ਚੰਡੀਗੜ੍ਹ, 4 ਅਕਤੂਬਰ | ਕੈਨੇਡਾ ਵਿਚ ਵਧ ਰਹੀ ਬੇਰੁਜ਼ਗਾਰੀ ਤੇ ਰਿਹਾਇਸ਼ੀ ਸੰਕਟ ਦਰਮਿਆਨ ਇੱਕ ਵੀਡੀਓ ਨੇ ਬਹਿਸ ਛੇੜ ਦਿੱਤੀ ਹੈ। ਬਰੈਂਪਟਨ ਵਿਚ ਵੇਟਰ ਦੀਆਂ ਨੌਕਰੀਆਂ ਲਈ ਹਜ਼ਾਰਾਂ ਵਿਦਿਆਰਥੀਆਂ ਦੇ ਇੰਟਰਵਿਊ ਲਈ ਹਾਜ਼ਰ ਹੋਣ ਤੋਂ ਬਾਅਦ ਕੈਨੇਡਾ ਦੇ ਮੌਜੂਦਾ ਹਾਲਾਤਾਂ ‘ਤੇ ਸਵਾਲ ਉਠਾਏ ਜਾ ਰਹੇ ਹਨ। ਵੀਡੀਓ ਵਿਚ 3,000 ਤੋਂ ਵੱਧ ਵਿਦਿਆਰਥੀ ਦਿਖਾਈ ਦਿੰਦੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਭਾਰਤੀ ਹਨ, ਕੁਝ ਵੇਟਰ ਦੀਆਂ ਨੌਕਰੀਆਂ ਲਈ ਇੰਟਰਵਿਊ ਲਈ ਲਾਈਨ ਵਿਚ ਖੜ੍ਹੇ ਹਨ।
ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ
ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਰਮਨਦੀਪ ਸਿੰਘ ਮਾਨ ਨੇ ਲਿਖਿਆ, “ਬਰੈਂਪਟਨ ਦੇ ਇੱਕ ਰੈਸਟੋਰੈਂਟ ਨੇ ਕੁਝ ਵੇਟਰ ਦੀਆਂ ਨੌਕਰੀਆਂ ਲਈ ਇਸ਼ਤਿਹਾਰ ਦਿੱਤਾ ਸੀ, ਜਿਸ ਤੋਂ ਬਾਅਦ 3000 ਤੋਂ ਵੱਧ ਵਿਦਿਆਰਥੀ ਇੰਟਰਵਿਊ ਲਈ ਆਏ ਸਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਵਿਦਿਆਰਥੀ ਭਾਰਤੀ ਹਨ।” ਇਸ ਘਟਨਾ ਨੇ ਕੈਨੇਡਾ ਵਿਚ ਰੁਜ਼ਗਾਰ ਅਤੇ ਰਹਿਣ-ਸਹਿਣ ਦੀਆਂ ਸਥਿਤੀਆਂ ਨੂੰ ਲੈ ਕੇ ਗੰਭੀਰ ਚਿੰਤਾਵਾਂ ਵਧਾ ਦਿੱਤੀਆਂ ਹਨ।
ਕੈਨੇਡਾ ਵਿਚ ਰਹਿਣ ਦੀਆਂ ਵਧਦੀਆਂ ਮੁਸ਼ਕਲਾਂ
ਰਮਨਦੀਪ ਨੇ ਅੱਗੇ ਦੱਸਿਆ ਕਿ ਕੈਨੇਡਾ ਵਿਚ ਰੁਜ਼ਗਾਰ ਦੀ ਮਾੜੀ ਸਥਿਤੀ ਅਤੇ ਮਕਾਨਾਂ ਦੀ ਘਾਟ ਕਾਰਨ ਰਹਿਣ-ਸਹਿਣ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਹੋ ਰਿਹਾ ਹੈ। ਇਸ ਨਾਲ ਕੈਨੇਡਾ ਵਿਚ ਵਸੇ ਭਾਰਤੀ ਵਿਦਿਆਰਥੀਆਂ ਅਤੇ ਹੋਰ ਵਿਦੇਸ਼ੀਆਂ ਦਾ ਜੀਵਨ ਹੋਰ ਵੀ ਔਖਾ ਹੋ ਗਿਆ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਜਿਹੜੇ ਵਿਦਿਆਰਥੀ ਕੈਨੇਡਾ ਵਿਚ ਪੜ੍ਹਾਈ ਕਰਨ ਅਤੇ ਬਿਹਤਰ ਜ਼ਿੰਦਗੀ ਜਿਉਣ ਦੀ ਆਸ ਰੱਖਦੇ ਹਨ, ਉਨ੍ਹਾਂ ਨੂੰ ਹਾਲਾਤਾਂ ਨੂੰ ਦੇਖਦਿਆਂ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।
ਅਜਿਹੀ ਸਥਿਤੀ ਜੂਨ ਵਿਚ ਵੀ ਸਾਹਮਣੇ ਆਈ ਸੀ
ਇਹ ਪਹਿਲੀ ਵਾਰ ਨਹੀਂ ਹੈ ਕਿ ਕੈਨੇਡਾ ‘ਚ ਨੌਕਰੀਆਂ ਲਈ ਭਾਰਤੀ ਵਿਦਿਆਰਥੀਆਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ ਹਨ। ਇਸ ਸਾਲ ਜੂਨ ‘ਚ ਟੋਰਾਂਟੋ ‘ਚ ਫਾਸਟ ਫੂਡ ਚੇਨ ‘ਟਿਮ ਹਾਰਟਨਸ’ ਦੇ ਬਾਹਰ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ। ਉੱਥੇ ਬਹੁਤੇ ਵਿਦਿਆਰਥੀ ਵੀ ਭਾਰਤੀ ਸਨ, ਜੋ ਛੋਟੀ ਜਿਹੀ ਨੌਕਰੀ ਲਈ ਸੰਘਰਸ਼ ਕਰ ਰਹੇ ਸਨ।
ਕੈਨੇਡਾ ਪਿਛਲੇ ਕੁਝ ਸਾਲਾਂ ਵਿਚ ਭਾਰਤੀ ਵਿਦਿਆਰਥੀਆਂ ਲਈ ਇੱਕ ਪਸੰਦੀਦਾ ਸਥਾਨ ਰਿਹਾ ਹੈ, ਜਿੱਥੇ ਵਿਦਿਆਰਥੀ ਵੀਜ਼ਾ ਤੋਂ ਲੈ ਕੇ ਵਰਕ ਪਰਮਿਟ ਅਤੇ ਸਥਾਈ ਨਿਵਾਸ ਤੱਕ ਸਭ ਕੁਝ ਪ੍ਰਾਪਤ ਕਰਨਾ ਆਸਾਨ ਸੀ ਪਰ ਅੱਜਕੱਲ੍ਹ ਮਹਿੰਗਾਈ, ਨੌਕਰੀਆਂ ਦੀ ਘਾਟ ਅਤੇ ਵੱਧ ਰਹੇ ਅਪਰਾਧਾਂ ਕਾਰਨ ਕੈਨੇਡਾ ਦਾ ਇਹ ਸੁਪਨਾ ਸਾਕਾਰ ਕਰਨਾ ਔਖਾ ਹੁੰਦਾ ਜਾ ਰਿਹਾ ਹੈ।