‘ਅਪਸਰਾ’ ਪ੍ਰੀਤ ਕੈਂਥ ਦੀ ਪਹਿਲੀ ਵਾਰਤਕ ਦੀ ਕਿਤਾਬ ਹੈ। ਇਹ ਉਹ ਹਜ਼ਾਰਾਂ ਕੁੜੀਆਂ ਦੀ ਕਹਾਣੀ ਦੱਸਦੀ ਹੈ ਜੋ ਤਸੀਹੇ ਆਪਣੇ ਪਿੰਡੇ ‘ਤੇ ਝੱਲਦੀਆਂ ਹਨ। ਇਸ ਕਿਤਾਬ ਦੇ ਜ਼ਰੀਏ ਪ੍ਰੀਤ ਕੈਂਥ ਨੇ ਅਪਸਰਾਂ ਦੇ ਦਰਦ ਨੂੰ ਆਪਣਾ ਦਰਦ ਸਮਝਿਆ ਤੇ ਉਸ ਨੂੰ ਆਪਣੀਆਂ ਹਥੇਲੀਆਂ ਦੀ ਛਾਂ ਕੀਤੀ ਹੈ। ਕਿਤਾਬ ਵਿਚਲੀ ਜੋ ਮੇਨ ਪਾਤਰ ਦਾ ਦਰਦ ਹੈ ਉਹ ਸਾਡੇ ਸਮਾਜ ਦੇ ਇਰਦ-ਗਿਰਦ ਹੀ ਕਿਤੇ ਵਾਪਰ ਰਿਹਾ ਹੈ। ਜਿਸ ਦਰਦ ਨੂੰ ਪ੍ਰੀਤ ਕੈਂਥ ਦੀ ਅੱਖ ਫੜਦੀ ਹੈ। ਕੈਂਥ ਦੀ ਖ਼ੂਬਸੂਰਤੀ ਇਹ ਹੈ ਕਿ ਉਹ ਕਲਪਨਾ ਵੀ ਉਸ ਤਰੀਕੇ ਦੀ ਕਰਦਾ ਹੈ। ਜੋ ਅਹਿਸਾਸ ਦਾ ਢਿੱਡ ਚੀਰਨ ਵਾਲੀ ਧਿਰ ਦੇ ਖ਼ਿਲਾਫ਼ ਆਵਾਜ਼ ਉਠਾਉਦੀ ਹੈ। ਔਰਤ ਦਾ ਚਿਹਰਾ ਸਾਡੇ ਇਤਿਹਾਸ-ਮਿਥਿਹਾਸ ਵਿਚ ਧੁੰਦਲਾ ਹੀ ਰਿਹਾ ਹੈ ਜਾਂ ਜਾਣਬੁੱਝ ਕੇ ਕਰ ਦਿੱਤਾ ਜਾਂਦਾ ਹੈ। ਪ੍ਰੀਤ ਨੇ ਇਸ ਧੁੰਦਲੇ ਚਿਹਰਿਆਂ ਪਿੱਛੇ ਜੋ ਦਰਦ ਪਨਪ ਰਿਹਾ ਹੈ ਜਾਂ ਔਰਤ ਦੀਆਂ ਜੋ ਆਪਣੀ ਇੱਛਾਵਾਂ ਨੇ ਉਸ ਨੂੰ ਕਿਸ ਹੱਦ ਤਕ ਅੱਖੋ-ਪਰੋਖੇ ਕੀਤਾ ਜਾਂਦਾ ਹੈ ਉਸ ਸਾਰੇ ਵਰਤਾਰੇ ਨੂੰ ਬਾਖੂਬੀ ਬਿਆਨ ਕੀਤਾ ਹੈ। ਕੈਂਥ ਨੇ ਇਸ ਕਿਤਾਬ ਦੀ ਵਿਧਾ ਬਾਰੇ ਨਹੀਂ ਦੱਸਿਆ ਬਲਕਿ ਕਿਤਾਬ ਆਪ ਬੋਲਦੀ ਹੈ ਕਿ ਮੈਂ ਕੋਈ ਵੀ ਵਿਧਾ ‘ਚ ਹੋਵਾ ਪਰ ਹਾਂ ਇਕ ਸਦੀਆਂ ਤੋਂ ਹੁੰਦੇ ਆ ਰਹੇ ਔਰਤ ਦੇ ਅੱਤਿਆਚਾਰ ਦਾ ਹੀ ਰੂਪ। ਇਸ ਕਿਤਾਬ ਵਿਚ ਆਈ ਹਰੇਕ ਔਰਤ ਨਾ-ਪੱਖੀ ਸੋਚ ਨਹੀਂ ਰੱਖਦੀ ਬਲਕਿ ਜ਼ਿੰਦਗੀ ਨਾਲ ਲੜ ਕੇ ਜਿਊਣ ਵਿਚ ਵਿਸ਼ਵਾਸ ਰੱਖਦੀ ਹੈ। ਇਹ ਕਿਤਾਬ ਬਹੁ-ਗਿਣਤੀ ਵਿਚ ਪੜ੍ਹੀ ਵੀ ਇਸ ਕਰ ਕੇ ਗਈ ਹੈ ਕਿਉਕਿ ਇਹ ਸਮਾਜ ਦਾ ਉਹ ਸੱਚ ਚਿਤਰਦੀ ਹੈ ਜਿਸ ਨੂੰ ਜਗੀਰਦਾਰੀ ਸੋਚ ਆਪਣੇ ਪਾਵੇ ਨਾਲ ਬੰਨ੍ਹ ਕੇ ਰੱਖਣ ਵਿਚ ਹੀ ਆਨੰਦ ਮਹਿਸੂਸ ਕਰਦੀ ਰਹੀ। ਔਰਤ ਨੂੰ ਭੋਗ ਦਾ ਸਾਧਨ ਜਾਂ ਕਾਮਨਾ ਫੈਲਾਉਣ ਵਾਲੀ ਬਣਾ ਦੇਣਾ। ਇਸ ਸਾਰੇ ਪਿੱਛੇ ਕੀ-ਕੀ ਕਾਰਨ ਹਨ, ਉਹ ਸਾਰੇ ਇਕ-ਇਕ ਕਰ ਕੇ ਇਸ ਕਿਤਾਬ ਵਿਚ ਆਏ। ਇਸ ਨੂੰ ਸਮਝਣ ਲਈ ਇਕ ਪਾਤਰ ਦੇ ਬੋਲ ਸੁਣੋ। ‘ ਥੋੜਾ ਸਮਾਂ ਹੱਸਣ ਦਾ ਤੇ ਬਹੁਤਾ ਸਮਾਂ ਰੋਣ ਦਾ। ਕਿਸਮਤ ਵਿਚ ਦੁੱਖਾਂ ਨੂੰ ਮੈਂ ਸੀਨੇ ‘ਤੇ ਲਿਖਾ ਕੇ ਲਿਆਈ ਸੀ, ਇਹ ਥੋੜੇ-ਥੋੜੇ ਸਮੇਂ ਬਾਅਦ ਦਸਤਕ ਦਿੰਦੇ। ਮੁਸ਼ਕਲਾਂ ਨੂੰ ਆਪਣੇ ਪਿੰਡੇ ‘ਤੇ ਹੰਢਾਇਆ ਪਰ ਕਦੇ ਅਸਲੀਅਤ ਤੋਂ ਨਹੀਂ ਭੱਜੀ। ਸਾਹਮਣੇ ਕੀਤਾ ਜਿੱਦਾ ਵੀ ਕੀਤਾ ਡਟ ਕੇ ਨਹੀਂ ਬੇਸ਼ੱਕ ਚੁੱਪ ਕਰ ਕੇ ਹੀ ਸਹੀ। ਉਡੀਕ ਰਹੀ ਸੀ ਕਦੋਂ ਮੇਰੇ ਵਿਹੜੇ ਖੁਸ਼ੀਆਂ ਪੈਰ ਪਾਉਣਗੀਆਂ’। ਇਹ ਪਾਤਰ ਆਪਣੀ ਖ਼ੁਸ਼ੀਆਂ ਦੀ ਤਲਾਸ਼ ਵਿਚ ਕਿਸ ਦੇ ਭਰੋਸੇ ਬੈਠੀ ਹੈ ਉਸ ਦੀਆਂ ਭਾਵਨਾਵਾਂ ਸਾਫ਼ ਦੱਸ ਰਹੀਆਂ ਨੇ। ਪ੍ਰੀਤ ਕੈਂਥ ਦੀ ਕਿਤਾਬ ਸਮਾਜ ਦੀਆਂ ਉਹਲੇ ਕੀਤੀਆਂ ਤਸਵੀਰਾਂ ਦਿਖਾਉਦੀ ਹੈ। ਇਹ ਕਿਤਾਬ ਪੜ੍ਹਨਯੋਗ ਹੈ।
ਲੇਖਕ-ਪ੍ਰੀਤ ਕੈਂਥ
ਪ੍ਰਕਾਸ਼ਕ- ਕੈਲੀਬਰ ਪਬਲੀਕੇਸ਼ਨ(ਪਟਿਆਲਾ)
ਪੰਨੇ-107
ਮੁੱਲ-200