍ਰੈਕਟਰ 1921 ਵਿੱਚ ਜਰਮਨੀ ਵਿੱਚ ਬਣਿਆ *Lanz Bulldog HL-12 ਮਾਡਲ* ਹੈ। ਇਸ ਵਿਲੱਖਣ ਟ੍ਰੈਕਟਰ ਨੂੰ ਖਰੀਦਣ ਲਈ ਪੁਰਾਣੇ ਟ੍ਰੈਕਟਰਾਂ ਦੇ ਸ਼ੌਕੀਨਾਂ ਵੱਲੋਂ ਕਈ ਵਾਰ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ। ਇਸ ਦੀ ਆਨਲਾਈਨ ਬੋਲੀ 28 ਲੱਖ ਰੁਪਏ ਤੱਕ ਵੀ ਲੱਗ ਚੁੱਕੀ ਸੀ, ਪਰ ਆਖਿਰਕਾਰ ਇਹ ਕੈਲੀਫੋਰਨੀਆ ਦੇ ਮਿਊਜ਼ੀਅਮ ਲਈ ਖਰੀਦਿਆ ਗਿਆ। ਅੱਜ ਇਸਨੂੰ ਜਲੰਧਰ ਤੋਂ ਰਵਾਨਾ ਕਰ ਦਿੱਤਾ ਗਿਆ ਹੈ।

ਇਹ ਟ੍ਰੈਕਟਰ ਸਿੰਗਲ ਸਿਲੈਂਡਰ ਹੌਟ-ਬਲਬ ਇੰਜਣ ਨਾਲ ਚਲਦਾ ਸੀ। ਇਸਨੂੰ ਸਟਾਰਟ ਕਰਨ ਤੋਂ ਪਹਿਲਾਂ ਇੰਜਣ ਨੂੰ ਗਰਮ ਕਰਨਾ ਪੈਂਦਾ ਸੀ। ਘੱਟ ਸਪੀਡ ‘ਤੇ ਵੀ ਇਹ ਟ੍ਰੈਕਟਰ ਵੱਡੀ ਤਾਕਤ ਪੈਦਾ ਕਰਦਾ ਸੀ। ਆਪਣੇ ਸਮੇਂ ਵਿੱਚ ਇਹ ਖੇਤਾਂ ਵਿੱਚ ਹਲ ਚਲਾਉਣ ਸਮੇਤ ਹੋਰ ਭਾਰੀ ਕੰਮਾਂ ਲਈ ਵਰਤਿਆ ਜਾਂਦਾ ਸੀ।