ਅੰਮ੍ਰਿਤਸਰ : ਡਾਕਟਰਾਂ ਦੀ ਲਾਪ੍ਰਵਾਹੀ ਨਾਲ ਹੋਈ ਨਵਜੰਮੇ ਦੀ ਮੌਤ, ਮੈਜਿਸਟ੍ਰੇਟ ਦੇ ਹੁਕਮਾਂ ‘ਤੇ ਕਬਰ ‘ਚੋਂ ਲਾਸ਼ ਕੱਢਵਾ ਕੇ ਪੋਸਟਮਾਰਟਮ ਲਈ ਭੇਜੀ

0
551

ਅੰਮ੍ਰਿਤਸਰ| ਨਵਜੰਮੇ ਬੱਚੇ ਦੀ ਮੌਤ ਦਾ ਮਾਮਲਾ ਕਾਫੀ ਭਖਿਆ ਹੋਇਆ ਹੈ। ਪਰਿਵਾਰ ਵਲੋਂ ਡਾਕਟਰ ‘ਤੇ ਲਾਪਰਵਾਹੀ ਦੇ ਇਲਜ਼ਾਮ ਲੱਗ ਰਹੇ ਨੇ। ਜਿਸ ਤੋਂ ਬਾਅਦ ਮੈਜਿਸਟ੍ਰੇਟ ਦੇ ਹੁਕਮਾਂ ਉਤੇ ਬੱਚੇ ਦੀ ਮ੍ਰਿਤਕ ਦੇਹ ਕਬਰ ‘ਚੋਂ ਕੱਢਵਾ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ।
ਮਾਮਲਾ 8 ਮਾਰਚ ਦਾ ਹੈ ਜਦੋਂ ਬੱਚੇ ਦੀ ਡਲਿਵਰੀ ਦੌਰਾਨ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਪਰਿਵਾਰ ਵਲੋਂ ਬੱਚੇ ਨੂੰ ਦਫਨਾ ਦਿੱਤਾ ਗਿਆ ਸੀ । ਪਰਿਵਾਰ ਦਾ ਕਹਿਣਾ ਹੈ ਕਿ ਬੱਚੇ ਨੂੰ ਅੰਤਮ ਸਮੇਂ ਨਹਾਉਂਦਿਆਂ ਉਨ੍ਹਾਂ ਦੇਖਿਆ ਕਿ ਬੱਚੇ ਦੇ ਸਿਰ ਉਪਰ ਜ਼ਖਮ ਹਨ । ਜਿਸਦੀ ਸ਼ਿਕਾਇਤ ਪੁਲਿਸ ਅਧਿਕਾਰੀਆਂ ਨੂੰ ਕੀਤੀ ਗਈ।

ਇਸ ਮੌਕੇ ਗੱਲਬਾਤ ਕਰਦੇ ਹੋਏ ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਪੰਜ ਸਾਲ ਬਾਅਦ ਇਕ ਬੱਚੇ ਨੇ ਜਨਮ ਲਿਆ ਸੀ। ਜਿਸਦੀ ਮੌਤ ਹੋ ਗਈ ਤੇ ਪਰਿਵਾਰ ਦੀਆਂ ਖੁਸ਼ੀਆਂ ਮਾਤਮ ਦੇ ਵਿੱਚ ਬਦਲ ਗਈਆ। ਸਾਡੀ ਨੂੰਹ ਉਸ ਸਮੇਂ ਹੋਸ਼ ਵਿੱਚ ਨਹੀਂ ਸੀ ਜਿਸਦੇ ਚਲਦੇ ਅਸੀਂ ਬੱਚੇ ਨੂੰ ਦਫਨਾ ਦਿੱਤਾ।

ਪੀੜਤ ਪਰਿਵਾਰ ਨੇ ਦੱਸਿਆ ਕਿ ਜਦੋਂ ਸਾਡੀ ਨੂੰਹ ਹੋਸ਼ ਵਿੱਚ ਆਈ ਤੇ ਉਸ ਨੇ ਦੱਸਿਆ ਕਿ ਮੇਰੇ ਪੇਟ ਵਿੱਚ ਆਪ੍ਰੇਸ਼ਨ ਦੌਰਾਨ ਡਾਕਟਰ ਵੱਲੋਂ ਕਾਫੀ ਕੈਂਚੀਆਂ ਮਾਰੀਆਂ ਗਈਆਂ ਹਨ ਤੇ ਫ਼ਿਰ ਅਸੀਂ ਇਸ ਦੀ ਸੂਚਨਾ ਪੁਲਿਸ ਅਧਿਕਾਰੀਆਂ ਨੂੰ ਦਿੱਤੀ । ਜਿਸ ‘ਤੇ ਪੁਲਸ ਅਧਿਕਾਰੀਆਂ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਜਿਸਤੋਂ ਬਾਅਦ ਅਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਪੇਸ਼ ਹੋਏ ਤੇ ਉਨ੍ਹਾਂ ਸਾਡੀ ਫਰਿਆਦ ਸੁਣ ਕੇ ਪੁਲਿਸ ਅਧਿਕਾਰੀਆਂ ਨੂੰ ਨਾਲ ਲਿਜਾ ਕੇ ਬੱਚੇ ਨੂੰ ਕਬਰ ਵਿਚੋਂ ਬਾਹਰ ਕੱਢਿਆ ।

ਇਸ ਮੌਕੇ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਇਕ ਡਾਕਟਰ ਦੀ ਲਾਪਰਵਾਹੀ ਨਾਲ ਬੱਚੇ ਦੀ ਮੌਤ ਹੋ ਗਈ ਹੈ । ਜਿਸ ਤੋਂ ਬਾਅਦ ਅਸੀਂ ਬੱਚੇ ਦੀ ਲਾਸ਼ ਨੂੰ ਕਬਰ ਵਿਚੋਂ ਬਾਹਰ ਕੱਢਵਾ ਕੇ ਉਸਦਾ ਪੋਸਟਮਾਰਟਮ ਕਰਵਾ ਰਹੇ ਹਾਂ । ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।ਜੋ ਵੀ ਦੋਸ਼ੀ ਪਾਇਆ ਜਾਂਦਾ ਹੈ, ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।