ਸ਼ਾਹਕੋਟ | ਆਰਥਿਕ ਤੌਰ ‘ਤੇ ਤੰਗ ਨੌਜਵਾਨ ਨੇ ਮੰਗਲਵਾਰ ਰਾਤ ਪਿੰਡ ਧਰਮੀਵਾਲ ‘ਚ ਖੇਤ ਦੇ ਦਰਖੱਤ ਨਾਲ ਫੰਦਾ ਲਗਾਕੇ ਖੁਦਕੁਸ਼ੀ ਕਰ ਲਈ।

ਮ੍ਰਿਤਕ ਦੀ ਪਹਿਚਾਣ 29 ਸਾਲਾਂ ਗੁਰਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਧਰਮੀਵਾਲ ਦੇ ਰੂਪ ਤੋਂ ਹੋਈ ਹੈ।

ਮ੍ਰਿਤਕ ਮਿਹਨਤ ਮਜ਼ਦੂਰੀ ਕਰਦਾ ਸੀ ਅਤੇ ਕਰੀਬ ਡੇਢ ਸਾਲ ਪਹਿਲਾ ਹੀ ਉਸਦਾ ਵਿਆਹ ਹੋਇਆ ਸੀ। ਉਸਦੀ ਆਰਥਿਕ ਹਾਲਤ ਖਰਾਬ ਸੀ ਅਤੇ ਕੁਝ ਦਿਨਾਂ ਤੋਂ ਕੰਮ ਦੀ ਤਲਾਸ਼ ‘ਚ ਭਟਕ ਰਿਹਾ ਸੀ। ਪਰ ਉਸ ਨੂੰ ਕਿਤੇ ਵੀ ਕੰਮ ਨਾ ਮਿਲਿਆ। ਮਾਨਸਿਕ ਤੌਰ ‘ਤੇ ਕਾਫੀ ਪਰੇਸ਼ਾਨ ਸੀ।

ਮ੍ਰਿਤਕ ਦੀ ਪਤਨੀ ਰਿੰਪੀ ਦੇ ਮੁਤਾਬਿਕ ਮੰਗਲਵਾਰ ਸ਼ਾਮ ਤੋਂ ਹੀ ਉਹ ਘਰ ਵਾਪਸ ਨਹੀਂ ਆਇਆ। ਜਦੋਂ ਉਹ ਸਾਰੀ ਰਾਤ ਨਹੀਂ ਆਇਆ ਤਾਂ ਪਰਿਵਾਰ ਨੇ ਉਸਨੂੰ ਲੱਭਣਾ ਸ਼ੁਰੂ ਕੀਤਾ।

ਘਰ ਤੋਂ ਕੁਝ ਦੂਰੀ ਤੇ ਇੱਕ ਖੇਤ ‘ਚ ਉਸਦੀ ਲਾਸ਼ ਦਰੱਖਤ ਨਾਲ ਲਟਕਦੀ ਮਿਲੀ। ਜਿਸ ਬਾਰੇ ਮਾਡਲ ਥਾਣਾ ਸ਼ਾਹਕੋਟ ਪੁਲਿਸ ਨੂੰ ਸੂਚਿਤ ਕੀਤਾ ਗਿਆ।

ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਭੇਜ ਦਿੱਤੀ।

ਪੁਲਿਸ ਮੁਤਾਬਿਕ ਮ੍ਰਿਤਕ ਦੀ ਪਤਨੀ ਦੇ ਬਿਆਨ ਦੇ ਅਧਾਰ ਤੇ 174 ਦੀ ਕਾਰਵਾਈ ਕੀਤੀ ਗਈ ਹੈ।

ਫਿਲਹਾਲ ਕੋਈ ਸੁਸਾਇਡ ਨੋਟ ਨਹੀਂ ਮਿਲਿਆ। ਪੋਸਟਮਾਰਟਮ ਤੋਂ ਬਾਅਦ ਹੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ।