ਮਾਨ-ਕਾਵਿ ਵਿਚਾਰਦਿਆਂ : ਫ਼ਕੀਰੀ ਤੇ ਪ੍ਰੇਮ ਦੋਵੇਂ ਯੁੱਧ-ਨਾਦ ਨੇ !

0
1559

ਮੱਖਣ ਮਾਨ ਦਾ ਕਵੀ ਰੂਪ ਅਚੰਭਿਤ ਕਰ ਦੇਣ ਵਾਲਾ ਹੈ, ਪਰ ਵਿਚਾਰ ਉਤੇਜਕ ਵੀ। ਉਹ ਕਹਾਣੀ ਲਿਖਦਾ-ਲਿਖਦਾ ਗਾਇਬ ਹੋ ਜਾਂਦਾ ਹੈ ਤੇ ਫਿਰ ਅਚਾਨਕ ਕਵਿਤਾ ਲੈ ਕੇ ਦਸਤਕ ਆਣ ਦਿੰਦਾ ਹੈ, ਉਹ ਵੀ ਪੱਕੇ ਪੈਰੀਂ। ਇੱਕ ਤੋਂ ਬਾਦ ਇੱਕ ਤੇ ਪਾਠਕ ਉਸਦੀ ਕਵਿਤਾ ਦੀ ਉਡੀਕ ਕਰਨ ਲੱਗਦੇ ਨੇ। ਮੱਖਣ ਮਾਨ ਪੂਰੀ ਸ਼ਿੱਦਤ ਨਾਲ ਕਵਿਤਾ ਵੱਲ ਮੋੜਾ ਕੱਟਦਾ ਹੈ ਤੇ ਬਹੁਤ ਹੀ ਗਹਿਰੀਆਂ ਕਵਿਤਾਵਾਂ ਨਾਲ ਹਾਜਰੀ ਲਗਵਾਉਂਦਾ ਹੈ। ਉਸਦੀ ਕਵਿਤਾ ਬਹੁਤ ਜਲਦੀ ਹੀ ਆਪਣੀ ਪਛਾਣ ਬਣਾ ਲੈਂਦੀ ਹੈ। ਕਵਿਤਾ ਲੰਬੀ ਹੋਣ ਲੱਗਦੀ ਹੈ ਤੇ ਵਿਚਾਰ ਵਰਤਮਾਨ ਨੂੰ ਲਪੇਟੇ ‘ਚ ਲੈਂਦਾ ਉਸਦੀ ਥਾਹ ਪਾਉਣ ਲਈ ਇਤਿਹਾਸ/ਮਿਥਿਹਾਸ ਨੂੰ ਫਰੋਲਣ ਲੱਗਦਾ ਹੈ। ਕਵਿਤਾ ਕਈ ਪੜਾਅ ਪਾਰ ਕਰਦੀ ਹੈ। ਉਹਦੀ ਕਵਿਤਾ ਦੀਆਂ ਕੁੱਝ ਸ਼ਕਤੀਆਂ ਨੇ, ਉਹਦੀਆਂ ਕੁੱਝ ਜੁਗਤਾਂ ਨੇ ਜਿਹਨਾਂ ਦੀ ਨਿਸ਼ਾਨਦੇਹੀ ਕਰਦੇ ਹਾਂ ਤਾਂ ਮੱਖਣ ਮਾਨ ਦੀ ਕਾਵਿ-ਸ਼ੈਲੀ ਜੋ ਹੈ, ਕਾਵਿ-ਭਾਸ਼ਾ ਜੋ ਹੈ ਉਹਦੀ ਗਹਿਰਾਈ ਨਾਪੀ ਜਾ ਸਕਦੀ ਹੈ ਤੇ ਮੱਖਣ ਮਾਨ ਨੂੰ ਇੱਕ ਨਿਆਰੇ ਕਵੀ ਵਜੋਂ ਪੰਜਾਬੀ ਕਵਿਤਾ ‘ਚ ਖੜ•ਾ ਕੀਤਾ ਜਾ ਸਕਦਾ ਹੈ।
ਮੱਖਣ ਮਾਨ ਨੇ ਵਿਮੁੱਲਾ ਦੀ ਆਤਮ-ਹੱਤਿਆ ਦਾ ਮੰਥਨ ਕਰਨਾ ਹੈ। ਉਹਦੇ ਕਾਤਿਲ ਦੀ ਪਛਾਣ ਕਰਨੀ ਹੈ। ਸਮੇਂ ਨੂੰ ਕਾਟੇ ਹੇਠ ਰੱਖਣਾ ਹੈ। ਆਪਣੇ ਸਮੇਂ ਨੂੰ ਮੁਖਾਤਿਬ ਹੋਣਾ ਹੈ। ਕੁੱਝ ਸਵਾਲ ਨੇ ਜ਼ਿਹਨ ‘ਚ ਉਹਨਾਂ ਨਾਲ ਟਾਕਰਾ ਹੈ ਉਸਦਾ। ਸਮਾਜ ਨੂੰ ਕੁੱਝ ਸਵਾਲ ਕਰਨੇ ਨੇ ਉਸ। ਹੁਣ ਉਸਦੀ ਜੋ ਜੁਗਤ ਹੈ, ਉਹਦੇ ਦੀਦਾਰ ਤੁਹਾਨੂੰ ਇਸ ਕਵਿਤਾ ‘ਚੋਂ ਬਾਖੂਬੀ ਹੋ ਜਾਣਗੇ। ਉਹਦਾ ਕਾਵਿ ਪਾਤਰ ਜੋ ਹੈ, ਉਹ ਸੰਬੋਧਨ ਹੋਵੇਗਾ। ਉਹਦੀ ਕਵਿਤਾ ਸੰਬੋਧਨੀ ਕਵਿਤਾ ਹੈ। ਹਰ ਕਵਿਤਾ ਦਾ ਕਾਵਿ-ਪਾਤਰ ਜੋ ਹੈ, ਉਹ ਕਿਸੇ ਨਾ ਕਿਸੇ ਨੂੰ ਸੰਬੋਧਨ ਕਰ ਰਿਹਾ ਹੈ ਜਾਂ ਖੁਦ ਨੂੰ ਹੀ ਸੰਬੋਧਨ ਹੈ। ਉਹਦੀ ਕਵਿਤਾ ਮਨੋਲਾਪ ਕਿਤੇ ਵੀ ਨਹੀਂ ਹੁੰਦੀ। ਹਮੇਸ਼ਾ ਇੱਕ ਧਿਰ ਨਾਲ ਕੋਈ ਦੂਸਰੀ ਧਿਰ ਖੜ•ੀ ਹੁੰਦੀ ਹੈ। ਉਹ ਧਿਰ ਆਪਣੀ ਵੀ ਹੋ ਸਕਦੀ ਹੈ ਤੇ ਜਿਸ ਨਾਲ ਟਕਰਾਓ ਹੈ, ਉਹ ਵੀ ਹੋ ਸਕਦੀ ਹੈ। ਪਰੰਤੂ ਮਨੋਲਾਪ ਕਿਤੇ ਨਹੀਂ। ਸੰਵਾਦ ਹੋ ਸਕਦਾ ਹੈ। ਵਿਵਾਦ ਹੋ ਸਕਦਾ ਹੈ। ਪਰ ਇਕਹਿਰੀ ਸੁੰਨਤਾ ਕਿਧਰੇ ਵੀ ਨਜ਼ਰ ਨਹੀਂ ਆਵੇਗੀ। ਪੰਜਾਬੀ ਕਵਿਤਾ ਵਿੱਚ ਜੋ ਇਕਹਿਰੀ ਸੁੰਨਤਾ ਆਈ, ਉਸਨੇ ਕਵੀ ਨੂੰ ਪਾਠਕ ਨਾਲੋਂ ਤੋੜ ਲਿਆ। ਪਾਠਕ ਨੂੰ ਲੱਗਾ ਕਿ ਕਵੀ ਉਹਦੇ ਨਾਲ ਸੰਵਾਦ ਦੀ ਥਾਂ ਅੰਦਰ ਵੱਲ ਪਰਤ ਗਿਆ ਹੈ ਤੇ ਕਿਸੇ ਖਾਸ ਤਰ•ਾਂ ਦੇ ‘ਅਧਿਆਤਮ’ ਦਾ ਸ਼ਿਕਾਰ ਹੋ ਗਿਆ ਹੈ। ਇਹ ਪੰਜਾਬੀ ਕਵਿਤਾ ‘ਚ ਪਿਛਲੇ ਸਮੇਂ ‘ਚ ਵਾਪਰਿਆ ਹੈ। ਮਾਨ ਅਧਿਆਤਮ ਦੇ ਸਮਾਨਅੰਤਰ ਸੰਕੇਤ ਦੀ ਭਾਸ਼ਾ ਰਾਹੀਂ ਸਵੈ ਦੇ ਸਰੋਕਾਰ ਤੋਂ ਸਮਾਜਿਕ ਸਰੋਕਾਰ ਤੱਕ ਪਹੁੰਚ ਗਿਆ ਹੈ। ਮੱਖਣ ਮਾਨ ਪਾਠਕ ਨੂੰ ਉਸ ‘ਅਧਿਆਤਮ’ ਦੀ ਅਵਸਥਾ ਤੋਂ ਅਲੱਗ ਪਹਿਚਾਣ ਬਣਾਉਣ ਵਿੱਚ ਕਾਮਯਾਬ ਹੋ ਗਿਆ ਹੈ। ਖੜ•ੇ ਸਮੇਂ ਵਿੱਚ ਉਸਦੀ ਕਵਿਤਾ ਨੇ ਸੈਨਤ ਨਾਲ ਪਾਠਕ ਨੂੰ ਆਵਾਜ਼ ਮਾਰੀ ਹੈ। ਉਹਦੀ ਕਵਿਤਾ ‘ਚ ਸੈਨਤਾਂ ਨੇ। ਉਹ ਸੈਨਤ ਨਾਲ ਗੱਲ ਕਰਦਾ ਹੈ। ਵਿਮੁੱਲਾ ਦੀ ਆਤਮ-ਹੱਤਿਆ ਦਾ ਸਵਾਲ ਉਸਨੂੰ ਪਰੇਸ਼ਾਨ ਕਰ ਰਿਹਾ ਹੈ। ਹਰ ਸੰਵੇਦਨਸ਼ੀਲ ਵਿਅਕਤੀ ਦੇ ਮਨ ਦਾ ਇਹ ਸਵਾਲ ਹੈ। ਉਹ ਕਵਿਤਾ ਕਹਿੰਦਾ ਹੈ। ਪਰ ਇਉਂ ਬਿਲਕੁੱਲ ਮਹਿਸੂਸ ਨਹੀਂ ਹੁੰਦਾ ਕਿ ਉਹ ਵਿਮੁੱਲਾ ਬਾਰੇ ਕਵਿਤਾ ਕਹਿ ਰਿਹਾ ਹੈ। ਉਹ ਕਵਿਤਾ ਕਹਿ ਰਿਹਾ ਹੈ, ਪਰ ਸੈਨਤ ਰਾਹੀਂ ਦੱਸਦਾ ਹੈ ਕਿ ਉਹ ਵਿਮੁੱਲਾ ਬਾਰੇ ਕਵਿਤਾ ਕਹਿ ਰਿਹਾ ਹੈ। ਉਸ ਵਿਮੁੱਲਾ ਬਾਰੇ ਜਿਸ ‘ਚ ਉਹ ਵਿਰਸਾ ਮੁੰਡਾ ਦਾ ਪੁਨਰ-ਜਨਮ ਦੇਖ ਰਿਹਾ ਹੈ। ਉਸ ਦੇਸ਼ ਭਗਤ ਦਾ, ਜਿਸਨੇ ਦੇਸ਼ ਲਈ ਕੁਰਬਾਨੀ ਦੇਣੀ ਹੈ। ਉਹਦਾ ਕਾਵਿ ਪਾਤਰ ਕਿਸੇ ਨੂੰ ਸੰਬੋਧਨ ਹੋ ਰਿਹਾ ਹੈ-

ਤੂੰ ਮੇਰੇ ਲਈ ਕੋਈ ਗੀਤ ਨਾ ਗਾਵੀਂ
ਕਦੀ ਮੈਨੂੰ ਖ਼ਤ ਵੀ ਨਾ ਲਿਖੀਂ
ਕਦੀ ਯਾਦ ਬਣ ਕੇ ਵੀ ਨਾ ਬਹੁੜੀਂ
ਕਦੀ ਸੁਪਨਾ ਬਣ ਕੇ ਵੀ ਨਾ ਆਵੀਂ
ਕਦੀ ਸਮੁੰਦਰ ਵਾਂਗ ਖੌਰੂ ਵੀ ਨਾ ਪਾਵੀਂ
ਕਦੀ ਲਹਿਰ ਵੀ ਨਾ ਬਣੀਂ ਤੂੰ
ਕਦੀ ਹੌਕਾ ਵੀ ਨਾ
ਕਦੀ ਭਟਕਣ ਵੀ ਨਾ
ਕਦੀ ਤਲਾਸ਼ ਵੀ ਨਾ
ਕਦੀ ਮੰਜ਼ਿਲ ਵੀ ਨਾ
ਕਦੀ ਹਵਾ ਵੀ ਨਾ
ਇਹ ਜਨਮ ਅਵੱਗਿਆ ਹੈ ਸਾਡੇ ਲਈ
ਤੇ ਮੈਂ ਬੀਤੀ ਰੁੱਤ ਦਾ ਮਰਸੀਆ ਗਾਉਣਾ ਹੈ
ਉਹਨੇ ਇਸ਼ਾਰਾ ਕਰ ਦਿੱਤਾ ਹੈ ਕਿ ਬੀਤੀ ਰੁੱਤੇ ਕੁੱਝ ਅਜਿਹਾ ਵਾਪਰਿਆ ਹੈ ਕਿ ਉਸਦਾ ਮਰਸੀਆ ਕਵੀ ਨੇ ਗਾਉਣਾ ਹੈ। ਖ਼ਤ, ਯਾਦ, ਸੁਪਨਾ ਉਸਦੀਆਂ ਸੈਨਤਾਂ ਹੀ ਤਾਂ ਹਨ। ਫਿਰ ਹੌਕਾ, ਭਟਕਣ, ਤਲਾਸ਼, ਮੰਜ਼ਿਲ, ਹਵਾ, ਕੀ ਕੁੱਝ ਨਹੀਂ ਕਹਿ ਰਿਹਾ ਉਹ? ਸਾਰਾ ਕੁੱਝ ਤਾਂ ਕਹਿ ਦਿੱਤਾ, ਇਸ਼ਾਰੇ ‘ਚ ਹੀ। ਵਿਮੁੱਲਾ ਦੇ ਮਨ ਦੇ ਸਵਾਲ ਹੀ ਤਾਂ ਹਨ। ਕਵੀ ਮਨ ਦੇ ਵੀ। ਹਰ ਉਸ ਪਿਸ ਰਹੇ ਵਿਅਕਤੀ ਦੇ ਜਿਹਨੇ ਵਿਮੁੱਲਾ ਦੀ ਹੋਣੀ ਘੜ ਹੁੰਦੇ ਆਪਣੇ ਪਿੰਡੇ ਤੇ ਮਹਿਸੂਸ ਕੀਤੀ। ਜਨਮ ਹੀ ਅਵੱਗਿਆ ਹੋ ਗਿਆ। ਹੁਣ  ‘ਅਵੱਗਿਆ’ ਸ਼ਬਦ ਆਪਣੇ ਆਪ ਵਿੱਚ ਹੀ ਭਾਰਤੀ ਮਨ ਉੱਤੇ ਉੱਕਰਿਆ ਉਹ ਸ਼ਬਦ ਹੈ, ਜਿਸਦੇ ਸੱਭਿਆਚਾਰਕ ਮਾਅਨੇ ਵੀ ਨੇ, ਸਮਾਜਿਕ ਵੀ, ਮਿਥਿਹਾਸਕ ਵੀ ਤੇ ਰਾਜਨੀਤਿਕ ਵੀ। ਇਸ ਸ਼ਬਦ ਦੇ ਗੂੰਜਦਿਆਂ ਹੀ ਸੱਭ ਤੋਂ ਪਹਿਲਾ ਨਾਮ ਇਕਲੱਵਿਆ ਦਾ ਆਉਂਦਾ ਹੈ। ਵੱਡੀ ਅਵੱਗਿਆ! ਦਰੋਣਾਚਾਰੀਆ ਉਸਦਾ ਅੰਗੂਠਾ ਦਾਨ ਵਜੋਂ ਲੈਂਦੇ ਨੇ। ਦੱਖਣ ਦੇ ਕਵੀ ਕਹਿੰਦੇ ਨੇ ਕਿ ਉਹਦੇ ਤੋਂ ਬਾਦ ਉਸ ਅੰਗੂਠੇ ਦੀ ਥਾਂ ਨਿੱਭ ਉੱਗ ਆਈ ਸੀ। ਮੱਖਣ ਮਾਨ ਉਸੇ ਧਿਰ ਦੀ ਨਿੱਭ ਹੈ। ਉਹ ਕਹਿ ਦਿੰਦਾ ਹੈ ਕਿ ‘ਮੈਂ ਦਰੋਣਾਚਾਰੀਆ ਦੀ ਸਿਆਸਤ ਦੀ ਦੱਖਣਾ ਹਾਂ।’ ਪਰ ਉਹਦੇ ਤੋਂ ਪਹਿਲਾਂ ਉਸਦੇ ਸਾਹਮਣੇ ਜੋ ਸੜ ਰਿਹਾ ਹੈ, ਉਹ ਜੰਗਲ ਹੈ। ਵਿਮੁੱਲਾ ਤੇ ਜੰਗਲ ਇੱਕਮਿੱਕ ਹੋ ਜਾਂਦੇ ਨੇ। ਦਲਿਤ ਤੇ ਟਰਾਇਬਲ ਦਾ ਦਰਦ ਕਰੰਘੜੀ ਪਾ ਲੈਂਦਾ ਹੈ। ਉਹਦੇ ਬੋਲ ਦੇਖੋ-


ਮੈਂ ਬਨਵਾਸ ਹਾਂ ਉਮਰਾਂ ਦਾ
ਦੇਖੋ ਸੰਘਣੇ ਘਣੇ ਇਸ ਜੰਗਲ ਵਿੱਚ
ਕਿੰਨੀ ਵਾਰ ਸੜਨਾ ਹੈ
ਕਿੰਨੀ ਵਾਰ ਮਰਨਾ ਹੈ
ਕਿੰਨੀ ਵਾਰ ਜਲਾਵਤਨ ਹੋਣਾ ਹੈ
ਤੂੰ ਮੇਰੇ ਏਨਾ ਨੇੜੇ ਨਾ ਆਵੀਂ
ਕਿਤੇ ਮੈਂ ਭਾਵੁਕ ਹੋ ਕੇ ਤੇਰੀਆਂ ਖੁਰਾਂ ਲੱਭਦਾ
ਤੇਰੇ ਪਿੱਛੇ-ਪਿੱਛੇ ਨਾ ਹੋ ਤੁਰਾਂ
ਮੈਂ ਤਾਂ ਸੜਦਾ ਜੰਗਲ ਹਾਂ
ਧੁਖਦਾ ਧੂਣਾਂ ਹਾਂ
ਸਰਾਪ ਹਾਂ ਕਿਸੇ ਰੂਹ ਦਾ
ਚੀਕ ਹਾਂ ਕਿਸੇ ਅਬਲਾ ਦੀ
ਡਿਗਰੀ ਹਾਂ ਕਿਸੇ ਬੇਰੋਜ਼ਗਾਰ ਦੀ
ਮੈਂ ਸ਼ੰਭੂਕ ਹਾਂ
ਜਿਸਦਾ ਕਾਤਲ ਮਰਿਆਦਾ ਪਰਸ਼ੋਤਮ ਹੈ
ਮੈਂ ਦਰੋਣਾਚਾਰੀਆ ਦੀ ਸਿਆਸਤ ਦੀ ਦੱਖਣਾ ਹਾਂ
ਮੈਂ ਹਾਸ਼ੀਆਂ ਦੇ ਗੂੰਗਿਆਂ ਦੀ ਆਵਾਜ਼ ਹਾਂ
ਕਿਵੇਂ ਕਿਸੇ ਬੇਰੋਜ਼ਗਾਰ ਦੀ ਡਿਗਰੀ ਨੇ ਸ਼ੰਭੂਕ ਤੱਕ ਭਾਰਤੀ ਮਨ ਨੂੰ ਘੋਖਣਾ ਹੈ, ਮਾਨ ਦੀ ਕਵਿਤਾ ਦਾ ਹਾਸਲ ਹੈ। ਉਹ ਮਰਿਆਦਾ ਨੂੰ ਨਥਾਵੀਂ ਧਿਰ ਦੇ ਜਾਵੀਏ ਤੋਂ ਪਰਖਦਾ ਹੈ। ਉਹ ਸ਼ੰਭੂਕਵੰਸ਼ੀ ਹੈ। ਰਘੁਕੁੱਲ ਰੀਤ ਦਾ ਧੁਰੋਂ ਵਿਰੋਧੀ। ਉਹਦੀ ਪੂਰੀ ਕਿਤਾਬ ਵਿੱਚ ਜਿੱਥੇ ਵੀ ਮਰਿਆਦਾ ਆਵੇਗੀ, ਕਾਟੇ ਹੇਠ ਹੀ ਆਵੇਗੀ। ਉਹ ਸੱਭਿਅਕ ਹੋਣ ਨੂੰ ਖੁਦਕਸ਼ੀ ਕਹੇਗਾ। ਕਿਉਂਕਿ ਸੱਭਿਅਕ ਹੋਣਾ ਕਿਸਨੇ ਤਹਿ ਕਰਨਾ ਹੈ, ਸਵਾਲ ਵੱਡਾ ਇਹ ਹੈ। ਫਿਰ ਉਹ ਆਪਣੇ ਨਿਸ਼ਾਨੇ ਉੱਤੇ ਆਵੇਗਾ। ਉਹਨੇ ਵਿਮੁੱਲਾ ਜਾਂ ਵਿਮੁੱਲਾ ਵਰਗੇ ਉਹਨਾਂ ਹਜ਼ਾਰਾਂ ਨਿਰਦੋਸ਼ੇ ਕਤਲ ਹੋਏ ਸੰਵੇਦਨਸ਼ੀਲ/ਬੁੱਧੀਜੀਵੀਆਂ ਦੀ ਖੁਦਕਸ਼ੀ ਦੇ ਆਖਰੀ ਖ਼ਤਾਂ ਦੀ ਗੱਲ ਕਰਨੀ ਹੈ, ਜਿਹਨੇ ਸਾਡੇ ਮਨਾਂ ਅੰਦਰ ਸਵਾਲ ਪੈਦਾ ਕਰਨੇ ਹਨ। ਸਵਾਲ ਪੈਦਾ ਕਰਨਾ ਹੀ ਕਵੀ ਦਾ ਮਕਸਦ ਹੈ। ਕਵੀ ਨੇ ਕਿਸੇ ਨੂੰ ਸਜ਼ਾ ਨਹੀਂ ਦੇਣੀ ਹੁੰਦੀ। ਉਹਨੇ ਸਮਾਜ ਅੰਦਰ ਸਵਾਲ ਪੈਦਾ ਕਰਨੇ ਹੁੰਦੇ ਨੇ। ਮਾਨ ਤਿੱਖੇ ਸਵਾਲ ਪੈਦਾ ਕਰ ਜਾਂਦਾ ਹੈ-


ਮੈਂ ਮਿੱਥ ਹਾਂ
ਇਤਿਹਾਸ ਹਾਂ
ਮੈਂ ਵਿਮੁੱਲਾ ਦੀ ਖੁਦਕਸ਼ੀ ਦਾ ਆਖਰੀ ਖਤ ਹਾਂ
ਪਰ ਮੇਰੇ ਯਾਰਾ ਜੇ ਸੱਚਮੁੱਚ
ਤੂੰ ਮੈਨੂੰ ਏਨਾ ਹੀ ਚਾਹੁੰਦਾ ਹੈਂ
ਤਾਂ ਇੱਕ ਅਹਿਸਾਨ ਕਰੀਂ ਮੇਰੇ ‘ਤੇ
ਮੇਰੀ ਆਖਰੀ ਸਲਾਮ ਤੋਂ ਪਹਿਲਾਂ
ਜਦੋਂ ਤੂੰ ਕਾਨੂੰਨੀ ਰਿਸ਼ਤਿਆਂ ਤੋਂ ਮੁਕਤ ਹੋਵੇਂ
ਕੌਲ ਨਿਭਾਵੀਂ
ਮੇਰੇ ਸਦੀਆਂ ਦੇ ਅੱਥਰੂ ਚੁਗੀਂ ਨਾ
ਤਾਂ ਕਿ ਇਨ੍ਹਾਂ ਦੀ ਰਾਖ ‘ਚੋਂ
ਕੋਈ ਵਿਰਸਾ ਮੁੰਡਾ ਜਨਮ ਲੈ ਸਕੇ!
