ਪੱਤਰਕਾਰੀ ਦਾ ਕਿੱਤਾ ਦੋਸਤ ਬਣਾਉਣ ਦੀ ਥਾਂ ਜ਼ਿਆਦਾ ਦੁਸ਼ਮਣ ਬਣਾਉਂਦਾ ਹੈ ਕਿਉਂਕਿ ਨਿਰਪੱਖ ਲਿਖਣ ਨਾਲ ਸੰਬੰਧਤ ਲੋਕਾਂ ਨੂੰ ਰਾਸ ਨਹੀਂ ਆਉਂਦਾ। ਇਸ ਕਰਕੇ ਪੱਤਰਕਾਰੀ ਦਾ ਕਿੱਤਾ ਬੜਾ ਸੰਜੀਦਾ, ਜੋਖਮ ਭਰਿਆ, ਕਸ਼ਮਕਸ ਅਤੇ ਹਮੇਸ਼ਾ ਜਦੋਜਹਿਦ ਵਾਲਾ ਹੁੰਦਾ ਹੈ। ਪੱਤਰਕਾਰ ਨੇ ਸਮਾਜਿਕ ਹਿੱਤਾਂ ਤੇ ਪਹਿਰਾ ਦੇਣਾ ਹੁੰਦਾ ਹੈ ਪ੍ਰੰਤੂ ਸਮਾਜਿਕ ਤਾਣਾ ਬਾਣਾ ਇਤਨਾ ਉਲਝਿਆ ਹੋਇਆ ਅਤੇ ਗੁੰਝਲਦਾਰ ਹੈ ਕਿ ਸਮਾਜ ਇਸ ਕਿੱਤੇ ਨੂੰ ਆਪਣੇ ਅਸਰ ਰਸੂਖ ਨਾਲ ਪ੍ਰਭਾਵਤ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡਦਾ। ਨਿਰਪੱਖਤਾ ਪੱਤਰਕਾਰੀ ਦਾ ਧੁਰਾ ਹੈ। ਜਿਹੜਾ ਪੱਤਰਕਾਰ ਨਿਰਪੱਖ ਪੱਤਰਕਾਰੀ ਕਰਨ ਵਿਚ ਸਫਲ ਹੋ ਗਿਆ, ਉਹ ਜ਼ਿੰਦਗੀ ਭਰ ਜਦੋਜਹਿਦ ਤਾਂ ਕਰਦਾ ਹੀ ਰਹੇਗਾ ਪ੍ਰੰਤੂ ਸਮਾਜ ਵਿਚ ਉਸਦਾ ਮਾਨ ਸਨਮਾਨ ਬਣਿਆਂ ਰਹੇਗਾ। ਸ਼ੰਗਾਰਾ ਸਿੰਘ ਭੁਲਰ ਅਜਿਹਾ ਪੱਤਰਕਾਰ ਤੇ ਸੰਪਾਦਕ ਸੀ ਜਿਸਨੇ ਲਿਖਿਆ ਵੀ ਨਿਰਪੱਖ ਹੋ ਕੇ ਅਤੇ ਦੋਸਤੀਆਂ ਬਣਾਈਆਂ ਤੇ ਨਿਭਾਈਆਂ ਵੀ। ਨਿਮਰਤਾ ਅਤੇ ਸ਼ਹਿਨਸ਼ੀਲਤਾ ਦੇ ਗੁਣਾਂ ਕਰਕੇ ਉਹ ਸਮਾਜ ਵਿਚ ਸਤਿਕਾਰਿਆ ਜਾਂਦਾ ਸੀ। ਉਹ ਇਕੋ ਇਕ ਅਜਿਹਾ ਪੱਤਰਕਾਰ ਹੈ, ਜਿਹੜਾ ਚਾਰ ਪੰਜਾਬੀ ਦੇ ਰੋਜ਼ਾਨਾ ਅਖ਼ਬਾਰਾਂ ਅਤੇ ਇਕ ਨਿਊਜ ਏਜੰਸੀ ਦਾ ਸੰਪਾਦਕ ਰਿਹਾ ਹੈ। ਸ਼ੰਗਾਰਾ ਸਿੰਘ ਭੁਲਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੰਜਾਬੀ ਦੀ ਐਮ ਏ ਕਰਨ ਤੋਂ ਬਾਅਦ ਹੀ ਨੌਜਵਾਨੀ ਵਿਚ ‘ਨਵਾਂ ਜ਼ਮਾਨਾ’ ਅਖ਼ਬਾਰ ਵਿਚ ਉਪ ਸੰਪਾਦਕ ਦੇ ਤੌਰ ਤੇ ਆਪਣਾ ਪੱਤਰਕਾਰੀ ਦਾ ਕੈਰੀਅਰ ਸ਼ੁਰੂ ਕੀਤਾ ਸੀ, ਜਿਸ ਅਖ਼ਬਾਰ ਦੀ ਜਮਹੂਰੀ ਹੱਕਾਂ ਦੀ ਰਾਖੀ ਕਰਨ ਵਾਲੀ ਨਿਰਪੱਖ ਪੱਤਰਕਾਰੀ ਦੀ ਗੁੜ੍ਹਤੀ ਨੇ ਸ਼ੰਗਾਰਾ ਸਿੰਘ ਭੁਲਰ ਨੂੰ ਜ਼ਿੰਦਗੀ ਭਰ ਡੋਲਣ ਨਹੀਂ ਦਿੱਤਾ ਅਤੇ ਪੱਤਰਕਾਰੀ ਦੀਆਂ ਬੁਲੰਦੀਆਂ ਤੇ ਪਹੁੰਚਾਇਆ, ਜਿਸ ਕਰਕੇ ਚਾਰ ਅਖ਼ਬਾਰਾਂ ਪੰਜਾਬੀ ਟ੍ਰਿਬਿਊਨ, ਪੰਜਾਬੀ ਜਾਗਰਣ, ਦੇਸ਼ ਵਿਦੇਸ ਟਾਈਮਜ਼, ਰੋਜ਼ਾਨਾ ਸਪੋਕਸਮੈਨ ਅਤੇ ਇਕ ਨਿਊਜ਼ ਏਜੰਸੀ ਵਿਸ਼ਵ ਵਾਰਤਾ ਦਾ ਸੰਪਾਦਕ ਬਣਕੇ ਪੱਤਰਕਾਰੀ ਵਿਚ ਆਪਣਾ ਨਾਮ ਕਮਾਇਆ। ਪੰਜਾਬੀ ਪੱਤਰਕਾਰੀ ਦਾ ਥੰਮ੍ਹ ਅਤੇ ਸਮਾਜਿਕ ਸਰੋਕਾਰਾਂ ਦਾ ਮੁੱਦਈ ਸ਼ੰਗਾਰਾ ਸਿੰਘ ਭੁਲਰ 74 ਸਾਲ ਦੀ ਉਮਰ ਭੋਗ ਕੇ ਆਪਣੇ ਪਿਛੇ ਪਤਨੀ ਅਮਰਜੀਤ ਕੌਰ ਭੁਲਰ, ਸਪੁੱਤਰ ਚੇਤਨਪਾਲ ਸਿੰਘ, ਰਮਨੀਕ ਸਿੰਘ ਅਤੇ ਸਪੁੱਤਰੀ ਨੂੰ ਛੱਡ ਕੇ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਿਆ ਹੈ। ਨਿਮਰਤਾ, ਸਲੀਕੇ ਅਤੇ ਤਹਿਜ਼ੀਬ ਨਾਲ ਪੱਤਰਕਾਰੀ ਕਰਨ ਵਾਲਾ ਜ਼ਮੀਨੀ ਹਕੀਕਤਾਂ ਨਾਲ ਜੁੜਿਆ ਹੋਇਆ ਵੈਟਰਨ ਪੱਤਰਕਾਰ ਸ਼ੰਗਾਰਾ ਸਿੰਘ ਭੁਲਰ ਪੱਤਰਕਾਰੀ ਦੇ ਇਤਿਹਾਸ ਵਿਚ ਸੁਚਾਰੂ ਅਤੇ ਸਾਕਾਰਤਮਕ ਯੋਗਦਾਨ ਪਾਉਣ ਕਰਕੇ ਹਮੇਸ਼ਾ ਯਾਦ ਕੀਤਾ ਜਾਇਆ ਕਰੇਗਾ। ਉਸ ਦੀਆਂ ਸੰਪਾਦਕੀਆਂ ਅਤੇ ਕਾਲਮ ਨਵੀਸ ਦੇ ਤੌਰ ਤੇ ਸਮਾਜਿਕ, ਆਰਥਿਕ, ਧਾਰਮਿਕ ਅਤੇ ਸਭਿਆਚਾਰਕ ਵਿਸ਼ਿਆਂ ਤੇ ਲਿਖੇ ਲੇਖਾਂ ਵਿਚਲੀਆਂ ਗੁਝੀਆਂ ਟਿਪਣੀਆਂ ਕਰਕੇ ਜਾਣੇ ਜਾਂਦੇ ਹਨ ਜੋ ਪ੍ਰਭਾਵਤ ਵਿਅਕਤੀਆਂ ਨੂੰ ਨਾ ਰੋਣ ਅਤੇ ਨਾ ਹੱਸਣ ਜੋਗਾ ਛੱਡਦੀਆਂ ਸਨ। 9 ਜਨਵਰੀ 1946 ਨੂੰ ਆਪਦਾ ਜਨਮ ਗੁਰਦਾਸਪੁਰ ਜਿਲ੍ਹੇ ਦੇ ਭੁਲਰ ਪਿੰਡ ਵਿਚ ਇਕ ਆਮ ਸਾਧਾਰਣ ਮੱਧ ਵਰਗੀ ਪਰਿਵਾਰ ਵਿਚ ਹੋਇਆ। ਮੁੱਢਲੀ ਪੜ੍ਹਾਈ ਪਿੰਡ ਵਿਚ ਕਰਨ ਤੋਂ ਬਾਅਦ ਬੀ ਏ ਬੇਅਰਿੰਗ ਕ੍ਰਿਸਚੀਅਨ ਕਾਲਜ ਬਟਾਲਾ ਤੋਂ ਪਾਸ ਕੀਤੀ। ਉਸ ਤੋਂ ਬਾਅਦ ਐਮ ਏ ਪੰਜਾਬੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪਾਸ ਕੀਤੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਰਜਿੰਦਰ ਸਿੰਘ ਹਮਦਰਦ ਆਪ ਦਾ ਜਮਾਤੀ ਸੀ। ਅਸਲ ਵਿਚ ਸ਼ੰਗਾਰਾ ਸਿੰਘ ਭੁਲਰ ਦੋਸਤਾਂ ਦਾ ਦੋਸਤ ਸੀ। ਉਸਨੂੰ ਦੋਸਤੀ ਬਣਾਉਣੀ ਅਤੇ ਨਿਭਾਉਣੀ ਆਉਂਦੀ ਸੀ। ਉਸਦੇ ਦੋਸਤਾਂ ਦਾ ਦਾਇਰਾ ਵਿਸ਼ਾਲ ਹੈ। ਸ਼ੰਗਾਰਾ ਸਿੰਘ ਭੁਲਰ ਨੂੰ ਇਸ ਗੱਲ ਦਾ ਵੀ ਮਾਣ ਜਾਂਦਾ ਹੈ ਕਿ ਪੰਜਾਬੀ ਸਭਿਆਚਾਰ ਦੇ ਪ੍ਰਤੀਕ ਅਤੇ ਸਾਹਿਤਕਾਰਾਂ ਦੇ ਮੁਦੱਈ ਮਹਿੰਦਰ ਸਿੰਘ ਰੰਧਾਵਾ ਨਾਲ ਉਸਦੇ ਨਿਕਟਵਰਤੀ ਸੰਬੰਧ ਸਨ। ਨਵਾਂ ਜ਼ਮਨਾ ਅਖ਼ਬਾਰ ਦੀ ਉਪ ਸੰਪਾਦਕੀ ਤੋਂ ਬਾਅਦ ਉਨ੍ਹਾਂ ਆਪਣੀ ਕਰਮਭੂਮੀ ਦਿੱਲੀ ਨੂੰ ਬਣਾਇਆ, ਜਿਥੇ ਉਨ੍ਹਾਂ ਨੇ ਸਾਹਿਤਕ ਅਤੇ ਪੱਤਰਕਾਰੀ ਦੇ ਖੇਤਰ ਵਿਚ ਪੰਜਾਬੀ ਦੇ ਰੋਜ਼ਾਨਾ ਜਥੇਦਾਰ ਅਖ਼ਬਾਰ ਵਿਚ ਕੰਮ ਕਰਦਿਆਂ ਆਪਣਾ ਸਥਾਨ ਬਣਾਇਆ। ਦਿੱਲੀ ਤੋਂ ਬਾਅਦ ਉਹ ਪੰਜਾਬੀ ਟ੍ਰਿਬਿਊਨ ਅਖ਼ਬਾਰ ਵਿਚ ਸਹਾਇਕ ਸੰਪਾਦਕ ਦੇ ਤੌਰ ਤੇ ਆ ਗਏ। ਇਥੇ ਤਰੱਕੀ ਕਰਦਿਆਂ ਪਹਿਲਾਂ ਡਿਪਟੀ ਐਡੀਟਰ ਅਤੇ ਬਾਅਦ ਵਿਚ ਸੰਪਾਦਕ ਬਣੇ। ਉਨ੍ਹਾਂ 28 ਸਾਲ ਪੰਜਾਬੀ ਟ੍ਰਿਬਿਊਨ ਵਿਚ ਸੇਵਾ ਕੀਤੀ। ਪੰਜਾਬੀ ਟ੍ਰਿਬਿਊਨ ਅਖ਼ਬਾਰ ਵਿਚ ਆਪਨੇ ਤਤਕਾਲ ਮੁੱਦਿਆਂ ਤੇ ਲਿਖਣ ਲਈ ਨੌਵਾਂ ਕਾਲਮ ਸੰਪਾਦਕੀ ਪੰਨੇ ਤੇ ਸ਼ੁਰੂ ਕੀਤਾ, ਜਿਹੜਾ ਪਾਠਕਾਂ ਵਿਚ ਬਹੁਤ ਹਰਮਨ ਪਿਆਰਾ ਹੋਇਆ। 2006 ਵਿਚ ਪੰਜਾਬੀ ਟ੍ਰਿਬਿਊਨ ਵਿਚੋਂ ਸੇਵਾ ਮੁਕਤ ਹੋਣ ਤੋਂ ਬਾਅਦ ਲੁਧਿਆਣਾ ਤੋਂ ਪ੍ਰਕਾਸ਼ਤ ਹੋਣ ਵਾਲੇ ਦੇਸ ਵਿਦੇਸ ਅਖ਼ਬਾਰ ਦੇ ਬਾਨੀ ਸੰਪਾਦਕ ਬਣੇ। ਇਸ ਤੋਂ ਬਾਅਦ ਚੰਡੀਗੜ੍ਹ ਤੋਂ ਪੰਜਾਬੀ ਦੀ ਏਜੰਸੀ ਵਿਸ਼ਵ ਵਾਰਤਾ ਦੇ ਸੰਪਾਦਕ ਬਣ ਗਏ। ਜਦੋਂ ਪੰਜਾਬੀ ਜਾਗਰਣ ਅਖ਼ਬਾਰ ਜਲੰਧਰ ਤੋਂ ਪ੍ਰਕਾਸ਼ਤ ਹੋਣਾ ਸ਼ੁਰੂ ਹੋਇਆ ਤਾਂ ਇਸ ਅਖ਼ਬਾਰ ਦੇ ਬਾਨੀ ਸੰਪਾਦਕ ਬਣਕੇ ਅਖ਼ਬਾਰ ਨੂੰ ਸਥਾਪਤ ਕੀਤਾ। ਪੰਜਾਬੀ ਜਾਗਰਣ ਅਖ਼ਬਾਰ ਵਿਚ ਸਾਹਿਤਕ ਪੰਨਾ ਸ਼ੁਰੂ ਕਰਨ ਦਾ ਮਾਣ ਵੀ ਸ਼ੰਗਾਰਾ ਸਿੰਘ ਭੁਲਰ ਨੂੰ ਜਾਂਦਾ ਹੈ, ਜਿਸ ਕਰਕੇ ਬਹੁਤ ਸਾਰੇ ਸਾਹਿਤਕਾਰ ਪੰਜਾਬੀ ਜਾਗਰਣ ਨਾਲ ਜੁੜ ਗਏ। ਇਸ ਸਮੇਂ ਆਪ ਚੰਡੀਗੜ੍ਹ ਤੋਂ ਪ੍ਰਕਾਸ਼ਤ ਹੋਣ ਵਾਲੇ ਰੋਜ਼ਾਨਾ ਸਪੋਕਸਮੈਨ ਅਖ਼ਬਾਰ ਦੇ ਸੰਪਾਦਕ ਸਨ। ਇਸ ਦੇ ਨਾਲ ਹੀ ਉਹ ਵੱਖ-ਵੱਖ ਅਖ਼ਬਾਰਾਂ ਲਈ ਕਾਲਮ ਲਿਖਦੇ ਸਨ। ਉਹ ਆਖ਼ਰ ਸਮੇਂ ਤੱਕ ਸਰਗਰਮ ਪੱਤਰਕਾਰੀ ਕਰਦੇ ਰਹੇ। ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਉਨ੍ਹਾਂ ਨੂੰ ਸ਼ਰੋਮਣੀ ਪੱਤਰਕਾਰ ਦਾ ਸਨਮਾਨ ਵੀ ਦਿੱਤਾ ਗਿਆ ਸੀ। 1993 ਵਿਚ ਚੰਡੀਗੜ੍ਹ ਵਿਖੇ ਪੱਤਰਕਾਰਾਂ ਦੀ ਸੰਸਥਾ ਜਿਸਦੇ ਗਿਆਨੀ ਹਰੀ ਸਿੰਘ ਪ੍ਰਧਾਨ ਅਤੇ ਸ਼ੰਗਾਰਾ ਸਿੰਘ ਭੁਲਰ ਜਨਰਲ ਸਕੱਤਰ ਸਨ ਤਾਂ ਪੱਤਰਕਾਰਾਂ ਦੀ ਇਕ ਅੰਤਰਾਸ਼ਟਰੀ ਕਾਨਫਰੰਸ ਕਰਵਾਈ ਸੀ। ਉਹ ਚੰਡੀਗੜ੍ਹ ਅਤੇ ਪੰਜਾਬ ਦੀਆਂ ਬਹੁਤ ਸਾਰੀਆਂ ਪੱਤਰਕਾਰਾਂ ਅਤੇ ਸਾਹਿਤਕਾਰਾਂ ਦੀਆਂ ਸੰਸਥਾਵਾਂ ਨਾਲ ਜੁੜੇ ਹੋਏ ਸਨ ਅਤੇ ਉਨ੍ਹਾਂ ਦੇ ਸਮਾਗਮਾ ਵਿਚ ਸ਼ਿਰਕਤ ਕਰਦੇ ਰਹਿੰਦੇ ਸਨ।
