ਚੰਡੀਗੜ੍ਹ/ਲੁਧਿਆਣਾ, 16 ਜਨਵਰੀ | ਅੱਜ ਪੰਜਾਬ ਭਰ ਵਿਚ ਵਕੀਲ ਹੜਤਾਲ ’ਤੇ ਹਨ। ਫਤਿਹਗੜ੍ਹ ਸਾਹਿਬ ਵਿਚ ਨਗਰ ਕੌਂਸਲ ਚੋਣਾਂ ਦੌਰਾਨ ਇੱਕ ਵਕੀਲ ’ਤੇ ਜਾਨਲੇਵਾ ਹਮਲੇ ਦੇ ਮਾਮਲੇ ਵਿਚ ਪੁਲਿਸ ਵੱਲੋਂ ਸਖ਼ਤ ਕਾਰਵਾਈ ਨਾ ਕੀਤੇ ਜਾਣ ਕਾਰਨ ਵਕੀਲਾਂ ਵਿਚ ਰੋਸ ਹੈ। ਖੰਨਾ ‘ਚ ਪਿਛਲੇ 25 ਦਿਨਾਂ ਤੋਂ ਵਕੀਲ ਹੜਤਾਲ ‘ਤੇ ਹਨ ਅਤੇ ਹੁਣ ਅੱਜ 16 ਜਨਵਰੀ ਨੂੰ ਪੂਰੇ ਪੰਜਾਬ ‘ਚ ਵਕੀਲ ਕੰਮ ਤੋਂ ਦੂਰ ਰਹਿਣਗੇ।

ਇਹ ਘਟਨਾ ਫਤਿਹਗੜ੍ਹ ਸਾਹਿਬ ਦੀ ਹੈ, ਜਿੱਥੇ ਨਗਰ ਕੌਂਸਲ ਚੋਣਾਂ ਦੌਰਾਨ ਵਕੀਲ ਹਸਨ ਸਿੰਘ ‘ਤੇ ਸਥਾਨਕ ਵਿਧਾਇਕ ਗੈਰੀ ਵੜਿੰਗ ਦੇ ਭਰਾ ਅਤੇ ਉਸ ਦੇ ਸਾਥੀਆਂ ਨੇ ਹਮਲਾ ਕਰ ਦਿੱਤਾ ਸੀ। ਹਮਲਾਵਰਾਂ ਨੇ ਰਿਵਾਲਵਰ ਦੇ ਬੱਟ ਨਾਲ ਉਸ ਦੇ ਸਿਰ ‘ਤੇ ਵਾਰ ਕੀਤੇ ਅਤੇ ਤੇਜ਼ਧਾਰ ਹਥਿਆਰਾਂ ਨਾਲ ਵੀ ਹਮਲਾ ਕਰ ਦਿੱਤਾ। ਗੰਭੀਰ ਰੂਪ ‘ਚ ਜ਼ਖਮੀ ਵਕੀਲ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ

ਖੰਨਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਤੇਜਪ੍ਰੀਤ ਸਿੰਘ ਅਟਵਾਲ ਅਨੁਸਾਰ ਪੁਲਿਸ ਸ਼ਹੀਦੀ ਸਭਾ ਵਿਚ ਰੁੱਝੇ ਹੋਣ ਦਾ ਬਹਾਨਾ ਬਣਾ ਕੇ ਕਾਰਵਾਈ ਤੋਂ ਟਾਲਾ ਵੱਟ ਰਹੀ ਹੈ। ਵਕੀਲਾਂ ਨੇ ਡੀਜੀਪੀ ਪੰਜਾਬ ਨੂੰ ਪੱਤਰ ਲਿਖਿਆ ਅਤੇ ਐਸਐਸਪੀ ਨੂੰ ਵੀ ਮਿਲੇ, ਜਿਨ੍ਹਾਂ ਨੇ ਕਾਰਵਾਈ ਦਾ ਭਰੋਸਾ ਦਿੱਤਾ, ਪਰ ਸਿਆਸੀ ਦਬਾਅ ਕਾਰਨ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਹੜਤਾਲ ਕਾਰਨ ਇਕੱਲੇ ਖੰਨਾ ਵਿਚ ਹੀ ਰੋਜ਼ਾਨਾ 500 ਤੋਂ ਵੱਧ ਕੇਸਾਂ ਦੀ ਸੁਣਵਾਈ ਪ੍ਰਭਾਵਿਤ ਹੋ ਰਹੀ ਹੈ।

9 ਜਨਵਰੀ ਨੂੰ ਵੀ ਵਕੀਲਾਂ ਨੇ ਸੂਬਾ ਵਿਆਪੀ ਹੜਤਾਲ ਕੀਤੀ ਸੀ ਅਤੇ ਫਤਿਹਗੜ੍ਹ ਸਾਹਿਬ ਦੇ ਐੱਸਐੱਸਪੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਸੀ। ਹੁਣ ਅੱਜ 16 ਜਨਵਰੀ ਨੂੰ ਪੰਜਾਬ ਭਰ ਦੇ ਵਕੀਲ ਇੱਕ ਵਾਰ ਫਿਰ ਇਨਸਾਫ਼ ਦੀ ਮੰਗ ਨੂੰ ਲੈ ਕੇ ਹੜਤਾਲ ‘ਤੇ ਜਾਣਗੇ। ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ ਅਤੇ ਵਕੀਲ ਭਾਈਚਾਰਾ ਸੜਕਾਂ ‘ਤੇ ਉਤਰਨ ਲਈ ਮਜਬੂਰ ਹੋਵੇਗਾ।