ਨਵੀਂ ਦਿੱਲੀ, 3 ਜਨਵਰੀ | ਭਾਰਤੀ ਕੁਸ਼ਤੀ ’ਚ ਚੱਲ ਰਹੇ ਸੰਕਟ ਨੇ ਬੁੱਧਵਾਰ ਨੂੰ ਨਵਾਂ ਮੋੜ ਲੈ ਲਿਆ। ਸੈਂਕੜੇ ਜੂਨੀਅਰ ਪਹਿਲਵਾਨ ਆਪਣੇ ਕਰੀਅਰ ਦੇ ਇਕ ਮਹੱਤਵਪੂਰਨ ਸਾਲ ਦੇ ਨੁਕਸਾਨ ਦੇ ਵਿਰੋਧ ’ਚ ਜੰਤਰ-ਮੰਤਰ ’ਤੇ ਇਕੱਠੇ ਹੋ ਗਏ ਅਤੇ ਇਸ ਲਈ ਚੋਟੀ ਦੇ ਪਹਿਲਵਾਨ ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ ਨੂੰ ਜ਼ਿੰਮੇਵਾਰ ਠਹਿਰਾਇਆ।
ਜੂਨੀਅਰ ਪਹਿਲਵਾਨ ਉੱਤਰ ਪ੍ਰਦੇਸ਼, ਹਰਿਆਣਾ ਅਤੇ ਦਿੱਲੀ ਦੇ ਵੱਖ-ਵੱਖ ਹਿੱਸਿਆਂ ਤੋਂ ਬੱਸਾਂ ਰਾਹੀਂ ਪਹੁੰਚੇ। ਇਨ੍ਹਾਂ ’ਚੋਂ ਲਗਭਗ 300 ਬਾਗਪਤ ਦੇ ਛਪਰੌਲੀ ’ਚ ਆਰੀਆ ਸਮਾਜ ਅਖਾੜੇ ਦੇ ਸਨ ਜਦਕਿ ਕਈ ਨਰੇਲਾ ਦੀ ਵੀਰੇਂਦਰ ਕੁਸ਼ਤੀ ਅਕੈਡਮੀ ਦੇ ਵੀ ਸਨ। ਸੁਰੱਖਿਆ ਕਰਮਚਾਰੀਆਂ ਵਲੋਂ ਉਨ੍ਹਾਂ ਨੂੰ ਕਾਬੂ ਕਰਨ ’ਚ ਬਹੁਤ ਮੁਸ਼ਕਲ ਆਈ। ਉਨ੍ਹਾਂ ਨੇ ਤਿੰਨਾਂ ਭਲਵਾਨਾਂ ਦੀਆਂ ਤਸਵੀਰਾਂ ਵਾਲੇ ਬੈਨਰ ਫੜੇ ਹੋਏ ਸਨ ਅਤੇ ਇਸ ਦੇ ਕੈਪਸ਼ਨ ’ਚ ਲਿਖਿਆ ਸੀ, ‘ਕਰ ਦੀਆ ਦੇਸ਼ ਕੀ ਕੁਸ਼ਤੀ ਕੋ ਬਰਬਾਦੀ ਸਾਕਸ਼ੀ, ਬਜਰੰਗ ਅਤੇ ਫੋਗਾਟ’।
ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਤੋਂ ਤੁਰਤ ਬਾਅਦ ਕੌਮੀ ਅੰਡਰ-15 ਅਤੇ ਅੰਡਰ-20 ਚੈਂਪੀਅਨਸ਼ਿਪ ਗੋਂਡਾ ’ਚ ਕਰਵਾਉਣ ਦਾ ਫੈਸਲਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਮੰਤਰਾਲੇ ਨੇ ਫੈਡਰੇਸ਼ਨ ਨੂੰ ਮੁਅੱਤਲ ਕਰ ਦਿਤਾ ਅਤੇ ਟੂਰਨਾਮੈਂਟ ਵੀ ਰੱਦ ਹੋ ਗਏ। ਪ੍ਰਦਰਸ਼ਨਕਾਰੀ ਭਲਵਾਨਾਂ ਨੇ ਮੰਗ ਕੀਤੀ ਹੈ ਕਿ ਮੁਅੱਤਲ ਡਬਲਿਊ.