ਨਵੀਂ ਦਿੱਲੀ | ਅੱਖਾਂ ‘ਚ ਹੰਝੂ, ਹੱਥਾਂ ‘ਚ ਤਿਰੰਗਾ, ਦਿਲ ‘ਚ ਮਾਣ ਤੇ ਦੁੱਖ… ਤਾਮਿਲਨਾਡੂ ਵਿੱਚ ਸੀਡੀਐੱਸ ਜਨਰਲ ਬਿਪਿਨ ਰਾਵਤ ਨਾਲ ਹੈਲੀਕਾਪਟਰ ਹਾਦਸੇ ਵਿੱਚ ਦੁਨੀਆ ਨੂੰ ਅਲਵਿਦਾ ਕਹਿਣ ਵਾਲੇ ਬ੍ਰਿਗੇਡੀਅਰ ਐੱਲ.ਕੇ. ਐੱਸ. ਲਿੱਡਰ ਨੂੰ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਦੀ ਪਤਨੀ ਤੇ ਧੀ ਦਾ ਵੀ ਇਹੀ ਹਾਲ ਸੀ।
ਬ੍ਰਿਗੇਡੀਅਰ ਲਿੱਡਰ ਦੀ ਪਤਨੀ ਤੇ ਬੇਟੀ ਨੇ ਬਰਾਰ ਸਕੁਏਅਰ, ਦਿੱਲੀ ਛਾਉਣੀ ਵਿਖੇ ਉਨ੍ਹਾਂ ਨੂੰ ਭਾਵਪੂਰਨ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਕਈ ਮਸ਼ਹੂਰ ਹਸਤੀਆਂ ਪਹੁੰਚੀਆਂ ਸਨ ਪਰ ਸਭ ਦੀਆਂ ਨਜ਼ਰਾਂ ਉਨ੍ਹਾਂ ਦੀ ਪਤਨੀ ਤੇ ਬੇਟੀ ‘ਤੇ ਸਨ, ਜਿਨ੍ਹਾਂ ਦੇ ਹੰਝੂ ਡਿੱਗਦੇ ਰਹੇ ਤੇ ਉਹ ਸ਼ਰਧਾਂਜਲੀ ਦਿੰਦੇ ਰਹੇ। ਪਤਨੀ ਨੇ ਤਾਬੂਤ ਨੂੰ ਚੁੰਮਿਆ, ਫੁੱਲ ਚੜ੍ਹਾਏ ਤੇ ਲੰਬੇ ਸਮੇਂ ਤੱਕ ਉਸ ਨਾਲ ਲਿਪਟੀ ਰਹੀ।
ਫਿਰ ਜਦੋਂ ਲਿੱਡਰ ਦੀ ਦੇਹ ‘ਤੇ ਰੱਖਿਆ ਤਿਰੰਗਾ ਅੰਤਿਮ ਸੰਸਕਾਰ ਲਈ ਲਿਜਾਏ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਸੌਂਪਿਆ ਗਿਆ ਤਾਂ ਉਹ ਸਿਰ ਝੁਕਾ ਕੇ ਕਾਫੀ ਦੇਰ ਤੱਕ ਰੋਂਦੇ ਰਹੀ। ਪਤੀ ਨੂੰ ਗੁਆਉਣ ਦਾ ਦੁੱਖ ਤੇ ਦੇਸ਼ ਦੀ ਸੇਵਾ ਕਰਨ ਦਾ ਮਾਣ ਉਸ ਦੇ ਚਿਹਰੇ ‘ਤੇ ਦੇਖਿਆ ਜਾ ਰਿਹਾ ਸੀ।
13 ਸਾਲ ਦੀ ਬੇਟੀ ਅਹਾਨਾ ਤੇ ਪਤਨੀ ਨੂੰ ਛੱਡਣ ਵਾਲੇ ਲਿੱਡਰ ਨੂੰ ਹਾਲ ਹੀ ‘ਚ ਮੇਜਰ ਜਨਰਲ ਦੇ ਅਹੁਦੇ ‘ਤੇ ਤਰੱਕੀ ਮਿਲਣ ਵਾਲੀ ਸੀ ਪਰ ਇਸ ਤੋਂ ਪਹਿਲਾਂ ਹੀ ਦੇਸ਼ ਤੇ ਉਨ੍ਹਾਂ ਦੇ ਪਰਿਵਾਰ ਨੂੰ ਇਹ ਦੁਖਦਾਈ ਖਬਰ ਸੁਣਨ ਨੂੰ ਮਿਲੀ। ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਇਸ ਦੌਰਾਨ ਬ੍ਰਿਗੇਡੀਅਰ ਦੇ ਪਰਿਵਾਰ ਨੂੰ ਦਿਲਾਸਾ ਦਿੰਦੇ ਨਜ਼ਰ ਆਏ।
ਬ੍ਰਿਗੇਡੀਅਰ ਤੋਂ ਇਲਾਵਾ ਸੀਡੀਐੱਸ ਜਨਰਲ ਬਿਪਿਨ ਰਾਵਤ ਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਦਾ ਵੀ ਅੱਜ ਅੰਤਿਮ ਸੰਸਕਾਰ ਕੀਤਾ ਜਾਣਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀਆਂ ਦੇਹਾਂ ਨੂੰ ਘਰ ਲਿਜਾਇਆ ਗਿਆ, ਜਿੱਥੇ ਆਮ ਲੋਕ, ਫੌਜੀ ਤੇ ਹੋਰ ਸ਼ਖਸੀਅਤਾਂ ਉਨ੍ਹਾਂ ਨੂੰ ਸ਼ਰਧਾਂਜਲੀ ਦੇਣਗੀਆਂ।
ਇਸ ਤੋਂ ਇਲਾਵਾ ਕਈ ਹੋਰ ਸੈਨਿਕਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਘਰਾਂ ਵਿੱਚ ਕੀਤਾ ਜਾਣਾ ਹੈ। ਇਸ ਦਾ ਕਾਰਨ ਇਹ ਹੈ ਕਿ ਸੈਨਿਕਾਂ ਦੇ ਪਰਿਵਾਰਾਂ ਨੇ ਆਪਣੇ ਪੁੱਤਰਾਂ ਨੂੰ ਉਨ੍ਹਾਂ ਦੇ ਜੱਦੀ ਸਥਾਨ ‘ਤੇ ਵਿਦਾਇਗੀ ਦੇਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਸਾਰਿਆਂ ਦੀਆਂ ਲਾਸ਼ਾਂ ਨੂੰ ਹੈਲੀਕਾਪਟਰ ਰਾਹੀਂ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਇਆ ਜਾਵੇਗਾ।
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