ਇਹ ਕਿਤਾਬ ਪੜ੍ਹਦਿਆਂ ਕੁੱਝ ਗੱਲਾਂ ਦਾ ਤੁਹਾਨੂੰ ਅਹਿਸਾਸ ਹੋਵੇਗਾ ਕਿ ਸ਼ਾਇਦ ਕੁੱਝ ਹੈ ਜੋ ਰੀਪੀਟ ਹੋ ਰਿਹਾ ਹੈ। ਸ਼ਾਇਦ ਕੁੱਝ ਪਾਤਰ ਨੇ ਜਾਂ ਇੱਕ ਖਾਸ ਤਰ੍ਹਾਂ ਦਾ ਪਾਤਰ ਹੈ, ਜੋ ਵਾਰ-ਵਾਰ ਹਾਜ਼ਰੀ ਲਗਵਾ ਰਿਹਾ ਹੈ। ਜਾਂ ਕਵਿਤਾ ਜੋ ਹੈ, ਜੋ ਖੁਦ ਇੱਕ ਪਾਤਰ ਹੈ, ਉਹ ਵਾਰ-ਵਾਰ ਦੁਹਰਾਅ ਹੋ ਰਹੀ ਹੈ। ਵਾਰ-ਵਾਰ ਕਵਿਤਾ ਦੇ ਬਹਾਨੇ ਗੱਲਾਂ ਹੋ ਰਹੀਆਂ ਨੇ। ਵਾਰ-ਵਾਰ ਮੁਹੱਬਤ ਹੈ ਜੋ, ਇੱਕ ਆਈਡੀਅਲ ਕਿਸਮ ਦੀ ਮੁਹੱਬਤ, ਦੇਹ ਤੋਂ ਸ਼ਾਇਦ ਕਿਤੇ ਵਿੱਥ ਕੀਤੇ ਖੜੀ ਮੁਹੱਬਤ ਦੀ ਗੱਲ ਹੋ ਰਹੀ ਹੈ। ਰਿਸ਼ਤਿਆਂ ਦੇ ਮਰਿਆਦਾ ਹੋ ਜਾਣ ਦੀ ਗੱਲ ਵਾਰ-ਵਾਰ ਹੋ ਰਹੀ ਹੈ। ਵਾਰ-ਵਾਰ ਕੋਈ ਕਵੀ ਆਦਰਸ਼ ਮੁਹੱਬਤ ਲੈ ਕੇ ਭਾਵੁਕ ਕਿਸਮ ਦੇ ਫਿਕਰਿਆਂ ਨੂੰ ਘੜ ਰਿਹਾ ਹੈ। ਇਹ ਇੱਕੋ ਹੀ ਕੁੜੀ ਦੀ ਕਵਿਤਾ ਹੈ। ਉਹੀ ਕੁੜੀ ਕਾਨੂੰਨੀ ਰਿਸ਼ਤਿਆਂ ‘ਚ ਕੈਦ ਹੈ। ਉਹੀ ਹੈ ਜੋ ਚਾਰ ਕਦਮ ਵੀ ਨਾਲ ਨਹੀਂ ਤੁਰ ਸਕਦੀ। ਉਹੀ ਹੈ ਜੋ ਮਰਦਾਵੀਂ ਹਉਂ ਅਤੇ ਕਾਮੁਕ ਪਹੁੰਚ ਨੂੰ ਨਫਰਤ ਕਰਦੀ ਹੈ। ਦੰਭ ਨੂੰ ਨਫਰਤ ਕਰਦੀ ਹੈ। ਉਹੀ ਕੁੜੀ ਕਦੇ ਕਵਿਤਾ ਦੇ ਰੂਪ ਵਿੱਚ ਤੇ ਕਦੇ ਸ਼ਬਦ ਦੇ ਰੂਪ ਵਿੱਚ ਬਹੁਤ ਸਾਰੇ ਖਿਆਲਾਤ ਜੋ ਨੇ ਉਹ ਕਵੀ ਰਾਹੀਂ ਪੇਸ਼ ਕਰ ਰਹੀ ਹੈ। ਅਜਿਹਾ ਬਿਲਕੁੱਲ ਵੀ ਨਹੀਂ ਹੈ। ਇਹੀ ਮਾਨ-ਕਾਵਿ ਦਾ ਵਧੇਰੇ ਗੌਲਣਯੋਗ ਪੱਖ ਹੈ। ਉਹ ਸ਼ੈਲੀਕਾਰ ਵਜੋਂ ਹਾਜ਼ਰੀ ਲਗਵਾ ਰਿਹਾ ਹੈ। ਉਸਦੀ ਆਪਣੀ ਇੱਕ ਸ਼ੈਲੀ ਹੈ। ਉਹਨੇ ਪਹਿਲੀ ਹੀ ਕਿਤਾਬ ਨਾਲ ਇੱਕ ਮੋਹਰ ਤਿਆਰ ਕਰ ਲਈ ਹੈ। ਉਸਦੀ ਕਵਿਤਾ ਬੇਪਛਾਣੀ ਨਹੀਂ ਰਹਿ ਗਈ। ਇਹਨੂੰ ਤੁਸੀਂ ਪਛਾਣ ਸਕਦੇ ਹੋ। ਫਿਰ ਇਹਦੇ ਨਾਲ ਹੀ ਉਹ ਜੇਕਰ ‘ਕਵਿਤਾ’ ਦੇ ਬਹਾਨੇ ਜਾਂ ਕਿਸੇ ਦੇ ਵੀ ਬਹਾਨੇ ਨਾਲ ਵਾਰ-ਵਾਰ ਗੱਲ ਕਰ ਰਿਹਾ ਹੈ, ਤਾਂ ਗੱਲ ਦਾ ਵਜ਼ਨ ਤੇ ਵਿਜ਼ਨ ਜੋ ਹੈ, ਸਾਨੂੰ ਉਹਦੇ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ। ਕਵਿਤਾ ਵਾਰ-ਵਾਰ ਆ ਰਹੀ ਹੈ। ਇਹੀ ਤਾਂ ਖੂਬਸੂਰਤੀ ਹੈ ਕਿ ਕਵਿਤਾ ਰਾਹੀਂ ਕਵਿਤਾ ਕਹੀ ਜਾ ਰਹੀ ਹੈ। ਕਵਿਤਾ ਹੋ ਜਾਣਾ ਆਪਣੇ ਆਪ ‘ਚ ਹੀ ਵੱਡੀ ਕਾਵਿ-ਉਡਾਣ ਹੈ। ਕੁੱਝ ਪਹਿਲੂ ਦੇਖੋ-

ਅੱਜ ਕੱਲ ਕਵਿਤਾ ਨੇ
ਮੇਰੇ ਨਾਲ
ਵਿੱਥ ਸਿਰਜ ਲਈ ਹੈ
ਪਤਾ ਨਹੀਂ ਕਿਉਂ?
ਦੂਰ ਖਲੋਤੀ
ਝੇਡਾਂ ਕਰਦੀ
ਦੰਦੀਆਂ ਚੜਾਉੁਂਦੀ
ਮੇਰਾ ਮੌਜੂ ਠੱਪ ਰਹੀ ਹੈ
ਕਵਿਤਾ ਨੇ ਧੂਣਾ ਬਾਲਿਆ ਸੀ
ਤਾਂ ਲੱਗਿਆ ਸੀ
ਚਿੰਤਨ ਹੋਵੇਗਾ
ਸੰਵਾਦ ਛਿੜੇਗਾ
ਪਰ ! ਨਹੀਂ
ਇਹ ਤਾਂ ਜਿਵੇਂ ਮੇਰਾ ਹੀ ਸਿਵਾ ਬਲ ਰਿਹਾ ਹੋਵੇ..!
ਉਹ ਕਵਿਤਾ ਲਿਖ ਰਿਹਾ ਹੈ, ਪਰ ਕਵਿਤਾ ਨੇ ਉਹਦੇ ਤੋਂ ਕਿਨਾਰਾ ਕੀਤਾ ਹੋਇਆ ਹੈ। ਵਿੱਥ ਸਿਰਜੀ ਹੋਈ ਹੈ। ਫਿਰ ਵੀ ਉਹ ਕਵਿਤਾ ‘ਚ ਜਿਉਂ ਰਿਹਾ ਹੈ। ਮਾਨ ਦੁਹਰੇ/ਤੀਹਰੇ ਅਰਥ ਪੈਦਾ ਕਰ ਰਿਹਾ ਹੈ। ਕਵਿਤਾ ਕਹਿ ਰਿਹਾ ਹੈ, ਜਿਹਨੇ ਉਹਦੇ ਵੱਲ ਕੰਡ ਕੀਤੀ ਹੋਈ ਹੈ। ਕਵਿਤਾ ਨਹੀਂ ਲਿਖ ਹੋ ਰਹੀ, ਆਪਣਾ ਹੀ ਸਿਵਾ ਬਲ਼ ਰਿਹਾ ਹੈ। ਖੁਦ ਦੇ ਸਿਵਾ ਹੋ ਜਾਣ ਦੀ ਕਵਿਤਾ ਹੈ। ਅਗਾਂਹ ਉਹ ਕੁੱਝ ਨਿਸ਼ਾਨਦੇਹੀਆਂ ਦਿੰਦਾ ਹੈ, ਖ਼ੁਦ ਦੇ ਸਿਵਾ ਹੋ ਜਾਣ ਦੀਆਂ। ਇਹ ਅੱਜ ਦੇ ਮਨੁੱਖ ਦੇ ਸਿਵਾ ਹੋ ਜਾਣ ਦੀਆਂ ਨਿਸ਼ਾਨਦੇਹੀਆਂ ਨੇ। ਅੱਲ•ੜ ਉਮਰੇ ਸੱਭ ਕਵੀ ਮਨ ਹੁੰਦੇ ਨੇ। ਮਾਨ ਪ੍ਰੌਢ ਉਮਰੇ ਕਵਿਤਾ ਵੱਲ ਆਇਆ ਹੈ। ਤਿੱਖੇ ਅਨੁਭਵ ਨਾਲ। ਦੇਖੋ ਉਹ ਕੀ ਕਹਿ ਰਿਹਾ-
ਕਿੰਨੇ ਹੀ ਸ਼ਬਦ …..!