ਐੱਫ.ਆਈ. ਨੂੰ ਬਹਾਲ ਕੀਤਾ ਜਾਵੇ ਅਤੇ ਐਡਹਾਕ ਕਮੇਟੀ ਨੂੰ ਭੰਗ ਕੀਤਾ ਜਾਵੇ।
ਕਈ ਪ੍ਰਦਰਸ਼ਨਕਾਰੀ ਭਲਵਾਨਾਂ ਨੂੰ ਆਖਰੀ ਵਾਰ ਜੂਨੀਅਰ ਪੱਧਰ ’ਤੇ ਖੇਡਣ ਦਾ ਮੌਕਾ ਮਿਲਿਆ ਸੀ। ਮੁਜ਼ੱਫਰਨਗਰ ਸਟੇਡੀਅਮ ਦੇ ਕੋਚ ਪ੍ਰਦੀਪ ਕੁਮਾਰ ਨੇ ਕਿਹਾ, ‘‘ਉੱਤਰ ਪ੍ਰਦੇਸ਼ ਦੇ 90 ਫੀ ਸਦੀ ਤੋਂ ਵੱਧ ਅਖਾੜੇ ਇਸ ਪ੍ਰਦਰਸ਼ਨ ’ਚ ਸਾਡੇ ਨਾਲ ਹਨ। ਇਕ ਪਾਸੇ ਸਿਰਫ ਤਿੰਨ ਪਹਿਲਵਾਨ ਹਨ ਅਤੇ ਦੂਜੇ ਪਾਸੇ ਲੱਖਾਂ ਹਨ। ਉਨ੍ਹਾਂ ਨੇ ਦੇਸ਼ ਦੇ ਲੱਖਾਂ ਭਲਵਾਨਾਂ ਦਾ ਕਰੀਅਰ ਬਰਬਾਦ ਕਰ ਦਿਤਾ।’’ ਉਨ੍ਹਾਂ ਕਿਹਾ, ‘‘ਇਨ੍ਹਾਂ ਲੋਕਾਂ ਦੇ ਮਨ ’ਚ ਕੌਮੀ ਪੁਰਸਕਾਰਾਂ ਦਾ ਕੋਈ ਸਤਿਕਾਰ ਨਹੀਂ ਹੈ। ਉਹ ਉਨ੍ਹਾਂ ਨੂੰ ਸੜਕ ’ਤੇ ਸੁੱਟ ਰਹੇ ਹਨ।’’
ਬਜਰੰਗ ਅਤੇ ਵਿਨੇਸ਼ ਨੇ ਅਪਣੇ ਸਰਕਾਰੀ ਸਨਮਾਨ ਵਾਪਸ ਕਰ ਦਿਤੇ ਹਨ। ਪ੍ਰਦੀੀਪ ਨੇ ਕਿਹਾ, ‘‘ਉਹ ਕਹਿੰਦੇ ਰਹੇ ਹਨ ਕਿ ਉਨ੍ਹਾਂ ਦੀ ਲੜਾਈ ਮਹਿਲਾ ਅਤੇ ਜੂਨੀਅਰ ਭਲਵਾਨਾਂ ਲਈ ਹੈ ਪਰ ਉਨ੍ਹਾਂ ਨੇ ਲੱਖਾਂ ਦਾ ਕਰੀਅਰ ਬਰਬਾਦ ਕਰ ਦਿਤਾ ਹੈ। ਉਸ ਦਾ ਪ੍ਰਦਰਸ਼ਨ ਡਬਲਿਊ.ਐੱਫ.ਆਈ. ’ਚ ਚੋਟੀ ਦੀ ਨੌਕਰੀ ਪ੍ਰਾਪਤ ਕਰਨਾ ਹੈ। ਇਕ ਵਾਰ ਅਜਿਹਾ ਹੋਣ ਤੋਂ ਬਾਅਦ ਉਨ੍ਹਾਂ ਦਾ ਸਾਰਾ ਪ੍ਰਦਰਸ਼ਨ ਰੁਕ ਜਾਵੇਗਾ।’’
ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ’ਤੇ ਜਿਨਸੀ ਸੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਤਿੰਨ ਚੋਟੀ ਦੇ ਭਲਵਾਨਾਂ ਨੇ ਜੰਤਰ ਮੰਤਰ ’ਤੇ ਧਰਨਾ ਦਿਤਾ ਸੀ। ਉਸ ਸਮੇਂ ਕਿਸਾਨ ਸਮੂਹਾਂ, ਸਮਾਜ ਸੇਵਕਾਂ, ਸਿਆਸਤਦਾਨਾਂ, ਮਹਿਲਾ ਸੰਗਠਨਾਂ ਅਤੇ ਭਲਵਾਨਾਂ ਨੇ ਉਨ੍ਹਾਂ ਦਾ ਸਮਰਥਨ ਕੀਤਾ ਸੀ।
ਕੌਮੀ ਕੈਂਪ ਅਤੇ ਮੁਕਾਬਲੇ ਜਨਵਰੀ 2023 ਤੋਂ ਰੁਕੇ ਹੋਏ ਹਨ। ਡਬਲਿਊ.ਐੱਫ.ਆਈ. ਨੂੰ ਦੋ ਵਾਰ ਮੁਅੱਤਲ ਕੀਤਾ ਗਿਆ ਹੈ ਅਤੇ ਇਕ ਐਡਹਾਕ ਕਮੇਟੀ ਖੇਡ ਦਾ ਆਯੋਜਨ ਕਰ ਰਹੀ ਹੈ। ਆਰੀਆ ਸਮਾਜ ਅਖਾੜੇ ਦੇ ਵਿਵੇਕ ਮਲਿਕ ਨੇ ਕਿਹਾ, ‘‘ਇਨ੍ਹਾਂ ਜੂਨੀਅਰ ਭਲਵਾਨਾਂ ਨੇ ਪੂਰਾ ਸਾਲ ਗੁਆ ਦਿਤਾ ਹੈ। ਨਵੇਂ ਡਬਲਿਊ.ਐੱਫ.ਆਈ. ਨੇ ਇਹ ਫੈਸਲਾ ਇਨ੍ਹਾਂ ਭਲਵਾਨਾਂ ਦੇ ਲਾਭ ਲਈ ਲਿਆ ਸੀ ਜੋ ਜ਼ਿਲ੍ਹਾ ਜਾਂ ਰਾਜ ਪੱਧਰੀ ਮੁਕਾਬਲੇ ਵੀ ਨਹੀਂ ਖੇਡ ਸਕਦੇ ਸਨ।’’ ਉਨ੍ਹਾਂ ਕਹਿਾ, ‘‘ਨਵੀਂ ਫੈਡਰੇਸ਼ਨ ਨੂੰ ਵੀ ਮੁਅੱਤਲ ਕਰ ਦਿਤਾ ਗਿਆ ਹੈ। ਇਸ ਨੂੰ ਅਦਾਲਤ ਦੇ ਨਿਰਦੇਸ਼ਾਂ ਅਨੁਸਾਰ ਚੁਣਿਆ ਗਿਆ ਸੀ ਪਰ ਇਸ ਨੂੰ ਕੰਮ ਕਰਨ ਦੀ ਆਗਿਆ ਨਹੀਂ ਸੀ। ਮੁਅੱਤਲੀ ਹਟਾਈ ਜਾਣੀ ਚਾਹੀਦੀ ਹੈ ਅਤੇ ਫੈਡਰੇਸ਼ਨ ਨੂੰ ਕੰਮ ਕਰਨ ਦੀ ਆਗਿਆ ਦਿਤੀ ਜਾਣੀ ਚਾਹੀਦੀ ਹੈ।’’