ਸ਼ੰਗਾਰਾ ਸਿੰਘ ਭੁਲਰ ਨੂੰ ਇਸ ਗੱਲ ਦਾ ਵੀ ਮਾਣ ਜਾਂਦਾ ਹੈ ਕਿ ਉਨ੍ਹਾਂ ਬਹੁਤ ਸਾਰੇ ਨੌਜਵਾਨ ਪੱਤਰਕਾਰਾਂ ਨੂੰ ਥਾਪੀ ਦੇ ਕੇ ਪੱਤਰਕਾਰਤਾ ਵਿਚ ਸਥਾਪਤ ਕੀਤਾ। ਲੱਗਪਗ ਅੱਧੀ ਸਦੀ ਉਹ ਪੰਜਾਬੀ ਪੱਤਰਕਾਰਤਾ ਵਿਚ ਆਪਣੀਆਂ ਲੇਖਣੀਆਂ ਕਰਕੇ ਛਾਏ ਰਹੇ। ਜਦੋਂ ਉਹ ਅਖ਼ਬਾਰਾਂ ਦੇ ਸੰਪਾਦਕ ਸਨ ਤਾਂ ਕੋਈ ਵੀ ਛੋਟੇ ਤੋਂ ਛੋਟਾ ਪੱਤਰਕਾਰ ਉਨ੍ਹਾਂ ਦੇ ਕਮਰੇ ਵਿਚ ਨਿਝੱਕ ਜਾ ਕੇ ਅਗਵਾਈ ਲੈ ਸਕਦਾ ਸੀ। ਇਨਸਾਨੀਅਤ ਉਨ੍ਹਾਂ ਵਿਚ ਕੁੱਟ ਕੁੱਟ ਕੇ ਭਰੀ ਹੋਈ ਸੀ। ਉਨ੍ਹਾਂ ਦੀ ਨਿਗਾਹ ਵਿਚ ਕੋਈ ਵੱਡੇ ਛੋਟੇ ਵਿਅਕਤੀ ਦਾ ਫਰਕ ਨਹੀਂ ਸੀ। ਮੇਰਾ ਵੀ ਸ਼ੰਗਾਰਾ ਸਿੰਘ ਭੁਲਰ ਨਾਲ ਪਿਛਲੇ 40 ਸਾਲਾਂ ਤੋਂ ਵਾਹ ਵਾਸਤਾ ਸੀ। ਉਨ੍ਹਾਂ ਦੀ ਖ਼ੂਬੀ ਸੀ ਕਿ ਜਿਹੜਾ ਵੀ ਵਿਅਕਤੀ ਉਨ੍ਹਾਂ ਨੂੰ ਇਕ ਵਾਰ ਮਿਲ ਗਿਆ ਉਸਨੂੰ ਹਮੇਸ਼ਾ ਲਈ ਆਪਣੀ ਬੁਕਲ ਵਿਚ ਲੈ ਕੇ ਆਪਣਾ ਬਣਾ ਲੈਂਦੇ ਸਨ। ਮੈਂ ਲੋਕ ਸੰਪਰਕ ਵਿਭਾਗ ਵਿਚੋਂ ਜਦੋਂ 2007 ਵਿਚ ਸੇਵਾ ਮੁਕਤ ਹੋਇਆ ਤਾਂ ਉਹ ਉਸ ਸਮੇਂ ਲੁਧਿਆਣਾ ਤੋਂ ਪ੍ਰਕਾਸ਼ਤ ਹੋਣ ਵਾਲੇ ਦੇਸ ਵਿਦੇਸ ਟਾਈਮਜ ਅਖ਼ਬਾਰ ਦੇ ਸੰਪਾਦਕ ਸਨ। ਉਨ੍ਹਾਂ ਮੈਨੂੰ ਵਿਸ਼ੇਸ ਤੌਰ ਤੇ ਫੋਨ ਕਰਕੇ ਅਖ਼ਬਾਰ ਲਈ ਲੇਖ ਲਿਖਣ ਲਈ ਕਿਹਾ। ਮੈਂ ਕਿਹਾ ਕਿ ਮੈਂ ਤਾਂ ਨੌਕਰੀ ਸਮੇਂ ਸਰਕਾਰੀ ਪ੍ਰਕਾਸ਼ਤ ਹੋਣ ਵਾਲੀ ਸਮਗਰੀ ਤਿਆਰ ਕਰਦਾ ਰਿਹਾ ਹਾਂ ਮੇਰੀ ਤਾਂ ਲੇਖਣੀ ਵਿਚ ਸਰਕਾਰੀਪੁਣਾ ਹੋਵੇਗਾ ਪ੍ਰੰਤੂ ਉਨ੍ਹਾਂ ਕਿਹਾ ਕਿ ਤੁਹਾਡਾ ਤਜ਼ਰਬਾ ਕੰਮ ਆਵੇਗਾ, ਤੁਸੀਂ ਜ਼ਰੂਰ ਲੇਖ ਭੇਜਿਆ ਕਰੋ। ਮੈਨੂੰ ਸਥਾਪਤ ਕਰਨ ਵਿਚ ਵੀ ਭੁਲਰ ਸਾਹਿਬ ਦਾ ਵੱਡਾ ਯੋਗਦਾਨ ਹੈ , ਜਿਸ ਲਈ ਮੈਂ ਸਦਾ ਉਨਾਂ ਦਾ ਰਿਣੀ ਰਹਾਂਗਾ। ਉਨ੍ਹਾਂ ਦੇ ਸੁਭਾਅ ਦੀ ਇਕ ਹੋਰ ਵਿਲੱਖਣਤਾ ਸੀ ਕਿ ਉਨ੍ਹਾਂ ਨੂੰ ਗੁੱਸਾ ਕਦੀਂ ਆਉਂਦਾ ਹੀ ਨਹੀਂ ਸੀ। ਉਹ ਹਮੇਸ਼ਾ ਹਰ ਵਿਅਕਤੀ, ਪੱਤਰਕਾਰ ਲਈ ਉਸਾਰੂ ਯੋਗਦਾਨ ਪਾਉਣ ਵਿਚ ਵਿਸ਼ਵਾਸ ਰੱਖਦੇ ਸਨ। ਪੰਜਾਬੀ ਪੱਤਰਕਾਰ ਭਾਈਚਾਰਾ ਉਨ੍ਹਾਂ ਦੀ ਅਣਹੋਂਦ ਹਮੇਸ਼ਾ ਮਹਿਸੂਸ ਕਰਦਾ ਰਹੇਗਾ ਕਿਉਂਕਿ ਪੰਜਾਬੀ ਪੱਤਰਕਾਰੀ ਨੂੰ ਜਿਹੜਾ ਘਾਟਾ ਉਨ੍ਹਾਂ ਦੇ ਜਾਣ ਨਾਲ ਪਿਆ ਹੈ, ਉਹ ਕਦੀਂ ਵੀ ਪੂਰਾ ਨਹੀਂ ਹੋ ਸਕਣਾ। ਮੈਂ 22 ਨਵੰਬਰ ਨੂੰ ਅਮਰੀਕਾ ਆਉਣਾ ਸੀ ਇਸ ਲਈ ਮੈਂ ਉਨ੍ਹਾਂ ਨੂੰ ਮਿਲਣ ਲਈ 18 ਨਵੰਬਰ ਨੂੰ ਮੋਹਾਲੀ ਉਨ੍ਹਾਂ ਦੇ ਘਰ ਗਿਆ ਸੀ। ਭਾਵੇਂ ਉਨ੍ਹਾਂ ਨੂੰ ਨਾਮੁਰਾਦ ਬਿਮਾਰੀ ਨੇ ਘੇਰਿਆ ਹੋਇਆ ਸੀ ਪ੍ਰੰਤੂ ਉਹ ਚੜ੍ਹਦੀ ਕਲਾ ਵਿਚ ਸਨ। ਮੇਰੇ ਨਾਲ ਉਨ੍ਹਾਂ ਪੱਤਰਕਾਰੀ ਅਤੇ ਹੋਰ ਮਹਿੰਗਾਈ ਵਰਗੇ ਕਈ ਅਹਿਮ ਮੁਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਜਿਸ ਤੋਂ ਪਤਾ ਲੱਗਦਾ ਹੈ ਕਿ ਬਿਮਾਰੀ ਦੀ ਹਾਲਤ ਵਿਚ ਵੀ ਸਮਾਜਿਕ ਮੁੱਦਿਆਂ ਬਾਰੇ ਕਿਤਨੇ ਸੰਜੀਦਾ ਸਨ।
ਮੋਹ ਦੀਆਂ ਤੰਦਾਂ ਜੋੜਨ ਵਾਲਾ ਨਿੱਘਾ ਸ਼ਰੋਮਣੀ ਪੱਤਰਕਾਰ ਸ਼ੰਗਾਰਾ ਸਿੰਘ ਭੁਲਰ ਤੁਰ ਗਿਆ
Related Post