ਸੰਗਰੂਰ, 18 ਫਰਵਰੀ | ਕਿਸਾਨ ਮੋਰਚਾ ਖਨੌਰੀ ਬਾਰਡਰ ’ਤੇ ਚੱਲ ਰਿਹਾ ਹੈ। ਕਿਸਾਨ ਪੂਰੀ ਸੁਹਿਰਦਤਾ ਨਾਲ ਸ਼ਾਂਤਮਈ ਧਰਨੇ ’ਤੇ ਬੈਠੇ ਹਨ। ਜਿਥੇ ਕਿਸਾਨ ਮੰਗਾਂ ਨੂੰ ਲੈ ਕੇ ਡਟੇ ਹੋਏ ਹਨ, ਉਥੇ ਧਰਨੇ ਵਿਚ ਇਕ ਨੌਜਵਾਨ ਕਿਸਾਨ ਸਿਰ ’ਤੇ ਸਿਹਰਾ ਸਜਾ ਕੇ ਬਰਾਤ ਰੂਪੀ ਸੈਂਕੜੇ ਕਿਸਾਨਾਂ ਨੂੰ ਨਾਲ ਲੈ ਕੇ ਖਨੌਰੀ ਬਾਰਡਰ ’ਤੇ ਪੁੱਜ ਗਿਆ।

ਲਾੜੇ ਦਾ ਵੱਖਰਾ ਰੂਪ ਦੇਖ ਕੇ ਕਿਸਾਨਾਂ ਨੇ ਉਸ ਦਾ ਭਰਪੂਰ ਸਵਾਗਤ ਕੀਤਾ। ਲਾੜੇ ਸਮੇਤ ਬਰਾਤ ਨੇ ਬਾਰਡਰ ’ਤੇ ਜਾ ਕੇ ਟਰੈਕਟਰਾਂ ’ਤੇ ਡੈੱਕ ਲਗਾ ਕੇ ਨੱਚ ਕੇ ਮਨੋਰੰਜਨ ਕੀਤਾ। ਲਾੜੇ ਨੇ ਦੱਸਿਆ ਕਿ ਉਹ ਕਿਸਾਨ ਭਰਾਵਾਂ ਵਿਚ ਜੋਸ਼ ਭਰਨ ਦੇ ਮਕਸਦ ਨਾਲ ਆਇਆ ਹੈ। ਉਨ੍ਹਾਂ ਕਿਹਾ ਕਿ ਉਸ ਨੇ ਵੱਖਰੀ ਤਰ੍ਹਾਂ ਦਾ ਸ਼ਾਂਤਮਈ ਰੋਸ ਮਾਰਚ ਕੱਢਿਆ ਹੈ। ਇਸ ਮੌਕੇ ਨੌਜਵਾਨ ਕਿਸਾਨਾਂ ਨੇ ਟਰੈਕਟਰਾਂ ’ਤੇ ਗੀਤ ਲਗਾ ਕੇ ਲਾੜੇ ਨਾਲ ਨੱਚਦੇ ਹੋਏ ਮੋਰਚੇ ਦਾ ਗੇੜਾ ਕੱਢਿਆ।