ਸਰਕਾਰ ਨੇ ਬਜਟ ਦਾ 12 ਫੀਸਦੀ ਹਿੱਸਾ ਸਿੱਖਿਆ ਖੇਤਰ ਲਈ ਰੱਖਿਆ – ਚੱਬੇਵਾਲ

0
6

ਫਗਵਾੜਾ , 7 ਅਪ੍ਰੈਲ: ਪੰਜਾਬ ਸਰਕਾਰ ਵਲੋਂ “ ਪੰਜਾਬ ਸਿੱਖਿਆ ਕ੍ਰਾਂਤੀ “ ਤਹਿਤ ਸਕੂਲਾਂ ਦੀ ਕਾਇਆ ਕਲਪ ਦੇ ਨਾਲ-ਨਾਲ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲੇ ਦੀ ਸਿੱਖਿਆ ਦੇਣ ਲਈ ਪੰਜਾਬ ਸਰਕਾਰ ਵੱਲੋਂ ਬਜਟ ਵਿੱਚ 12 ਫੀਸਦੀ ਰਾਸ਼ੀ ਰਾਖਵੀਂ ਰੱਖੀ ਗਈ ਹੈ ਜੋ ਕਿ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ।

ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਡਾ ਰਾਜ ਕੁਮਾਰ ਚੱਬੇਵਾਲ ਨੇ ਅੱਜ ਫਗਵਾੜਾ ਵਿਖੇ ਸਕੂਲ ਆਫ ਐਮੀਨੈਂਸ ਫਗਵਾੜਾ ਵਿਖੇ 43 ਲੱਖ ਰੁਪੈ ਨਾਲ ਸਕੂਲ ਦਾ ਮੁਕੰਮਲ ਨਵੀਨੀਕਰਨ ਤੇ 8 ਲੱਖ ਰੁਪੈ ਨਾਲ ਨਵੀਂ ਚਾਰਦੀਵਾਰੀ ਦਾ ਉਦਘਾਟਨ ਕਰਨ ਮੌਕੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਖੇਤਰ ਨੂੰ ਪਹਿਲ ਦਿੱਤੀ ਗਈ ਹੈ , ਜਿਸ ਨਾਲ ਸਰਕਾਰੀ ਸਕੂਲਾਂ ਅੰਦਰ ਸਿੱਖਿਆ ਦਾ ਪੱਧਰ ਉੱਚਾ ਹੋਇਆ ਹੈ । ਸਰਕਾਰੀ ਸਕੂਲ (ਲੜਕੀਆਂ )ਫਗਵਾੜਾ ਵਿਖੇ ਵੀ 2 ਲੱਖ ਰੁਪੈ ਨਾਲ ਚਾਰਦੀਵਾਰੀ ਹੋਵੇਗੀ ।

ਉਨ੍ਹਾਂ ਕਿਹਾ ਕਿ 425 ਪ੍ਰਾਇਮਰੀ ਸਕੂਲਾਂ ਨੂੰ ਸਕੂਲ ਆਫ਼ ਹੈਪੀਨੈਂਸ ਵਿੱਚ ਬਦਲਿਆ ਜਾ ਰਿਹਾ ਹੈ ਤਾਂ ਜੋ ਹਵਾਦਾਰ ਕਲਾਸਰੂਮਾਂ, ਖੇਡ ਦੇ ਖੇਤਰਾਂ ਅਤੇ ਗਤੀਵਿਧੀ ਕਾਰਨਰਾਂ ਦੇ ਨਾਲ ਚੰਗਾ ਵਾਤਾਵਰਣ ਸਿਰਜਿਆ ਜਾ ਸਕੇ। ਇਸ ਤੋਂ ਇਲਾਵਾ ਪੰਜਾਬ ਯੰਗ ਐਂਟਰਪ੍ਰੀਨਿਓਰ ਪ੍ਰੋਗਰਾਮ ਵਰਗੀਆਂ ਪਹਿਲਕਦਮੀਆਂ ਵਿਦਿਆਰਥੀਆਂ ਵਿੱਚ ਨਵੀਨਤਾ ਅਤੇ ਲੀਡਰਸ਼ਿਪ ਨੂੰ ਉਤਸ਼ਾਹਿਤ ਕਰਨਗੀਆਂ।

ਸ੍ਰੀ ਚੱਬੇਵਾਲ ਨੇ ਇਹ ਵੀ ਕਿਹਾ ਕਿ ਬਿਜਲੀ ਦੀਆਂ ਲਾਗਤਾਂ ਨੂੰ ਘਟਾਉਣ ਅਤੇ ਸਾਫ਼ ਊਰਜਾ ਨੂੰ ਉਤਸ਼ਾਹਿਤ ਕਰਨ ਲਈ, 4,098 ਸਰਕਾਰੀ ਸਕੂਲਾਂ ਵਿੱਚ ਪਹਿਲਾਂ ਹੀ ਸੋਲਰ ਪੈਨਲ ਲਗਾਏ ਜਾ ਚੁੱਕੇ ਹਨ ਅਤੇ ਹੋਰ ਵਿਸਥਾਰ ਕਰਨ ਦੀ ਯੋਜਨਾ ਹੈ।

ਬੁਨਿਆਦੀ ਢਾਂਚੇ ਦੇ ਨਵੀਨੀਕਰਨ, ਨਾਲ ਜਿਸ ਵਿੱਚ ਚਾਰਦੀਵਾਰੀ ਅਤੇ ਰੱਖ-ਰਖਾਅ ਗ੍ਰਾਂਟਾਂ ਸ਼ਾਮਲ ਹਨ, ਖਾਸ ਕਰ ਕੇ ਵਿਦਿਆਰਥਣਾਂ ਲਈ ਸੁਰੱਖਿਅਤ ਅਤੇ ਚੰਗੀ ਸਾਂਭ-ਸੰਭਾਲ ਵਾਲੇ ਸਕੂਲ ਯਕੀਨੀ ਬਣਾਏ ਜਾਣਗੇ।

ਸੰਸਦ ਮੈਂਬਰ ਨੇ ਮਾਪਿਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲੇ ਦਿਵਾਉਣ ਕਿਉਂ ਜੋ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਕੂਲਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਸਿੱਖਿਆ ਲਈ ਤਿਆਰ ਕੀਤਾ ਗਿਆ ਹੈ ।

ਇਸ ਮੌਕੇ ਸਾਬਕਾ ਮੰਤਰੀ ਤੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ , ਮੇਅਰ ਰਾਮਪਾਲ ਉੱਪਲ , ਵਧੀਕ ਡਿਪਟੀ ਕਮਿਸ਼ਨਰ ਡਾ ਅਕਸ਼ਿਤਾ ਗੁਪਤਾ , ਆਮ ਆਦਮੀ ਪਾਰਟੀ ਦੇ ਬੁਲਾਰੇ ਹਰਜੀ ਮਾਨ , ਐਸ ਡੀ ਐਮ ਜਸ਼ਨਜੀਤ ਸਿੰਘ ਤੇ ਹੋਰ ਹਾਜ਼ਰ ਸਨ ।

ਕੈਪਸ਼ਨ – ਫਗਵਾੜਾ ਦੇ ਸਕੂਲ ਆਫ ਐਮੀਨੈਂਸ ਵਿਖੇ ਵਿਕਾਸ ਕੰਮਾਂ ਦਾ ਉਦਘਾਟਨ ਕਰਦੇ ਹੋਏ ਸੰਸਦ ਮੈਂਬਰ ਰਾਜ ਕੁਮਾਰ ਚੱਬੇਵਾਲ ਤੇ ਹੋਰ।