ਐਂਟੀ ਟੈਰਰਿਸਟ ਫਰੰਟ ਆਫ਼ ਇੰਡੀਆ ਦੇ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ ਨੇ ਕਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਜੋ ਮਰਜ਼ੀ ਕਰ ਲਵੇ, ਖਾਲਿਸਤਾਨ ਨਾ ਬਣਿਆ ਸੀ, ਨਾ ਬਣੇਗਾ ਤੇ ਨਾ ਅਸੀਂ ਬਣਨ ਦੇਣਾ ਹੈ। ਭਾਵੇਂ ਮੈਨੂੰ ਉਸ ਲਈ ਕੁਰਬਾਨੀ ਹੀ ਕਿਉਂ ਨਾ ਦੇਣੀ ਪਵੇ।
ਪੰਜਾਬ ਵਿਚ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖ ਭਾਵੇਂ ਹੀ ਦੋ ਫੀਸਦੀ ਹੋਣ, ਪਰ ਇਹ ਪੂਰੀ ਦੁਨੀਆ ‘ਤੇ ਰਾਜ ਕਰ ਰਹੇ ਹਨ। ਅੰਮ੍ਰਿਤਪਾਲ ਸਿੰਘ ਕਿਹੜੇ ਸਿੱਖਾਂ ਦੀ ਗੱਲ ਕਰ ਰਹੇ ਹਨ। ਸਿੱਖ ਹਮੇਸ਼ਾ ਰਾਜ ਕਰਦੇ ਆਏ ਹਨ ਅਤੇ ਕਰਦੇ ਰਹਿਣਗੇ।
ਜੇਕਰ ਭਾਰਤ ਦੀ ਗੱਲ ਕਰੀਏ ਤਾਂ ਸਿੱਖਾਂ ਨੂੰ ਕਈ ਵੱਡੇ ਅਹੁਦਿਆਂ ‘ਤੇ ਬਿਠਾਇਆ ਗਿਆ ਹੈ। ਬਿੱਟਾ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਢਾਲ ਬਣਾਉਣਾ ਕਿਸੇ ਵੀ ਕੀਮਤ ‘ਤੇ ਠੀਕ ਨਹੀਂ ਹੈ। ਜਦੋਂ ਮੋਦੀ ਪੰਜਾਬ ਨੂੰ ਪੈਕੇਜ ਦੇਣ ਲਈ ਆਏ ਸਨ ਤਾਂ ਵੀ ਇਸੇ ਤਰ੍ਹਾਂ ਦੇ ਲੋਕਾਂ ਨੇ ਉਥੇ ਧਰਨਾ ਦਿੱਤਾ।
ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਹੱਕ ਵਿੱਚ ਬੋਲਦਿਆਂ ਬਿੱਟਾ ਨੇ ਆਖਿਆ ਕਿ ਢੱਡਰੀਆਂ ਵਾਲਾ ਜਾਂ ਸਿੱਖ ਪ੍ਰਚਾਰਕ ਹੀ ਹਨ, ਜੋ ਪੰਜਾਬ ਅਤੇ ਪੰਜਾਬ ਦੀ ਜਵਾਨੀ ਨੂੰ ਬਚਾ ਸਕਦੇ ਹਨ।
ਉਨ੍ਹਾਂ ਆਖਿਆ ਕਿ ਅੰਮ੍ਰਿਤਪਾਲ ਸਿੰਘ ਹਰਿਮੰਦਰ ਸਾਹਿਬ ਅੰਦਰ ਹਥਿਆਰ ਲਿਜਾਉਣ ਨੂੰ ਸਹੀ ਦੱਸਦਾ ਹੈ। ਮੈਂ ਮੰਨਦਾ ਹਾਂ ਕਿ ਸ਼ਸਤਰ ਗੁਰੂ ਸਾਹਿਬ ਨੇ ਬਖਸ਼ੇ ਸਨ ਪਰ ਉਦੋਂ ਸਾਡੀ ਲੜਾਈ ਮੁਗਲਾਂ ਨਾਲ ਸੀ। ਉਦੋਂ ਘੋੜਿਆਂ, ਹਥਿਆਰਾਂ ਅਤੇ ਹੋਰ ਸ਼ਸਤਰਾਂ ਦੀ ਲੋੜ ਸੀ।
ਜਦੋਂ ਅਜਨਾਲਾ ਵਿੱਚ ਘਟਨਾ ਵਾਪਰੀ ਤਾਂ ਪੰਜਾਬ ਆ ਰਹੇ ਲੋਕਾਂ ਨੇ ਰਾਜਪੁਰਾ ਅਤੇ ਅੰਬਾਲਾ ਵਿੱਚ ਹੀ ਰੁਕਣਾ ਠੀਕ ਸਮਝਿਆ। ਲੋਕਾਂ ਨੇ ਤੁਰੰਤ ਉਥੇ ਹੋਟਲ ਬੁੱਕ ਕਰਵਾ ਲਏ ਅਤੇ ਪੰਜਾਬ ਆਉਣ ਦੀ ਬਜਾਏ ਵਾਪਸ ਚਲੇ ਗਏ। ਅਸੀਂ ਕਿਸੇ ਵੀ ਸ਼ਰਤ ‘ਤੇ ਖਾਲਿਸਤਾਨ ਨਹੀਂ ਬਣਨ ਦੇਵਾਂਗੇ।