ਸਿਵੇ ਦੁਆਲੇ ਇਕੱਤਰ ਹੋ ਗਏੇ ਨੇ,
ਕਿਸੇ ਦੀ ਅੱਖ ‘ਚ ਅੱਥਰੂ ਹੈ
ਕਿਸੇ ਦੀ ਅੱਖ ਵਿਚ ਉੁਦਾਸੀ ਹੈ
ਕਿਸੇ ਸ਼ਬਦ ਨੇ ਸਾਜ਼ਿਸ਼ ਰਚੀ ਹੈ
ਕਿਸੇ ਨੇ ਤੋਹਮਤ ਲਗਾਈ
ਕੋਈ ਸ਼ਬਦ ਕਮੀਨਗੀ ‘ਤੇ ਉਤਰ ਆਇਆ ਹੈ
ਕੋਈ ਮਿੱਥ ‘ਚੋਂ ਬੋਲਿਆ ਹੈ
ਕਿਸੇ ਨੇ ਇਤਿਹਾਸ ਦੀ ਪਰਤ ਫਰੋਲੀ ਹੈ
ਕੋਈ ਸ਼ਬਦ ਹਾਸ਼ੀਏ ‘ਤੇ ਚਲਾ ਗਿਆ ਹੈ
ਪਰ ਇਕ ਸ਼ਬਦ ਉੁਹ ਵੀ ਹੈ
ਜੋ ਚੁੱਪ ਹੋ ਗਿਆ!
ਹੁਣ ਉਹ ਦੇਖ ਰਿਹਾ ਹੈ ਕਿ ਸਾਜ਼ਿਸ਼ ਵੀ ਹੋ ਰਹੀ ਹੈ। ਕਮੀਨਗੀਆਂ ਵੀ ਨੇ। ਤੋਹਮਤਾਂ ਨੇ। ਮਿੱਥ ‘ਚੋਂ ਕੀ ਕੁੱਝ ਕੱਢਿਆ ਜਾ ਰਿਹਾ ਹੈ। ਇਤਿਹਾਸ ਦੀ ਪੁਨਰ ਵਿਆਖਿਆ ਨਾਲ ਸਾਜ਼ਿਸ਼ ਘੜੀ ਜਾ ਰਹੀ ਹੈ। ਮਿਸਕੋਡ ਕੀਤਾ ਜਾ ਰਿਹਾ ਹੈ। ਪਰ ਕਵੀ ਨੂੰ ਜ਼ਿਆਦਾ ਦੁੱਖ ਉਸ ‘ਸ਼ਬਦ’ ਦਾ ਹੈ, ਜੋ ਚੁੱਪ ਹੋ ਗਿਆ। ‘ਸ਼ਬਦ’ ਜੋ ਸਿਰਜਣਾ ਦੀ ਸਿਖਰ ਹੈ। ‘ਸ਼ਬਦ’ ਜਿਸਨੇ ਸੱਚ ਦੀ ਟਕਸਾਲ ਘੜੇ ਜਾਣਾ ਹੈ। ‘ਸ਼ਬਦ’ ਚੁੱਪ ਹੋ ਗਿਆ। ਇਹ ਕਵੀ ਦਾ ਦੁੱਖ ਹੈ। ਜਿਸ ਸਮਾਜ ਦੀ ਸਿਰਜਣਾ ਖੜੋਤ ‘ਚ ਚਲੇ ਗਈ, ਚੁੱਪ ਹੋ ਗਈ, ਉਸ ਸਮਾਜ ਦਾ ਉਹ ਵੇਲਾ ਕਿੰਨਾ ਖਤਰਨਾਕ ਹੋਵੇਗਾ। ਮਾਨ ਕਿਤੇ ਵੀ ਨਾਅਰਾ ਨਹੀਂ ਮਾਰਦਾ। ਮੈਨੂੰ ਰਾਹਤ ਇੰਦੌਰੀ ਬਹੁਤੀ ਵਾਰ ਕਵੀ ਘੱਟ ਨਾਅਰੇਬਾਜ਼ ਜ਼ਿਆਦਾ ਲੱਗਦਾ ਹੈ। ਮਾਨ ਮਲਕੜੇ ਜਿਹੇ ਇਤਿਹਾਸ/ਮਿਥਿਹਾਸ ਦੇ ਨਾਂਅ ਉੱਤੇ ਘੜੀ ਜਾ ਰਹੀ ਸਾਜ਼ਿਸ਼ ਨੂੰ ਬੇਪਰਦ ਕਰ ਆਪਣੇ ਅਗਲੇ ਵਿਚਾਰ ਵੱਲ ਹੋ ਤੁਰਦਾ ਹੈ। ਇਹ ਉਸਦੀ ਖਾਸੀਅਤ ਹੈ। ਇਹਦੇ ਕਰਕੇ ਮੈਂ ਕਹਿ ਸਕਦਾਂ ਕਿ ਉਹ ਲੰਬੀ ਕਵਿਤਾ ‘ਚ ਵੀ ਸਤਰਾਂ ਦਾ ਕਵੀ ਹੈ। ਉਹਦੀ ਇੱਕ ਸਤਰ ਕਵਿਤਾ ਦਾ ਹਿੱਸਾ ਵੀ ਹੋ ਸਕਦੀ ਹੈ ਤੇ ਕਿਤੇ ਕਿਤੇ ਇਕੱਲੀ ਆਪਣੇ ਆਪ ‘ਚ ਮੁਕੰਮਲ ਇਕਾਈ ਵੀ। ਇਹ ਉਸਦੀ ਕਵਿਤਾ ਦੀ ਸ਼ੈਲੀ ਹੈ। ਹੁਣ ਜੋ ਕੁੱਝ ਹੋ-ਵਾਪਰ ਰਿਹਾ ਹੈ, ਉਸਨੇ ਕਵੀ ਨੂੰ ਉਦਾਸ ਕੀਤਾ ਹੈ। ਉਹ ਸਿਵੇ ਦੇ ਅਹਿਸਾਸ ‘ਚੋਂ ਲੰਘ ਰਿਹਾ ਹੈ। ਮਾਨ ਦੂਸਰਾ ਯੁੱਧ ਛੇੜ ਲੈਂਦਾ ਹੈ-
“ਚੰਦਰਿਆ ਨਾ ਲਿਖਿਆ ਕਰ
ਏੇਨੀਆਂ ਉੁਦਾਸ ਨਜ਼ਮਾਂ”
ਏਹ ਅੱਖਾਂ ‘ਚ ਸੁਪਨੇ ਬੀਜ ਦਿੰਦੀਆਂ
ਪਿੰਡੇ ‘ਤੇ ਛਪਾਕੀ ਵਾਂਗ
ਉੁੱਗ ਆਉਂਦੀਆਂ ਨੇ ਦਰਦ ਦੀਆਂ ਕਤਰਾਂ
ਬੜ•ਾ ਔਖਾ ਹੁੰਦਾ……ਹੈ ! ਯਾਰ
ਵਰਮੀ ਵਾਂਗ ਅੰਦਰੋ-ਅੰਦਰੀ ਭੁਰਨਾ
ਸਿਵੇ ਵਾਂਗੂ ਬਲਣਾ
ਰਾਖ ਬਨਣਾ
ਹੁਣ ਜਿਸ ਸਿਰਜਣਾ ਨੇ ਚੁੱਪ ਵੱਟ ਲਈ, ਉਹਦਾ ਪ੍ਰਭਾਵ ਕੀ ਹੁੰਦਾ ਹੈ, ਇਹ ਗੱਲ ਵਿਚਾਰੀ ਜਾ ਰਹੀ ਹੈ। ਇਸੇ ਕਰਕੇ ‘ਸ਼ਬਦ’ ਦਾ ਚੁੱਪ ਵੱਟ ਜਾਣਾ ਖਤਰਨਾਕ ਹੈ। ਕਿਉਂਕਿ ਕਵਿਤਾ ਨੇ ਅੱਖਾਂ ‘ਚ ਸੁਪਨੇ ਬੀਜਣੇ ਹੁੰਦੇ ਨੇ ਤੇ ਇਹਨਾਂ ਸੁਪਨਿਆਂ ਨੇ ਇਨਕਲਾਬ ਦਾ ਬੀਜ ਬੀਜਣਾ ਹੁੰਦਾ ਹੈ। ਉਹ ਕਿਤੇ ਵੀ ਨਿਰਾਸ਼ ਨਹੀਂ ਹੁੰਦਾ। ਉਦਾਸ ਹੁੰਦਾ ਹੈ। ਪਰ ਫਿਰ ਉਹਦੀ ਕਵਿਤਾ ਕੋਈ ਨਾ ਕੋਈ ਸੁਪਨਾ ਬੀਜ ਕੇ ਦੂਸਰੀ ਨਜ਼ਮ ‘ਚ ਪ੍ਰਵੇਸ਼ ਕਰ ਜਾਂਦੀ ਹੈ। ਇੱਥੇ ਵੀ ਬਹੁਤ ਹੀ ਸੂਖਮ ਅੰਦਾਜ਼ ‘ਚ ਉਹ ਹਾਂ-ਪੱਖੀ ਸੁਨੇਹਾ ਦੇ ਗਿਆ ਹੈ-

ਤੇ ਹੋ ਜਾਣਾ ਪਾਣੀਆਂ ‘ਚ ਵਲੀਨ
ਤੇ ਵਲੀਨ ਹੋ ਕੇ ਪਤਾ ਚਲਦੈ
ਕਵਿਤਾ ਲਿਖਣ ਦੀ ਸਜ਼ਾ ਕਿੰਨੀ ਖਤਰਨਾਕ ਹੁੰਦੀ ਏ
ਤੇ ਉੁਸ ਦਿਨ ਤੋਂ ਕਵਿਤਾ ਨੇ
ਮੇਰੇ ਵੱਲ ਪਿੱਠ ਕਰ ਲਈ ਸੀ
ਚੁੱਪ ਵੱਟ ਲਈ ਸੀ
ਪਰ ਕਵਿਤਾ ਛਾਤੀ ‘ਚੋਂ ਨਿਕਲਦੇ ਧੂੰਏੇਂ ਦਾ ਕੀ ਕਰੇ?
ਜਦੋਂ ਉਹ ਕਵਿਤਾ ਲਿਖਣ ਦੀ ਸਜ਼ਾ ਦੀ ਗੱਲ ਕਰ ਰਿਹਾ ਹੈ, ਤਾਂ ਲੇਖਕ ਦੇ ਸੰਘਰਸ਼ ਦੀ ਗੱਲ ਕਹਿ ਰਿਹਾ ਹੈ। ਲੇਖਣੀ ਇੱਕ ਯੁੱਧ ਹੈ। ਲਾਲ ਸਿੰਘ ਦਿਲ ਸਾਰੇ ਕਵੀਆਂ ਨੂੰ ਯੁੱਧ ਸਾਥੀ ਕਿਹਾ ਕਰਦਾ ਸੀ। ਹੁਣ ਜੇਕਰ ਕਵਿਤਾ ਦੂਰ ਵੀ ਜਾ ਖੜ•ੀ ਹੈ ਤਾਂ ਲੇਖਕ ਦੀ ਛਾਤੀ ਅੰਦਰ ਜੋ ਮੱਚ ਰਿਹਾ ਹੈ, ਜਿਸਦਾ ਧੂੰਆਂ ਉਹ ਮਹਿਸੂਸ ਕਰ ਰਿਹਾ ਹੈ, ਉਹੀ ਧੂੰਆਂ ਕਿਸੇ ਦਿਨ ਕਵਿਤਾ ਦੀ ਸਿਰਜਣਾ ਦੀ ਕਨਸੋਅ ਦੇ ਜਾਂਦਾ ਹੈ। ਮਾਨ ਦੀ ਕਵਿਤਾ ਹਾਂ ਵੱਲ ਖੁੱਲ•ਦਾ ਦਰਵਾਜ਼ਾ ਹੈ। ਉਹ ਬਾਂਹ ਨਹੀਂ ਉਲਾਰਦਾ, ਨਾਅਰਾ ਨਹੀਂ ਮਾਰਦਾ, ਸਿੱਧਾ ਕਿਸੇ ਦਾ ਨਾਮ ਵੀ ਨਹੀਂ ਲੈਂਦਾ, ਉਹ ਇਸ਼ਾਰਿਆਂ ਨਾਲ, ਪਰ ਬੜੀ ਸਪਸ਼ਟਤਾ ਨਾਲ ਆਪਣੀ ਗੱਲ ਕਹਿੰਦਾ ਹੈ ਤੇ ਕਵਿਤਾ ‘ਚ ਰਵਾਂ-ਰਵੀਂ ਤੁਰਿਆ ਜਾਂਦਾ ਹੈ।
ਹੁਣ ਉਸਦੀ ‘ਕਵਿਤਾ’ ਬਾਰੇ ਹੀ ਦੂਸਰੀ ਨਜ਼ਮ ਦੇਖਦੇ ਹਾਂ। ਉਹ ਕਵਿਤਾ ਨਾਲ ਸੰਵਾਦ ‘ਚ ਹੈ। ਉਹਦੇ ਬਹਾਨੇ ਕੁੱਝ ਗੱਲਾਂ ਕਰ ਰਿਹਾ ਹੈ। ਪਰ ਇੱਥੇ ਉਹ ਇੱਕ ਵੇਗ ‘ਚ ਵਹਿ ਰਿਹਾ ਹੈ। ਉਸ ਵਹਾਅ ਨੂੰ ਫਲਸਫੀ ਅੰਦਾਜ਼ ਨਾਲ ਪੇਸ਼ ਕਰ ਰਿਹਾ ਹੈ-
ਕਵਿਤਾ ਮੇਰੇ ਕੋਲ ਇੰਜ ਆਉਂਦੀ
ਮੈਂ ਉਸਦੀ ਪਰੋਫਾਇਲ ਓਪਨ ਕਰਦਾ
ਦੇਖਦਾ ਉੁਸਦੀ ਤਸਵੀਰ
ਮੇਰੇ ਖਿਆਲ ਉੁਸਦਾ ਚਿਹਰਾ ਪੜਦੇ
ਉਸਦਾ ਜਲੌਅ
ਊੂਰਜਾ ਭਰਦਾ
ਉਸਦੀਆਂ ਅੱਖਾਂ
ਰੌਸ਼ਨੀ ਭਰਦੀਆਂ
ਉਸਦਾ ਮੱਥਾ
ਚਿੰਤਨ ਕਰਦਾ,
ਉੁਸਦੀ ਠੋਡੀ
ਬਿੰਬ ਘੜਦੀ
ਸੰਘਣੇ ਘਣੇ ਵਾਲ
ਰੁਮਾਂਸ ਕਰਦੇ
ਉਸਦੀ ਪਰੋਫਾਇਲ ਦੀ ਇੱਕ ਇੱਕ ਤਸਵੀਰ
ਰੰਗ ਭਰਦੀ
ਸੰਵਾਦ ਛੇੜਦੀ
ਮੰਥਨ ਕਰਦੀ
ਕਵਿਤਾ ਦੇ ਨਗਨ ਪਿੰਡੇ ‘ਚ
ਅਹਿਸਾਸ ਭਰਦੀ
ਜਜ਼ਬਾਤ ਭਰਦੀ
ਉਸਦੀ ਹਰ ਤਸਵੀਰ ਮੇਰੀ ਕਵਿਤਾ ਦਾ ਫ਼ਲਸਫ਼ਾ ਹੁੰਦੀ
ਸੁਰ ਹੁੰਦੀ
ਸੰਗੀਤ ਹੁੰਦੀ
ਰਾਗ ਹੁੰਦੀ
ਮੇਰਾ ਜਨੂੰਨ ਹੁੰਦੀ
ਮੈਂ ਏਸਦੇ ਪਾਣੀਆਂ ‘ਚ ਡੂੰਘਾ ਉੱਤਰ ਜਾਂਦਾ
ਡੁੱਬ ਜਾਂਦਾ
ਤੇ ਫਿਰ ਕਵਿਤਾ ਤੈਰਦੀ ਤੈਰਦੀ ਬਾਹਰ ਅਉਂਦੀ
ਤੇ ਫੈਲ ਜਾਂਦੀ ਕਾਗਜ਼ ਦੇ ਸਫ਼ਿਆਂ ‘ਤੇ।
ਫਿਰ ਅਸੀਂ ਤੀਸਰੀ ਕਵਿਤਾ ਦੇਖਦੇ ਹਾਂ, ਜਿਸਦਾ ਸਿਰਲੇਖ ਹੀ ਕਵਿਤਾ ਹੈ। ਉਹਨਾਂ ਪਲਾਂ ਨੂੰ ਫੜ ਰਿਹਾ ਹੈ, ਜਦੋਂ ਕਵਿਤਾ ਫਿੱਕੀ ਪੈਂਦੀ ਹੈ। ਉਸਦੇ ਫਿੱਕੇ ਪੈ ਜਾਣ ਪਿੱਛੇ ਜਿਹੜੇ ਤੱਤ ਕਾਰਜਸ਼ੀਲ ਨੇ ਉਹਨਾਂ ਦੀ ਪਰਖ ਕਰ ਰਿਹਾ ਹੈ। ਇਹਦੇ ਵਿੱਚੋਂ ਕੁੱਝ ਸਤਰਾਂ ਮਹਿਸੂਸ ਕਰੋ-
ਆਪਣੀ ਗੱਲ ਪੂਰੀ ਜ਼ੋਰ-ਸ਼ੋਰ ਨਾਲ ਰੱਖਦਾ ਵੀ
ਡਰ ਜਾਂਦਾ, ਦੁਬਕ ਜਾਂਦਾ
ਕਿਤੇ ਉਸ ਨਾਲ ਛੇੜਿਆ ਸੰਵਾਦ ਦੂਰ ਨਾ ਲੈ ਜਾਏ ਉੁਸਨੂੰ
ਉਸ ਵਕਤ ਉੁਹ ਪਲ ਛਿੱਜ ਗਏੇ ਕੱਪੜੇ ਵਰਗੇ ਹੋ ਜਾਂਦੇ
ਉਹ ਤਾਂ ਮੇਰੇ ਅੰਦਰ ਵਸਦੀ ਸੀ
ਜਿਵੇਂ ਦਰਿਆ ‘ਚ ਮਛਲੀ
ਉੁਹ ਮੇਰਾ ਜਨੂੰਨ ਸੀ, ਇਸ਼ਕ ਸੀ, ਸ਼ਰਧਾ ਸੀ
ਪ੍ਰਤੀਬੱਧਤਾ ਸੀ, ਮੇਰੀ ਅਕੀਦਤ ਸੀ
ਮੇਰਾ ਕੁਵੇਲੇ ਵਕਤ ਲਿਆ ਸੁਪਨਾ ਸੀ
ਮੈਂ ਉੁਸਨੂੰ ਆਖਦਾ
ਜੇ ਕਿਸੇ ਅੰਦਰ ਤੁਸੀਂ ਲਟ-ਲਟ ਬਲਦੇ ਨਹੀਂ
ਕਵਿਤਾ ਫਿੱਕੀ ਹੈ, ਬੇਸੁਆਦੀ ਹੈ, ਬਕਬਕੀ ਹੈ
ਮੂੰਹ ‘ਚ ਪਾਈ ਚਿੰਗਮ ਵਰਗੀ ਹੈ
ਚਿੱਥੀ ਜਾਉੁ, ਜਿੰਨਾ ਮਰਜ਼ੀ
ਆਖਿਰ ਥੁੱਕਣਾ ਹੀ ਪੈਣਾ ਰਬੜ ਜੇਹੀ ਨੂੰ..!
ਮਾਨ ਅੰਤਰਮੁਖਤਾ ਦਾ ਮੁੱਢੋਂ ਵੈਰੀ ਹੈ। ਅੰਤਰ-ਬਾਹਰ ਦੀ ਇੱਕਸੁਰਤਾ ਦਾ ਨਾਮ ਹੈ ਮਾਨ ਦੀ ਕਵਿਤਾ। ਉਹ ਪਾਠਕ ਦੀ ਸੋਚ ‘ਤੇ ਨਹੁੰਦਰਾਂ ਮਾਰਦਾ ਹੈ ਤੇ ਪੱਛ ਕੇ ਅਗਾਂਹ ਨਿਕਲ ਜਾਂਦਾ ਹੈ। ਉਹ ਸਵੈ ਦੀ ਫਿਰਨੀ ਫੇਰਾ ਮਾਰ ਰਿਹਾ ਹੈ-
ਮਨ ਦੀ ਫਿਰਨੀ ਵੀ ਘੁੰਮ ਆਇਆ ਹਾਂ
ਛੱਪੜ ਦੇ ਪਾਣੀਆਂ ‘ਚ ਤਾਰੀਆਂ ਲਾ ਬੈਠਾ ਹਾਂ
ਪਰ ਸੁਆਲ ਉੁਵੇਂ ਦਾ ਉੁਵੇਂ ਚੁੱਪ-ਚਾਪ ਮੇਰੇ ਸਾਹਵੇਂ
ਘੋੜੇ ‘ਤੇ ਸਵਾਰ ਰੂ-ਬ-ਰੂ ਹੋ ਪੁੱਛ ਰਿਹਾ ਹੈ
ਕੌਣ ਹੈ ਉਹ ?
ਕੀ ਹੈ ਤੇਰਾ ਉਸ ਨਾਲ ਰਿਸ਼ਤਾ ?
ਜੋ ਤੇਰੀ ਕਵਿਤਾ ਦੀ ਰੂਹ ਬਣ
ਮੰਡਰਾਉਂਦੀ ਹੈ ਤੇਰੀ ਮੌਣ ‘ਤੇ
ਤੇ ਤੂੰ ਸ਼ਬਦਾਂ ਦੀ ਤਲਾਸ਼ ‘ਚ ਭਟਕਦਾ
ਕਿੰਨੇ ਜੰਗਲ ਗਾਹ ਆਇਆ ਏਂ
ਫਿਰ ਇਕਦਮ ਬਾਹਰ ਵੱਲ ਦੌੜ ਉੱਠਦਾ ਹੈ। ਏਨੇ ਲਫਜ਼ਾਂ ਤੋਂ ਜ਼ਿਆਦਾ ਉਹ ਅੰਤਰ ਨਾਲ ਗੱਲ ਨਹੀਂ ਕਰ ਸਕਦਾ। ਬਾਹਰ ਵੱਲ ਦੌੜ ਤੁਰਦਾ ਹੈ। ਵਿਚਾਰ ਦਾ ਪ੍ਰਵਾਹ ਵੀ ਉਠਾਣ ਲੈਂਦਾ ਹੈ-
ਸ਼ਬਦ ਕਦੇ ਬੁੱਲੇ ਦੀ ਮਜ਼ਾਰ ‘ਤੇ ਧੂਣੀ ਧੁਖਾਉੁਂਦੇ
ਰਾਂਝੇ ਦੇ ਬੇਲਿਆਂ ‘ਚ ਘੁੰਮਦੇ ਨੇ
ਕਦੇ ਸੱਸੀ ਦੇ ਪੈਰਾਂ ਹੇਠ ਮਘਦੇ
ਮਿਰਜ਼ੇ ਦੀਆਂ ਕਾਨੀਆਂ ਲੱਭਦੇ
ਤੈਨੂੰ ਬਿੰਦਰਾਬਣ ‘ਚੋਂ ਭਾਲਦੇ  ਨੇ
ਤੇ ਤੂੰ ਕਾਹਦੇ ਲਈ, ਕਿਸ ਲਈ, ਜਾਗਦਾ ਰਹਿੰਦਾ, ਰਾਤਾਂ ਨੂੰ
ਮੇਰੀ ਚੁੱਪ ਨੇ ਮਹਿਕ ਖਲੇਰੀ ਹੈ
ਮੇਰੀ ਅਕੀਦਤ ਆਪ ਮੁਹਾਰੇ ਬੋਲੀ ਹੈ
“ਰੂਹ ਤੇ ਰੂਹਾਨੀਅਤ ਦਾ”  ਰਿਸ਼ਤਾ ਹੈ ਮੇਰਾ
ਮੱਖਣ ਮਾਨ ਦੀ ਇੱਕ ਹੋਰ ਖੂਬਸੂਰਤੀ ਹੈ ਕਿ ਉਹ ਨਾਅਰੇ ਨਹੀਂ ਮਾਰਦਾ, ਪਰ ਇਹ ਬਿਲਕੁੱਲ ਨਹੀਂ ਹੈ ਕਿ ਉਸਨੂੰ ਨਾਅਰੇ ਦਾ ਮਹੱਤਵ ਜਾਂ ਭਾਵ ਨਹੀਂ ਪਤਾ। ਉਹ ਨਾਅਰੇ ਦਾ ਭਾਵ ਜਾਣਦਾ ਹੈ ਤੇ ਸ਼ਬਦ ਨੂੰ ਨਾਅਰੇ ਦੇ ਰੂਪ ‘ਚ ਕਲਾਤਮਕ ਤਰੀਕੇ ਨਾਲ ਇਸਤੇਮਾਲ ਕਰ ਜਾਂਦਾ ਹੈ। ਇਸੇ ਜੁਗਤ ਨੂੰ ਅਗਾਂਹ ਵਧਾਉਂਦਿਆਂ ਮਾਨ ਆਪਣੇ ਕਿਸੇ ਵੀ ਪਾਤਰ ਨੂੰ ਹਾਰਨ ਨਹੀਂ ਦਿੰਦਾ। ਉਹਦੇ ਪਾਤਰਾਂ ਕੋਲ ਹਾਰ ਨਹੀਂ ਹੈ। ਉਹ ਹਾਰ ਦਾ ਕਵੀ ਨਹੀਂ ਹੈ, ਉਮੀਦ ਦਾ ਕਵੀ ਹੈ। ਉਮੀਦ ਵੀ ਏਨੀ ਕਿ ਕਿਸੇ ਵੀ ਅਣਹੋਣੀ ਨੂੰ ਹੋਣੀ ਵਿੱਚ ਤਬਦੀਲ ਕਰਨ ਦਾ ਮੁਹਾਵਰਾ ਪੈਦਾ ਕਰਨ ਵਾਲੀ। ਉਹਦੇ ਬੋਲ ਦੇਖੋ-
ਸ਼ਾਤਰ ਕੋਲ ਤਾਕਤ ਸੀ
ਸ਼ਾਤਰ ਨੇ ਇਤਿਹਾਸ ਮਿਥਿਹਾਸ ਸਭ ਛਾਂਗ ਦਿੱਤੇ
ਆਪਣਾ ਰੰਗ ਦਿੱਤਾ
ਸ਼ਾਤਰ ਨੇ ਯੂਨੀਵਰਸਿਟੀਆਂ, ਨਿਆ ਪਾਲਕਾਂ,
ਸੰਚਾਰ ਸਾਧਨਾਂ ਸਭ ‘ਤੇ ਕਬਜ਼ਾ ਕਰ ਲਿਆ
ਸ਼ਬਦ ਬੰਦੀ ਬਣਾ ਲਏ ਗਏ
ਸ਼ਬਦਾਂ ਦੀ ਜੀਭ ਠਾਕ ਦਿੱਤੀ ਗਈ
ਸ਼ਬਦਾਂ ਦੀਆਂ ਬੱਚੀਆਂ ਨਾਲ ਰੇਪ ਕੀਤੇ
ਸ਼ਬਦਾਂ ਨੂੰ ਡਰਾਇਆ ਗਿਆ, ਧਮਕਾਇਆ ਗਿਆ
ਕਾਲ ਕੋਠੜੀ ਪਾਇਆ ਗਿਆ
ਸ਼ਬਦ ਹਾਰੇ ਨਹੀਂ
ਸ਼ਬਦ ਲੜੇ
ਸ਼ਬਦ ਖੜੇ
ਸ਼ਬਦਾਂ ਨੇ ਫਿਰ ਪੰਜ ਸਾਲਾਂ ਜਿੰਨੇ ਖ਼ਤ ਲਿਖੇ
ਉਹਨਾਂ ਦੀਆਂ ਕਿਸ਼ਤੀਆਂ ਬਣਾਈਆਂ
ਪਰ ਨਦੀ?
ਨਦੀ ਤਾਂ ਸਿਰਫ ਰੇਤ ਸੀ
ਸ਼ਬਦ ਹਤਾਸ਼ ਨਹੀਂ ਹੋਏ
ਹਾਰੇ ਨਹੀਂ
ਉਹਨਾਂ ਨਦੀ ਦਾ ਗੀਤ ਗਾਇਆ
ਮੌਸਮ ਨੂੰ ਮਾਤਮ ‘ਚੋਂ ਕੱਢਿਆ
ਕੋਈ ਸ਼ਬਦ ਪਾਤਾਲ ‘ਚ ਉਤਰਿਆ
ਗੰਗਾ ਵਾਂਗ ਨਦੀ ਦਾ ਵਹਾਅ ਮੋੜ ਲਿਆਇਆ
ਸ਼ਬਦ ਨਦੀ ਦੇ ਤਲ ‘ਤੇ ਤੈਰਨ ਲੱਗੇ!
ਮਾਨ-ਕਾਵਿ ਦੀ ਸੱਭ ਤੋਂ ਵੱਡੀ ਗੱਲ ਕਿ ਉਹਦਾ ਜੋ ਔਰਤ ਪਾਤਰ ਹੈ, ਉਹ ਉਸਦਾ ਆਦਰਸ਼ ਹੈ। ਇਹ ਵੀ ਵੱਡੀ ਗੱਲ ਹੈ ਕਿ ਮਾਨ ਕਿਹੜੀਆਂ ਧਿਰਾਂ ਨਾਲ ਖੜਾ ਹੈ। ਉਹ ਬੇਦਾਵਾ ਲਿਖ ਕੇ ਦੇ ਆਏ ਉਹਨਾਂ ਮੁਕਤਿਆਂ ਨੂੰ ਦੂਸਰੀ ਅੱਖ ਨਾਲ ਦੇਖਦਾ ਹੈ। ਉਹਦਾ ਨਜ਼ਰੀਆ ਅਲੱਗ ਹੈ। ਆਪਣੀ ਜੁਗਤ ਹੈ ਕਿ ਉਹ ਇੱਕ ਪੇਂਟਿੰਗ ਬਣਾ ਰਿਹਾ ਹੈ। ਇਹ ਪੇਂਟਿੰਗ ਕਿਸੇ ਔਰਤ ਦੀ ਹੈ। ਹੁਣ ਉਸ ਪੇਂਟਿੰਗ ‘ਚ ਕਵੀ ਜੋ ਹੈ, ਉਹ ਔਰਤ ਦੀ ਆਜ਼ਾਦੀ, ਉਸਦੀ ਹੋਂਦ, ਉਸਦੇ ਸੰਘਰਸ਼ਾਂ ਨੂੰ ਵੀ ਨਾਲ ਦੀ ਨਾਲ ਦਰਸਾ ਰਿਹਾ ਹੈ। ਉਸਦੀ ਪੇਂਟਿੰਗ ਵਿਚਲੀ ਔਰਤ ਦੇ ਉਹ ਹੱਥ ਬਣਾਉਂਦਾ ਹੈ ਤਾਂ ਹੱਥ ਚੂੜੀਆਂ ਪਹਿਨਣ ਤੋਂ ਇਨਕਾਰ ਕਰ ਦਿੰਦੇ ਨੇ। ਨੱਕ ਨੱਥ ਨਹੀਂ ਪਾਉਣ ਦਿੰਦਾ। ਵੀਣੀਆਂ ਵੰਗਾਂ ਨਹੀਂ ਸਹਾਰਦੀਆਂ। ਪਰ ਹੱਥ ਇੱਕ ਦੂਸਰੇ ਉਪਰ ਮਹਿੰਦੀ ਜ਼ਰੂਰ ਲਗਾਉਂਦੇ ਨੇ, ਖੁਸ਼ਬੂ ਭਰੀ ਮਹਿੰਦੀ। ਫਿਰ ਪੇਂਟਰ, ਜੋ ਖੁਦ ਕਵੀ ਹੀ ਹੈ, ਉਸਦੇ ਪੈਰਾਂ ‘ਚ ਸਫਰ ਭਰਦਾ ਹੈ ਤੇ ਉਸਨੂੰ ਨਵੇਂ ਰਾਹ ਤੋਰਦਾ ਹੈ। ਇਹ ਉਸਦੀ ਕਵਿਤਾ ਦਾ ਹਾਸਲ ਹੈ। ਉਹ ਵੇਮੁੱਲਾ ਵਰਗਿਆਂ ਦਾ ਕਵੀ ਹੈ। ਉਹ ਵਿਰਸਾ ਮੁੰਡਾ ਦੇ ਇਤਿਹਾਸ ਨੂੰ ਗਾਉਣ ਵਾਲਾ ਕਵੀ ਹੈ। ਉਹ ਸ਼ੰਭੂਕ ਦੇ ਦਰਦ ‘ਚ ਗਾਉਂਦਾ ਹੈ। ਉਹ ਨਦੀਆਂ ਦੇ ਮਰਸੀਏ ਲਿਖਦਾ ਹੈ। ਉਹਦੇ ਸ਼ਬਦ ਹੱਥ ਉਲਾਰਦੇ ਨੇ ਤਾਂ ਕਵਿਤਾ ਵਿਦਰੋਹ ਹੋ ਜਾਂਦੀ ਹੈ। ਉਹ ਵਿਦਰੋਹੀ ਕਵੀ ਹੈ। ਪਰ ਕੁੱਝ ਵੀ ਚੀਕ-ਚੀਕ ਕੇ ਨਹੀਂ ਕਹਿੰਦਾ। ਬੜੇ ਹੀ ਸਹਿਜ ਭਾਅ ਕਹਿੰਦਾ ਹੈ। ਸਹਿਜਤਾ ਉਸਦੀ ਕਵਿਤਾ ਦੀ ਵਡਿਆਈ ਹੈ। ਉਹ ਸਾਂਝਾਂ ਦੇ ਵਲੂੰਦਰੇ ਜਾਣ ਉੱਤੇ ਖੂਨ ਦੇ ਅੱਥਰੂ ਰੋਂਦਾ ਹੈ। ਉਹ ਕਿਸੇ ਜਾਤ ਜਾਂ ਧਰਮ ਨਾਲ ਜੁੜਿਆ ਮੱਖਣ ਸਿੰਘ ਮਾਨ ਨਹੀਂ ਬਣਿਆ ਰਹਿਣਾ ਚਾਹੁੰਦਾ, ਉਹ ਤਾਂ ਮਾਂ ਦੇ ਰੱਖੇ ਪਿਆਰੇ ਨਾਮ ਮੱਖਣ ਨੂੰ ਹੀ ਸਾਕਾਰ ਰੂਪ ਦੇਖਣਾ ਚਾਹੁੰਦਾ ਹੈ। ਬੁੱਲ•ੇ ਸ਼ਾਹ, ਮੀਰਾ, ਸੱਸੀ, ਵਾਰਿਸ, ਰਾਂਝਾ, ਹੀਰ ਜੋ ਨੇ ਉਸਦੀ ਕਵਿਤਾ ਦਾ ਵਿਚਾਰਕ ਪੱਖ ਉਘਾੜਨ ਵਾਲੇ ਤੇ ਉਸਦੇ ਅੰਤਰ ਮਨ ‘ਚ ਘਰ ਕਰ ਗਏ ਪਾਤਰ ਨੇ। ਉਹ ਇਹਨਾਂ ਰਾਹੀਂ ਇਤਿਹਾਸ ਵੀ ਫਰੋਲਦਾ ਹੈ ਤੇ ਭਾਰਤੀ ਫਲਸਫਾ ਵੀ। ਉਹਦੀਆਂ ਕਈ ਕਵਿਤਾਵਾਂ ਗਹਿਰੇ ਦਰਸ਼ਨ ਦੀ ਦੱਸ ਪਾਉਂਦੀਆਂ ਨੇ। ਮਾਨ ਨੇ ਕੁੱਝ ਹੀ ਸਮੇਂ ‘ਚ ਕਵਿਤਾ ਨੂੰ ਛੋਹਲੇ ਕਦਮੀ ਤੁਰਨ ਲਾ ਲਿਆ ਹੈ। ਉਸਦੀ ਇਸ ਪਹਿਲੀ ਕਾਵਿ-ਕਿਤਾਬ ਨੂੰ ਮੈਂ ਜੀਓ ਆਇਆਂ ਆਖਦਾ ਹਾਂ।                                                    

-ਦੇਸ ਰਾਜ ਕਾਲੀ , ਲੇਖਕ